ਕਾਹਨਾ, ਪੀਲੂ, ਛੱਜੂ, ਤੇ ਸ਼ਾਹ ਹੁਸੈਨ ਵਾਲੀ ਮਨਘੜਤ ਕਹਾਣੀ ਦਾ ਸੱਚ
- ਗੁਰਬਾਣੀ-ਇਤਿਹਾਸ
- 25 Apr,2025

ਇਕ ਨਹੀਂ, ਦੋ ਨਹੀਂ ਬਲਕਿ 90%, ਹੋ ਸਕਦਾ ਹੈ ਕਿ ਇਸ ਤੋਂ ਵੀ ਜ਼ਿਆਦਾ ਕਹਾਣੀਆਂ, ਜੋ ਸਿੱਖ ਧਰਮ ਨਾਲ ਜੋੜੀਆਂ ਗਈਆਂ ਹਨ, ਇਸ ਨੂੰ ਖਤਮ ਕਰਨ ਲਈ, ਝੂਠੀਆਂ ਅਤੇ ਮਨਘੜਤ ਹਨ। ਅੱਜ ਆਪਾਂ ਲਾਹੌਰੀਏ ਭਗਤਾਂ ਬਾਰੇ ਵਿਚਾਰ ਕਰਾਂਗੇ। ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ‘ਪੋਥੀ ਸਾਹਿਬ’ ਦੀ ਰਚਨਾ ਕਰਨ ਵੇਲੇ ਦੂਰ ਦੁਰਾਡੇ ਸੱਦੇ ਭੇਜੇ ਕਿ ਜਿਸ ਕਿਸੇ ਕੋਲ ਵੀ ਪਹਿਲੇ ਚਹੁੰ ਗੁਰੂ ਸਾਹਿਬਾਨ ਦਾ ਕੋਈ ਵੀ ਸਲੋਕ ਹੋਵੇ, ਲੈ ਕੇ ਆਵੇ। ਇੱਥੋਂ ਤਕ ਕਿ ਸਿਰੀ ਲੰਕਾ ਤੱਕ ਵੀ ਗੁਰਸਿੱਖਾਂ ਨੂੰ ਭੇਜਿਆ ਗਿਆ, ਬਾਣੀ ਲੈਣ ਵਾਸਤੇ। ਪਰ ਇਹ ਗੱਲ ਕੋਰੀ ਝੂਠੀ ਹੈ ਅਤੇ ਲਾਹੌਰੀਏ ਭਗਤਾਂ ਨੂੰ ਵੀ ਨਹੀਂ ਸੱਦਿਆ ਗਿਆ।
ਚੁੱਪ ਚਪੀਤੇ ਦਰਬਾਰ ਸਾਹਿਬ ਤੋਂ ਦੂਰ ਓਸ ਵੇਲੇ ਰਾਮਸਰ ਘਣੇ ਜੰਗਲ ਸਨ ਜਿੱਥੇ ਕਨਾਤਾਂ ਵਗੈਰਾ ਲਾ ਕੇ ਪੋਥੀ ਸਾਹਿਬ ਦੋ ਤਿੰਨ ਸਾਲ ਦੀ ਮਿਹਨਤ ਨਾਲ ਤਿਆਰ ਕਰਕੇ ਖਾਲਸਾ ਰਾਜ ਵਾਸਤੇ ਸਿੱਖ ਰਹਿਤ ਮਾਰਯਾਦਾ/ਸਿੱਖ ਕੌਮ ਦਾ ਸੰਵਿਧਾਨ ਤਿਆਰ ਕਰ ਲਿਆ ਗਿਆ। ਜੇਕਰ ਕਰ ਹੋਕਾ ਦੇ ਕੇ ਬਾਣੀ ਇਕੱਠੀ ਕੀਤੀ ਗਈ ਹੁੰਦੀ ਤਾਂ ਮੁਗਲੀਆ ਸਰਕਾਰ ਨੇ ਇਹ ਕੰਮ ਹੋਣ ਹੀ ਨਹੀਂ ਸੀ ਦੇਣਾ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਵੀ ਏਹੋ ਹੀ ਹੈ, ‘ਗੁਰੂ ਗ੍ਰੰਥ ਸਾਹਿਬ’ ਦਾ ਤਿਆਰ ਹੋਣਾ।
ਬਾਣੀ ਇਕੱਠੀ ਕਰਣ ਕਰਾਉਣ ਬਾਰੇ ਵਿਸਥਾਰ ਵਿੱਚ ਨਹੀਂ ਜਾਣਾ, ਇਹ ਸਾਬਤ ਕਰਨ ਲਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਭਗਤਾਂ ਦੀ ਬਾਣੀ ਸੀ ਤੇ ਗੁਰੂ ਨਾਨਕ ਪਿਤਾ ਜੀ ਨੇ ਬਾਬੇ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਆਪਣਾ ਕੀਮਤੀ ਖਜ਼ਾਨਾ ਸੌਂਪ ਦਿੱਤਾ ਤੇ ਏਹੋ ਵਿੱਧੀ ਅੱਗੇ ਤੋਂ ਅੱਗੇ ਪੰਜਵੇਂ ਗੁਰੂ ਤੱਕ ਚੱਲਦੀ ਰਹੀ। ਇਕ ਦੋ ਪ੍ਰਮਾਣ ਦੇ ਕੇ ਗੱਲ ਅੱਗੇ ਤੋਰਾਂਗਾ:
ਗੁਰੂ ਨਾਨਕ ਸਾਹਿਬ ਤੇ ਭਗਤ ਰਵੀਦਾਸ ਜੀ ਦੀ ਬਾਣੀ ਦੀ ਆਪਸੀ ਸਾਂਝ।
ਉਰਸਾ ਲਫਜ਼ ਸਾਰੇ ‘ਗੁਰੂ ਗ੍ਰੰਥ ਸਾਹਿਬ’ ਜੀ ਵਿਚ ਸਿਰਫ ਦੋ ਵਾਰ ਆਉਂਦਾ ਹੈ। ਇਕ ਵਾਰ ਭਗਤ ਰਵੀਦਾਸ ਜੀ ਆਪਣੀ ਬਾਣੀ ‘ਚ ਵਰਤਦੇ ਹਨ ਤੇ ਦੂਜੀ ਵਾਰ ਗੁਰੂ ਨਾਨਕ ਸਾਹਿਬ। ਇਹ ਐਵੇਂ ਨਹੀਂ ਹੋ ਗਿਆ। ਇਹ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਨਾਨਕ ਸਾਹਿਬ ਕੋਲ ਭਗਤ ਰਵੀਦਾਸ ਜੀ ਦੀ ਬਾਣੀ ਮੌਜੂਦ ਸੀ ਜਦੋਂ ਉਨ੍ਹਾਂ ਨੇ ਆਪਣਾ ਖਜ਼ਾਨਾ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੌਪਿਆ।
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ॥ 1॥
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ॥ 1॥ਰਹਾਉ ॥ ਪੰਨਾ 489. ਮ:1 ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥ ਪੰਨਾ 694, ਭਗਤ ਰਵੀਦਾਸ ਜੀ॥
ਭਗਤ ਕਬੀਰ ਜੀ, ਗੁਰੂ ਨਾਨਕ ਸਾਹਿਬ ਅਤੇ ਤੀਸਰੇ ਪਾਤਸ਼ਾਹ ਦੀ ਬਾਣੀ ਦੀ ਆਪਸੀ ਸਾਂਝ।
ਸੂਤਕੁ ਅਗਨਿ ਭਖੈ ਜਗੁ ਖਾਇ॥
ਸੂਤਕੁ ਜਲਿ ਥਲਿ ਸਭ ਹੀ ਥਾਇ॥
ਨਾਨਕ ਸੂਤਕਿ ਜਨਮਿ ਮਰੀਜੈ॥
ਗੁਰਪਰਸਾਦੀ ਹਰਿ ਰਸੁ ਪੀਜੈ॥ 8॥4॥ ਪੰਨਾ 413, ਮ:1 ॥
ਜੇਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸੂਤਕੁ ਕਿਉਕਰਿ ਰਖੀਐ ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥1॥ ਪੰਨਾ 472, ਮ:1 ॥
ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥
ਜਨਮੇ ਸੂਤਕੁ, ਮੂਏ ਫੁਨਿ ਸੂਤਕੁ, ਸੂਤਕ ਪਰਜ ਬਿਗੋਈ॥1॥
ਕਹੁ, ਰੇ ਪੰਡੀਆ, ਕਉਨ ਪਵੀਤਾ॥
ਐਸਾ ਗਿਆਨੁ ਜਪਹੁ, ਮੇਰੇ ਮੀਤਾ॥1॥ ਰਹਾਉ ॥
ਨੈਨਹੁ ਸੂਤਕੁ, ਬੈਨਹੁ ਸੂਤਕੁ, ਸੂਤਕੁ ਸ੍ਰਵਨੀ ਹੋਈ॥
ਊਠਤ ਬੈਠਤ ਸੂਤਕੁ ਲਾਗੈ, ਸੂਤਕੁ ਪਰੈ ਰਸੋਈ॥2॥
ਫਾਸਨ ਕੀ ਬਿਧਿ ਸਭੁ ਕੋਊ ਜਾਨੈ, ਛੂਟਨ ਕੀ ਇਕੁ ਕੋਈ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ, ਸੂਤਕੁ ਤਿਨੈ ਨ ਹੋਈ॥ ਪੰਨਾ 331, ਭਗਤ ਕਬੀਰ ਜੀ॥
ਉਪਰਲੇ ਸਲੋਕਾਂ ਵਿਚ ਗੁਰੂ ਨਾਨਕ ਸਾਹਿਬ ਲਿਖਦੇ ਹਨ; ਸੂਤਕੁ ਜਲਿ ਥਲਿ ਸਭ ਹੀ ਥਾਇ॥
ਤੀਸਰੇ ਪਾਤਸ਼ਾਹ ਵੀ ਇਹੀ ਲਿਖਦੇ ਹਨ; ਸੂਤਕੁ ਅਗਨਿ ਪਉਣੈ ਪਾਣੀ ਮਾਹਿ॥
ਤੇ ਕਬੀਰ ਸਾਹਿਬ ਦਾ ਖਿਆਲ ਵੀ ਇਹੀ ਹੈ; ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥ ਗੁਰੂ ਨਾਨਕ ਸਾਹਿਬ ਲਿਖਦੇ ਹਨ, ‘ਸੂਤਕੁ ਪਵੈ ਰਸੋਇ’ ਤੇ ਕਬੀਰ ਸਾਹਿਬ ਵੀ ਏਹੀ ਲਫਜ਼ ਵਰਤਦੇ ਹਨ, ‘ਸੂਤਕੁ ਪਰਜ ਬਿਗੋਈ’। ਬੋਲੀ ਦੀ ਸਾਂਝ ਦੱਸਦੀ ਹੈ ਕਿ ਬਾਬਾ ਨਾਨਕ ਜੀ ਭਗਤ ਕਬੀਰ ਦੀ ਬਾਣੀ ਦਾ ਆਪ ਉਤਾਰਾ ਕਰਕੇ ਕੇ ਆਪਣੇ ਨਾਲ ਲੈ ਆਏ ਅਤੇ ਗੁਰ ਗੱਦੀ ਦੀ ਬਖਸ਼ਿਸ ਕਰਦੇ ਸਮੇਂ, ਜੋ ਖਜ਼ਾਨਾ ਪਹਿਲੇ ਗੁਰੂ ਜੀ ਨੇ ਦੂਜੇ ਨੂੰ ਦਿੱਤਾ, ਇਹ ਓਹੀ ਖਜ਼ਾਨਾ ਸੀ, ਜਿਸਨੂੰ ਪੰਜਵੇਂ ਪਾਤਸ਼ਾਹ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ” ਲਿਖਦੇ ਹਨ। ਹੋਕਾ ਦੇ ਕੇ ਬਾਣੀ ਇਕੱਠੀ ਕਰਨ ਵਾਲੀ ਕਹਾਣੀ ਵੀ ਗਲਤ ਸਾਬਤ ਹੋ ਗਈ।
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਪੰਨਾ 176 ਮੁਤਾਬਕ ਸ਼ਾਹ ਹੁਸੈਨ ਲਾਹੌਰ ਨਿਵਾਸੀ ਸ਼ੈਖ ਉਸਮਾਨ ਦਾ ਪੁੱਤਰ ਸੀ ਜੋ ਕਾਨ੍ਹੇ ਆਦਿ ਸੰਤਾਂ ਨਾਲ ਮਿਲ ਕੇ ਗੁਰੂ ਅਰਜਨ ਪਾਤਸ਼ਾਹ ਕੋਲ ਆਪਣੀ ਬਾਣੀ ਦਰਜ ਕਰਵਾਉਣ ਆਇਆ ਤੇ ਗੁਰੂ ਜੀ ਦੇ ਕਹਿਣ ਤੇ ਆਪਣੀ ਬਾਣੀ ਸੁਣਾਉਣ ਲੱਗਾ:
ਚੁੱਪ ਵੇ ਅੜਿਆ
ਚੁੱਪ ਵੇ ਅੜਿਆ
ਬੋਲਣ ਦੀ ਜਾਇ ਨਾਂਹੀਂ
ਤਾਂ ਗੁਰੂ ਜੀ ਨੇ ਉਸਨੂੰ ਚੁੱਪ ਰਹਿਣ ਦੀ ਹਦਾਇਤ ਕਰ ਦਿੱਤੀ।
ਇਸ ਤੋਂ ਅੱਗੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਸ਼ਾਹ ਹੁਸ਼ੈਨ 1008 ਹਿਜਰੀ, ਮਤਲਬ ਈ:1599 ਵਿਚ ਚੱਲ ਵੱਸਿਆ। ਗੂਗਲ ਤੇ ਖੋਜ ਕਰਨ ਤੇ ਵੀ ਸ਼ਾਹ ਹੁਸੈਨ ਦੀ ਜਨਮ ਤਰੀਖ 1538 ਈ: ਅਤੇ ਅਕਾਲ ਚਲਾਣਾ 1599 ਈ: ਮਿਲਦੀ ਹੈ। ਜਦੋਂ ਕਿ ਪੋਥੀ ਸਾਹਿਬ ਤਿੰਨ-ਚਾਰ ਸਾਲ ਦੀ ਮਿਹਨਤ ਨਾਲ 1604 ਈ: ਵਿਚ ਤਿਆਰ ਹੁੰਦੀ ਹੈ ਤਾਂ ਕਵੀ ਸ਼ਾਹ ਹੁਸੈਨ ਪੋਥੀ ਸਾਹਿਬ ਦੀ ਲਿਖਾਈ ਸ਼ੁਰੂ ਕਰਨ ਤੋਂ ਘੱਟ ਤੋਂ ਘੱਟ ਇਕ ਸਾਲ ਪਹਿਲਾਂ ਮਰ ਚੁੱਕਿਆ ਹੈ। ਸ਼ਾਹ ਹੁਸੈਨ ਨੂੰ ਕਿਸ ਨੇ ਸੱਦਣਾ ਸੀ? ਕਵੀ ਪੀਲੂ ਦੀ ਜਨਮ ਤਾਰੀਕ ਹੈ 1580 ਈ: ਤੇ ਅਕਾਲ ਚਲਾਣਾ 1675 ਈ:। ਜਦੋਂ ਸ਼ਾਹ ਹੁਸੈਨ ਚਲਾਣਾ ਕਰਦਾ ਹੈ ਤਾਂ ਕਵੀ ਪੀਲੂ ਸਿਰਫ 18-19 ਸਾਲ ਦਾ ਹੀ ਹੈ। ਆਪ ਤੋਂ 40ਕੁ ਸਾਲ ਵੱਡੇ ਕਵੀ ਨਾਲ ਇਤਨੀ ਛੋਟੀ ਉਮਰ ਦੇ ਕਵੀ ਦਾ ਕੋਈ ਜੋੜ ਹੀ ਨਹੀਂ ਬਣ ਸਕਦਾ। ਪੋਥੀ ਸਾਹਿਬ ਦੀ ਲਿਖਾਈ ਵੇਲੇ ਇਸ ਦੀ ਉਮਰ ਵੀ 19-20 ਕੁ ਸਾਲ ਹੀ ਬਣਦੀ ਹੈ। ਇਸ ਕਰਕੇ ਇਹ ਵੀ ਕੋਈ ਮਿਆਰੀ ਕਵੀ ਨਹੀਂ ਹੋ ਸਕਦਾ 1602ਈ: ਵੇਲੇ। ਸਭ ਤੋਂ ਪਹਿਲਾਂ ਪੀਲੂ ਕਿੱਸਾ ਮਿਰਜਾ ਸਾਹਿਬਾਂ ਲਿਖਦਾ ਹੈ ਤੇ ਪੋਥੀ ਸਾਹਿਬ ਦੇ ਲਿਖਣ ਵੇਲੇ ਹੋ ਸਕਦਾ ਹੈ ਕਿ ਇਸ ਦੀ ਕੋਈ ਹੋਰ ਲਿਖਤ ਹੋਵੇ ਵੀ ਨਾ। ਨਵੇਂ ਮਹਾਨ ਕੋਸ਼ ਮੁਤਾਬਕ, ਜੋ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਹੋਰਾਂ ਦਾ ਲਿਖਿਆ ਹੈ, ਛੱਜੂ ਭਗਤ ਜੀ ਲਾਹੌਰ ਨਿਵਾਸੀ ਸਨ ਤੇ 1639-40 ਵਿਚ ਚਲਾਣਾ ਕਰ ਗਏ ਪਰ ਜਨਮ ਤਾਰੀਕ ਬਾਰੇ ਇਹ ਮਹਾਨ ਕੋਸ਼ ਵੀ ਚੁੱਪ ਹੈ। ਨਵੇਂ ਮਹਾਨ ਕੋਸ਼ ਦੇ ਪੰਨਾ 836 ਮੁਤਾਬਕ ਇਨ੍ਹਾਂ ਚਾਰੋਂ ਕਵੀਆਂ ਯਾ ਭਗਤਾਂ ਨੂੰ ਸੱਦਾ ਦੇਣ ਵਾਲੀ ਕਹਾਣੀ ਇਕ ਗੱਪ ਹੈ ਤੇ ਭਗਤ ਕਾਨ੍ਹਾ ਜੀ ਦੀ ਜਨਮ ਤਾਰੀਕ ਤੇ ਚਲਾਣਾ ਤਾਰੀਕ ਬਾਰੇ ਵੀ ਦਿਲਗੀਰ ਜੀ ਚੁੱਪ ਹੀ ਹਨ।
ਹੁਣ ਇਕ ਹੋਰ ਮਿਸਾਲ ਮਿਲਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਛਾਪੇ ਪੰਜਾਬੀ ਪੀਡੀਆ ਵਿੱਚੋਂ। ਇਨ੍ਹਾਂ ਦਾ ਸਰੋਤ ਹੈ ਪੰਜਾਬ ਕੋਸ਼-ਜਿਲਦ ਪਹਿਲੀ ਭਾਸ਼ਾ ਵਿਭਾਗ ਪੰਜਾਬ। ਇਨ੍ਹਾਂ ਨੇ ਓਹੀ ਮੱਖੀ ਤੇ ਮੱਖੀ ਮਾਰੀ ਤੇ ਜੋ ਗੱਲ ਲੋਕਾਂ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਚੋਂ ਸੁਣੀ ਓਹੀ ਇਨ੍ਹਾਂ ਆਪਣੀਆਂ ਕਿਤਾਬਾਂ ਵਿਚ ਚੇਪ ਦਿੱਤੀ। ਹੇਠ ਲਿਖੀਆਂ ਕਵਿਤਾਵਾਂ ਦਾ ਜਿਕਰ ਕਰਦੇ ਹਨ ਭਾਸ਼ਾ ਵਿਭਾਗ ਵਾਲੇ।
“ਓਹੀ ਰੇ ਮੈਂ ਓਹੀ ਰੇ, ਜਾਂ ਕੋ ਬੇਦ ਪੁਰਾਨਾ ਗਾਵੈ, ਖੋਜਤ ਖੋਜ ਨਾ ਕੋਈ ਰੇ।
ਜਾਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾ ਰੇ।
ਬ੍ਰਹਮਾ ਵਿਸ਼ਨੂੰ ਮਹੇਸ਼ ਅਰਾਧੈ, ਕਰਦੇ ਜਾਕੀ ਸੇਵਾ ਰੇ।
ਕਹਿ ਕਾਹਨਾ ਮਮ ਅਸ ਸਰੂਪ, ਅਪਰੰਪਰ ਅਲਖ ਅਭੇਂਵਾ ਰੇ। (ਕਾਹਨਾ)
ਅਸਾਂ ਨਾਲੋਂ ਸੇ ਭਲੇ ਜੋ ਜੰਮਦਿਆਂ ਹੀ ਮੂਏ। ਚਿਕੜ ਪਾਂਵ ਨਾ ਡੋਬਿਆ ਨਾ ਅਲੂਦ ਭਏ। (ਪੀਲੂ)
ਕਾਗਦ ਸੰਦੀ ਪੁੱਤਲੀ ਤਊ ਨਾ ਤ੍ਰਿਯਾ ਨਿਹਾਰ, ਯੋਹੀ ਮਾਰ ਲਿਜਾਵਸੀ ਜਥਾ ਬਲੋਚਨ ਧਾਰ। (ਛੱਜੂ)
ਸੱਜਣਾ! ਬੋਲਣ ਦੀ ਜਾਇ ਨਾਹੀਂ। ਅੰਦਰ ਬਾਹਰ ਇਕ ਸਾਂਝੀ ਕਿਸ ਨੂੰ ਆਖ ਸੁਣਾਈ।
ਇਕੋ ਦਿਲਬਰ ਸਭ ਘਟਿ ਰਵਿਆ ਦੂਜਾ ਨਾਂਹੀ ਕਦਾਈ।
ਕਹੈ ਹੁਸੈਨ ਫਕੀਰ ਨਿਮਾਣਾ ਸਤਿਗੁਰੂ ਤੋਂ ਬਲਿ ਜਾਈ। (ਸ਼ਾਹ ਹੁਸੈਨ)
ਪਟਿਆਲਾ ਯੂਨੀਵਰਸਿਟੀ ਬਾਰੇ ਕਈ ਸਾਲ ਪਹਿਲਾਂ ਵੀ ਮੈਂ ਤਿੰਨ ਚਾਰ ਲੇਖ ਲਿਖ ਚੁੱਕਿਆ ਤੇ ਇਨ੍ਹਾਂ ਦਾ ਅੱਜ ਤਕ ਮੈਨੂੰ ਕੋਈ ਕੰਮ ਉਸਾਰੂ ਤੇ ਸੁਚਾਰੂ ਨਜਰ ਨਹੀਂ ਆਇਆ। ਇਨ੍ਹਾਂ ਦਾ ਕੰਮ ਤਾਂ ਸਿੱਖੀ ਨੂੰ ਖਾਤੇ ਵਿੱਚੋਂ ਕੱਢ ਕੇ ਖੂਹ ਵਿਚ ਸੁੱਟਣਾ ਹੈ। ਇਸ ਯੂਨੀਵਰਸਿਟੀ ਵਿਚ ਹੋ ਸਕਦਾ ਹੈ ਕੋਈ ਵਿਰਲਾ ਸਿੱਖੀ ਨੂੰ ਬਚਾਉਣ ਬਾਰੇ ਸੋਚਦਾ ਹੋਵੇ ਪਰ ਬਹੁਤੇ ਪਰੋਫੈਸਰ ਤਨਖਾਹਾਂ ਸਰਕਾਰ ਤੋਂ ਲੈਂਦੇ ਹਨ ਤੇ ਕੰਮ ਵੀ ਉਸ ਵਾਸਤੇ ਹੀ ਕਰਦੇ ਹਨ। ਮਿਸਾਲ ਤੇ ਤੌਰ ਤੇ ਡਾ. ਹਰਪਾਲ ਸਿੰਘ ਪੰਨੂੰ। ਇਸ ਨੇ ਤਾਂ ਕਰਾਮਾਤਾਂ ਯਹੂਦੀਆਂ ਦੇ ਗ੍ਰੰਥਾਂ ਦੀਆਂ ਸੁਣਾਉਣੀਆਂ ਹਨ ਤੇ ਗੱਲ ਸਿੱਖ ਧਰਮ ਦੀ ਕਰਨੀ ਹੈ। ਹੁਣ ਤੁਸੀਂ ਆਪ ਹੀ ਅੰਦਾਜਾ ਲਗਾ ਸਕਦੇ ਹੋ ਕਿ ਸਾਨੂੰ ਸਮਝ ਕੀ ਪਵੇਗੀ।
ਆਖਰ ਵਿਚ ਮੈਂ ਏਹੋ ਹੀ ਲਿਖਣਾ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਨੇ ਨਾ ਕਿਸੇ ਨੂੰ ਸੱਦਿਆ ਤੇ ਨਾ ਹੀ ਕਿਸੇ ਨੂੰ ਨਿਰਾਸ਼ ਕਰਕੇ ਮੋੜਿਆ। ਇਹ ਰਵਾਇਤ ਵੀ ਗੁਰੂ ਘਰ ਦੀ ਨਹੀਂ। ‘ਪੋਥੀ ਸਾਹਿਬ’ ਚੁੱਪ ਚਪੀਤੇ ਤਿਆਰ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਪ੍ਰਕਾਸ਼ ਨਹੀਂ ਕੀਤੀ ਗਈ ਸਗੋਂ ਹੋਰ ਬਹੁਤ ਸਾਰੇ ਉਤਾਰੇ ਕਰਕੇ ਨਾਲੋ ਨਾਲ ਹੋਰ ਬਹੁਤ ਸਾਰੀਆਂ ਸੁਰੱਖਿਅਤ ਥਾਵਾਂ ਤੇ ਭੇਜ ਦਿੱਤੇ ਗਏ ਕਿ ਜੇਕਰ ਸਰਕਾਰ ਦੋ-ਚਾਰ ਪੋਥੀਆਂ ਜਬਤ ਵੀ ਕਰਦੀ ਹੈ ਤਾਂ ਸਿੱਖਾਂ ਵਾਸਤੇ ਕੋਈ ਨਾ ਕੋਈ ਗ੍ਰੰਥ ਬੱਚ ਹੀ ਜਾਵੇਗਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # +1 647 966 3132
Posted By:

Leave a Reply