ਤਾਜਿਕਸਤਾਨ ਦੇ ਰੱਖਿਆ ਮੰਤਰੀ ਦੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨਾਲ ਮੁਲਾਕਾਤ
- ਅੰਤਰਰਾਸ਼ਟਰੀ
- 14 Nov,2025
ਇਸਲਾਮਾਬਾਦ, 14 ਨਵੰਬਰ 2025 (ਨਜ਼ਰਾਨਾ ਟਾਈਮਜ਼)
ਤਾਜਿਕਸਤਾਨ ਦੇ ਰੱਖਿਆ ਮੰਤਰੀ ਕਰਨਲ ਜਨਰਲ ਸਾਬਿਰਜ਼ੋਦਾ ਇਮੋਮਾਲੀ ਅਬਦੁਰਹੀਮ ਨੇ ਅੱਜ ਐਵਾਨ-ਏ-ਸਦਰ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨਾਲ ਭੇਟ ਕੀਤੀ।
ਤਾਜਿਕਸਤਾਨ ਦੇ ਪਾਕਿਸਤਾਨ ਵਿੱਚ ਰਾਜਦੂਤ ਸ਼ਰੀਫ਼ਜ਼ੋਦਾ ਯੂਸਫ਼ ਤੋਹਿਰ, ਕਰਨਲ ਰਸੂਲਜ਼ੋਦਾ ਕਰੀਮ ਅਬਦੁਰਸੂਲ, ਮੇਜਰ ਜਨਰਲ ਹਕੀਮਜ਼ੋਦਾ ਜ਼ਰੀਫ਼ ਯੂਨੂਸੀ ਅਤੇ ਮੇਜਰ ਜਨਰਲ ਅਮੋਨੁਲਲੋਜ਼ੋਦਾ ਅਮੀਨਜੋਨ ਅਮੋਨੁੱਲੋ ਵੀ ਵਫ਼ਦ ਵਿੱਚ ਸ਼ਾਮਲ ਸਨ।
ਰਾਸ਼ਟਰਪਤੀ ਜਰਦਾਰੀ ਨੇ ਵਫ਼ਦ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤਾਜਿਕਸਤਾਨ ਨਾਲ ਆਪਣੇ ਬਹੁ-ਪੱਖੀ ਰਿਸ਼ਤਿਆਂ ਨੂੰ ਬਹੁਤ ਮਹੱਤਵ ਦੇਂਦਾ ਹੈ। ਇਹ ਸਬੰਧ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਭਾਸ਼ਾਈ ਨੇੜਤਾ ’ਤੇ ਆਧਾਰਿਤ ਹਨ। 1992 ਵਿੱਚ ਤਾਜਿਕਸਤਾਨ ਨਾਲ ਰਾਜਨੀਤਕ ਸਬੰਧ ਜੋੜਨ ਵਾਲੇ ਪਹਿਲੇ ਦੇਸ਼ਾਂ ਵਿੱਚ ਪਾਕਿਸਤਾਨ ਵੀ ਸੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਰਾਜਨੀਤਕ, ਸੱਭਿਆਚਾਰਕ ਅਤੇ ਲੋਕੀ ਪੱਧਰ ’ਤੇ ਸੰਪਰਕ ਹੋਰ ਮਜ਼ਬੂਤ ਕਰਨੇ ਚਾਹੀਦੇ ਹਨ।
ਰਾਸ਼ਟਰਪਤੀ ਨੇ ਤਾਜਿਕਸਤਾਨ ਨੂੰ ਕੇਂਦਰੀ ਏਸ਼ੀਆ ਤੱਕ ਪਹੁੰਚ ਦਾ ਦਰਵਾਜ਼ਾ ਅਤੇ ਪਾਕਿਸਤਾਨ ਨੂੰ ਤਾਜਿਕਸਤਾਨ ਲਈ ਸਮੁੰਦਰੀ ਰਾਹਾਂ ਤੱਕ ਪਹੁੰਚ ਦਾ ਸਾਧਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਖੇਤਰ ਵਿੱਚ ਅਮਨ ਅਤੇ ਸਥਿਰਤਾ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ।ਰਾਸ਼ਟਰਪਤੀ ਜਰਦਾਰੀ ਨੇ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਦੀ ਵੱਡੀ ਸੰਭਾਵਨਾ, ਖ਼ਾਸਕਰ ਊਰਜਾ ਖੇਤਰ ਵਿੱਚ, ਉਜਾਗਰ ਕੀਤੀ ਅਤੇ ਕਿਹਾ ਕਿ ਇਸ ਵਿਚ ਹੋਰ ਤਰੱਕੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ CASA-1000 ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਰਾਸ਼ਟਰਪਤੀ ਨੇ ਦੋਵੇਂ ਦੇਸ਼ਾਂ ਦੇ ਰੱਖਿਆ ਸਹਿਯੋਗ ਵਿਚ ਆ ਰਹੀ ਤਰੱਕੀ ’ਤੇ ਸੰਤੋਸ਼ ਪ੍ਰਗਟਾਇਆ, ਜੋ ਦੋਵੇਂ ਫੌਜੀ ਨੇਤਾਵਾਂ ਦੇ ਬਾਰੰਬਾਰ ਦੌਰਿਆਂ ਤੋਂ ਸਪੱਸ਼ਟ ਹੈ। ਉਨ੍ਹਾਂ ਨੇ ਕਿਹਾ ਕਿ “ਦੋਸਤੀ-II” ਸੈਨਿਕ ਅਭਿਆਸ ਦਾ ਸਫਲ ਆਯੋਜਨ ਦੋਵੇਂ ਮਿੱਤਰ ਦੇਸ਼ਾਂ ਵਿਚਕਾਰ ਮਜ਼ਬੂਤ ਰੱਖਿਆ ਸਬੰਧਾਂ ਦੀ ਨਿਸ਼ਾਨੀ ਹੈ।
ਤਾਜਿਕ ਰੱਖਿਆ ਮੰਤਰੀ ਨੇ ਪਾਕਿਸਤਾਨ ਨਾਲ ਵੱਖ-ਵੱਖ ਖੇਤਰਾਂ ਵਿੱਚ ਦੋ-ਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜਤਾਈ।
ਮੀਟਿੰਗ ਦੌਰਾਨ ਸੀਨੇਟਰ ਸ਼ੈਰੀ ਰਹਮਾਨ ਅਤੇ ਸੀਨੇਟਰ ਸਲੀਮ ਮੰਡਵੀਵਾਲਾ ਵੀ ਮੌਜੂਦ ਸਨ।
Posted By:
GURBHEJ SINGH ANANDPURI
Leave a Reply