ਭਿੰਡਰਾਂਵਾਲਾ ਫੈਡਰੇਸ਼ਨ ਵੱਲੋਂ ਫ਼ਿਰਕੂ ਹਿੰਦੁਤਵੀਆਂ ਨੂੰ ਤਾੜਨਾ, ਕਸ਼ਮੀਰੀ ਮੁਸਲਿਮ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ
- ਰਾਜਨੀਤੀ
- 25 Apr,2025

ਅੰਮ੍ਰਿਤਸਰ, 25 ਅਪ੍ਰੈਲ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਫ਼ਿਰਕੂ ਹਿੰਦੁਤਵੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਪੰਜਾਬ 'ਚ ਪੜ੍ਹਨ ਆਏ ਕਸ਼ਮੀਰ ਦੇ ਮੁਸਲਿਮ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ ਅਤੇ ਹਰ ਪ੍ਰਕਾਰ ਉਹਨਾਂ ਦੀ ਮਦਦ ਕਰਨਗੇ। ਜ਼ਿਕਰਯੋਗ ਹੈ ਕਿ 22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ 'ਚ 26 ਨਿਰਦੋਸ਼ ਲੋਕ ਮਾਰੇ ਗਏ ਸਨ, ਜਿਸ ਤੋਂ ਬਾਅਦ ਕੁਝ ਫ਼ਿਰਕੂ ਹਿੰਦੂਤਵੀਆਂ ਵੱਲੋਂ ਮੁਸਲਮਾਨਾਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਬਾਰੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਅਤੇ ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ ਪਹਿਲਗਾਮ ਵਿੱਚ ਮਾਰੇ ਗਏ ਲੋਕਾਂ ਬਾਰੇ ਸਭ ਨੂੰ ਦੁੱਖ ਹੈ ਅਤੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਇਸਾਈਆਂ ਅਤੇ ਹਰ ਇਨਸਾਨੀਅਤ-ਪਸੰਦ ਲੋਕਾਂ ਵੱਲੋਂ ਇਸ ਹਮਲੇ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ, ਇਥੋਂ ਤੱਕ ਕਿ ਕਸ਼ਮੀਰੀ ਅਵਾਮ ਵੀ ਸੜਕਾਂ ਉੱਤੇ ਆ ਕੇ ਹਮਦਰਦੀ ਪ੍ਰਗਟ ਕਰ ਰਹੀ ਹੈ। ਅਜਿਹੇ ਸਮੇਂ ਵਿੱਚ ਹਮਲੇ ਦੇ ਦੋਸ਼ੀਆਂ ਨਾਲ ਨਿਪਟਣ ਦੀ ਬਜਾਏ ਨਿਰਦੋਸ਼ ਮੁਸਲਮਾਨਾਂ ਨੂੰ ਸ਼ਿਕਾਰ ਬਣਾਉਣਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਰਾਸ਼ਟਰੀ ਮੀਡੀਆ ਸਾਰਥਿਕ ਰੋਲ ਨਿਭਾਉਣ ਅਤੇ ਸਰਕਾਰ ਨੂੰ ਸਵਾਲ ਕਰਨ ਦੀ ਬਜਾਏ ਹਿੰਦੂਆਂ 'ਚ ਮੁਸਲਮਾਨਾਂ ਪ੍ਰਤੀ ਨਫ਼ਰਤ ਪੈਦਾ ਕਰ ਰਿਹਾ ਹੈ ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਭਵਿੱਖ ਵਿੱਚ ਦੰਗੇ ਆਦਿਕ ਵੀ ਹੋ ਸਕਦੇ ਹਨ। ਉਹਨਾਂ ਕਿਹਾ ਕਿ ਭਗਵੇਂ ਬ੍ਰਿਗੇਡ ਨਾਲ ਸੰਬੰਧਤ ਕੁਝ ਫ਼ਿਰਕੂ ਹਿੰਦੂਤਵੀਆਂ ਵੱਲੋਂ ਪੰਜਾਬ ਦੇ ਕਾਲਜਾਂ-ਯੂਨੀਵਰਸਿਟੀਆਂ ਵਿੱਚ ਪੜ੍ਹਨ ਆਏ ਕਸ਼ਮੀਰ ਦੇ ਮੁਸਲਿਮ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਤੰਗ-ਪ੍ਰੇਸ਼ਾਨ, ਛੇੜ-ਛਾੜ ਅਤੇ ਮਾਰ-ਕੁੱਟਣ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਸਿੱਖ ਵਿਦਿਆਰਥੀਆਂ ਤੇ ਸਿੱਖ ਜਥੇਬੰਦੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਰੋਕਿਆ ਅਤੇ ਮੁਸਲਿਮ ਵਿਦਿਆਰਥੀਆਂ ਦੀ ਹਿਫ਼ਾਜ਼ਤ ਕੀਤੀ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਹਮਲੇ ਨੂੰ ਆਧਾਰ ਬਣਾ ਕੇ ਮੁਸਲਮਾਨ ਕੌਮ ਦੀ ਨਸਲਕੁਸ਼ੀ, ਕਤਲੇਆਮ ਅਤੇ ਜਾਨੀ-ਮਾਲੀ ਨੁਕਸਾਨ ਨਹੀਂ ਹੋਣ ਦਿੱਤੀ ਜਾਏਗਾ। ਉਹਨਾਂ ਕਿਹਾ ਕਿ ਕਸ਼ਮੀਰ ਦੇ ਮਾੜੇ ਹਲਾਤਾਂ ਤੋ ਮਜ਼ਬੂਰ ਹੋ ਕੇ ਇਹ ਵਿਦਿਆਰਥੀ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਪੜ੍ਹਨ ਆਏ ਸਨ, ਇਹਨਾਂ ਦਾ ਇਸ ਹਮਲੇ 'ਚ ਕੋਈ ਕਸੂਰ ਨਹੀਂ, ਉਹ ਤਾਂ ਖ਼ੁਦ ਹਮਲੇ ਦੀ ਨਿਖੇਧੀ ਕਰ ਰਹੇ ਹਨ ਅਤੇ ਪੀੜਤ ਲੋਕਾਂ ਨਾਲ ਖੜ੍ਹੇ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਹਿਲਗਾਮ ਹਮਲੇ ਵਿੱਚ ਇਕੱਲੇ ਹਿੰਦੂ ਨਹੀਂ, ਬਲਕਿ ਹਿੰਦੂ ਸੈਲਾਨੀਆਂ ਦੀ ਰਾਖੀ ਕਰਦਾ ਮੁਸਲਮਾਨ ਵੀ ਸ਼ਹੀਦ ਹੋਇਆ ਹੈ, ਉਸ ਬਾਰੇ ਰਾਸ਼ਟਰੀ ਮੀਡੀਆ ਅਤੇ ਫ਼ਿਰਕੂ ਹਿੰਦੂਤਵੀਏ ਚੁੱਪ ਕਿਉਂ ਹਨ ? ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨਾ, ਮਜ਼ਲੂਮ-ਨਿਤਾਣੇ ਨਾਲ ਖੜ੍ਹਨਾ, ਹੱਕ-ਸੱਚ 'ਤੇ ਪਹਿਰਾ ਦੇਣਾ ਖ਼ਾਲਸੇ ਦਾ ਮੁੱਖ ਕਰਤੱਵ ਹੈ, ਕਸ਼ਮੀਰੀ ਵਿਦਿਆਰਥੀ ਸਾਡੇ ਮਹਿਮਾਨ ਹਨ, ਉਹ ਸਾਡੇ ਭੈਣ-ਭਰਾ ਹਨ, ਉਹਨਾਂ ਦੀ ਹਰ ਪ੍ਰਕਾਰ ਰਾਖੀ ਕੀਤੀ ਜਾਵੇਗੀ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਿਸ ਵੀ ਕਸ਼ਮੀਰੀ ਵਿਦਿਆਰਥੀ ਨੂੰ ਡਰ ਅਤੇ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਤੁਰੰਤ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਹੋਰ ਜਥੇਬੰਦੀਆਂ ਨਾਲ ਸੰਪਰਕ ਕਰਨ, ਅਸੀਂ ਆਪਣੀ ਜਾਨ 'ਤੇ ਖੇਡ ਕੇ ਵੀ ਉਹਨਾਂ ਦੀ ਮਦਦ ਕਰਾਂਗੇ।
Posted By:

Leave a Reply