ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ : ਚੜ੍ਹਦੀਕਲਾ ਦਾ ਨਵਾਂ ਉਭਾਰ
- ਗੁਰਬਾਣੀ-ਇਤਿਹਾਸ
- 07 Nov,2025
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ : ਚੜ੍ਹਦੀਕਲਾ ਦਾ ਨਵਾਂ ਉਭਾਰ - ਡਾ. ਸਤਿੰਦਰ ਪਾਲ ਸਿੰਘ
ਆਸ ਤੇ ਭਰੋਸੇ ਦੀ ਭਾਵਨਾ ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਹੀ ਸਿੱਖ ਦਾ ਪੰਥ ਰੌਸ਼ਨ ਤੇ ਸਹਿਜ ਕਰਦੀ ਆਈ ਹੈ। ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿੱਚ ਹੋਈ ਸ਼ਹੀਦੀ ਨੇ ਸਿੱਖੀ ਸਿਧਾਂਤਾਂ ਤੇ ਦ੍ਰਿੜ੍ਹਤਾ ਦੇ ਜਜ਼ਬੇ ਨੂੰ ਠੋਸ ਆਧਾਰ ਪ੍ਰਦਾਨ ਕੀਤਾ ਸੀ । ਗੁਰੂ ਹਰਿਗੋਬਿਦ ਸਾਹਿਬ ਦੀ ਮੀਰੀ ਤੇ ਪੀਰੀ ਦੀ ਸੋਚ ਨੇ ਸਿੱਖਾਂ ਅੰਦਰ ਧਰਮ ਲਈ ਸੂਰਵੀਰ ਜੋਧਾ ਬਣਨ ਦਾ ਸੰਕਲਪ ਪੈਦਾ ਕੀਤਾ । ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਉਸ ਸੰਕਲਪ ਨੂੰ “ ਨਾ ਟਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰ ਅਪਨੀ ਜੀਤ ਕਰੋਂ” ਵਿੱਚ ਬਦਲ ਦਿੱਤਾ । ਸਿੱਖ ਦੀ ਚੜ੍ਹਦੀਕਲਾ ਦੇ ਇਸ ਉਭਾਰ ਨੇ ਅਨਿਆਂ, ਜਬਰ ਦੇ ਵਿਰੁੱਧ ਸਿੱਖ ਦੀ ਖਾਲਸ ਸ਼ਕਤੀ ਨੂੰ ਸਦਾ ਲਈ ਅਜਿੱਤ ਬਣਾ ਦਿੱਤਾ । ਚੜ੍ਹਦੀਕਲਾ ਦੀ ਭਾਵਨਾ ਸਿੱਖ ਦਾ ਉਹ ਬਲ ਬਣ ਗਈ ਜਿਸ ਦੇ ਮੁਕਾਬਿਲ ਕੁੱਝ ਹੋ ਹੀ ਨਹੀਂ ਸਕਦਾ ।
ਮਨੁੱਖ ਆਪਣੇ ਅੰਦਰ ਬਲ ਪ੍ਰਗਟ ਕਰ ਲਵੇ ਤਾਂ ਉਸ ਲਈ ਕੁੱਝ ਵੀ ਨਾਮੁਮਕਿਨ ਨਹੀਂ ਹੈ। ਮਨੁੱਖ ਸਾਰਾ ਸਮਾਂ ਬਲ ਸੰਚਿਤ ਕਰਦਾ ਹੈ ਫਿਰ ਵੀ ਵਿਪਦਾ ਆਉਣ ਤੇ ਬੇਬਸ ਨਜਰ ਆਉਂਦਾ ਹੈ। ਕਿਉਂਕਿ ਜਿਸ ਬਲ ਤੇ ਉਸ ਦਾ ਭਰੋਸਾ ਹੁੰਦਾ ਹੈ ਉਹ ਕੰਮ ਨਹੀਂ ਆਉਂਦਾ। ਸੱਕੇ ਸਬੰਧੀ , ਮਿੱਤਰ ਵੀ ਨੱਸ ਖੜੇ ਹੁੰਦੇ ਹਨ। ਧਨ ਦੌਲਤ ਵੀ ਸਹਾਇਕ ਨਹੀਂ ਹੁੰਦੀ।ਜਿਸ ਨੂੰ ਮਨੁੱਖ ਆਪਣਾ ਸਮਝ ਰਿਹਾ ਹੈ ਉਹ ਤਾਂ ਆਪਣੇ ਹਿੱਤ ਲਈ ਉਸ ਨਾਲ ਜੁੜ ਕੇ ਖੜਾ ਹੈ । ਹਿੱਤ ਨਾਂ ਪੂਰਾ ਹੁੰਦਾ ਦੇਖ ਸਾਰੇ ਆਪਣਾ ਸਬੰਧ ਤੋੜਨ ‘ਚ ਖਿਨ ਮਾਤਰ ਵੀ ਵਿਲੰਬ ਨਹੀਂ ਕਰਦੇ। ਇਹ ਮਨੁੱਖੀ ਵਿਵਹਾਰ ਸਭਿਅਤਾ ਦੇ ਵਿਕਾਸ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ। ਔਰੰਗਜੇਬ ਨੂੰ ਦਿੱਲੀ ਦਾ ਤਖ਼ਤ ਚਾਹੀਦਾ ਸੀ , ਉਸ ਨੇ ਆਪਣੇ ਪਿਤਾ ਨੂੰ ਹੀ ਕੈਦ ਕਰ ਲਿਆ। ਆਪਣੇ ਭਰਾ ਦੀ ਜਾਨ ਦਾ ਦੁਸ਼ਮਨ ਬਣ ਬੈਠਾ। ਔਰੰਗਜੇਬ ਨੇ ਤਾਕਤਵਰ ਫੌਜ ਬਣਾ ਲਈ। ਵੱਡਾ ਰਾਜ ਕਾਇਮ ਕੀਤਾ। ਠੀਕ ਇਸੇ ਕਾਲ ਵਿੱਚ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ ਇੱਕ ਅਦੁੱਤੀ ਰੂਹਾਨੀ ਤਾਕਤ ਦਾ ਉਦੈ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਕੋਲ ਕੋਈ ਰਾਜ ਨਹੀਂ ਸੀ , ਫੌਜ ਨਹੀਂ ਸੀ , ਖਜਾਨਾ ਨਹੀਂ ਸੀ ਪਰ ਨਿਰੋਲ ਆਤਮਕ ਬਲ ਸੀ ਜਿਸ ਅੱਗੇ ਔਰੰਗਜੇਬ ਜਿਹੇ ਤਾਕਤਵਰ ਬਾਦਸ਼ਾਹ ਨੂੰ ਸ਼ਰਮਿੰਦਗੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਗੁਰੂ ਤੇਗ ਬਹਾਦਰ ਜੀ ਸੀਸ ਦੇ ਕੇ ਵੀ ਜਿੱਤ ਗਏ ਕਿਉਂਕਿ ਉਹ ਤਾਂ ਸੀਸ ਦੇਣ ਹੀ ਆਏ ਸਨ। ਔਰੰਗਜੇਬ ਸੀਸ ਲੈ ਕੇ ਵੀ ਹਾਰ ਗਿਆ ਕਿਉਂਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸਿਧਾਂਤਕ ਰਾਹ ਨੂੰ ਬਦਲਣ ਵਿੱਚ ਹਰ ਕੋਸ਼ਿਸ਼ ਦੇ ਬਾਵਜੂਦ ਨਾਕਾਮਿਆਬ ਰਿਹਾ। ਰਾਜਾ ਲੋਕਾਂ ਤੇ ਆਪਣੇ ਭੈ ਦੇ ਕਾਰਨ ਹੀ ਰਾਜਾ ਹੁੰਦਾ ਹੈ। ਰਾਜਾ ਦਾ ਭੈ ਹੀ ਨਾ ਰਹੇ ਤਾਂ ਰਾਜ ਦੀ ਕੋਈ ਕੀਮਤ ਨਹੀਂ ਰਹਿੰਦੀ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਦੇ ਕੇ ਉਸ ਔਰਗਜੇਬ ਦਾ ਭੈ ਮਿਟਾ ਦਿੱਤਾ ਜਿਸ ਤੋਂ ਪੂਰਾ ਹਿੰਦੁਸਤਾਨ ਕੰਬ ਰਿਹਾ ਸੀ। ਕਸ਼ਮੀਰ ਦੇ ਬ੍ਰਹਮਣ ਤ੍ਰਾਹਿ ਤ੍ਰਾਹਿ ਕਰ ਰਹੇ ਸਨ। ਰਾਜ ਕਦੇ ਟਿਕੇ ਨਹੀਂ ਰਹਿੰਦੇ , ਰਾਜਾ , ਮਹਾਰਾਜਾ ਵੀ ਆਮ ਇਨਸਾਨ ਵਾਂਗੂੰ ਹੀ ਤੁਰਦੇ ਹੋਏ ਪਰ ਆਤਮਕ ਬਲ ਦਾ ਧਾਰਕ ਸਦਾ ਲਈ ਲੋਕਾਈ ਦੇ ਮਾਨ , ਆਦਰ ਦਾ ਵਿਸ਼ਾ ਬਣ ਜਾਂਦਾ ਹੈ “ ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ “ , ਉਹ ਲੋਕਾਂ ਦੇ ਮਨ ਵਿੱਚ ਸਦਾ ਜੀਵਤ ਰਹਿੰਦਾ ਹੈ। ਅੱਜ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਇੱਕ ਇੱਕ ਘਟਨਾ ਨੂੰ ਪੁਰਬ ਦੀ ਤਰਹ ਮਨਾਉਣ ਵਾਲੇ ਦੁਨੀਆ ਭਰ ਵਿੱਚ ਮੌਜੂਦ ਹਨ ਪਰ ਔਰੰਗਜੇਬ ਦਾ ਕੋਈ ਨਾਮ ਲੇਵਾ ਵੀ ਨਹੀਂ ਹੈ। ਇਸ ਤੋਂ ਵੱਡੀ ਹਾਰ ਹੋਰ ਕੀ ਹੋ ਸਕਦੀ ਹੈ ਕਿਸੇ ਸਾਕਤ ਦੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਿਖਰ ਤੇ ਪੁੱਜੇ ਆਤਮਕ ਬਲ ਨੇ ਇਹ ਮੁਮਕਿਨ ਕਰ ਵਿਖਾਇਆ ਕਿ ਧਰਮ ਦੇ ਮਾਰਗ ਤੇ ਚੱਲ ਕੇ ਬਿਖਮ ਤੋਂ ਬਿਖਮ ਸੰਕਟ ਵਿੱਚ ਵੀ ਰਾਹ ਕੱਢੀ ਜਾ ਸਕਦੀ ਹੈ। ਕਸ਼ਮੀਰ ਦੇ ਬ੍ਰਹਮਣ ਹਰ ਤਰਫ ਤੋਂ ਨਿਰਾਸ਼ ਹੋ ਕੇ ਹੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਣ ਵਿੱਚ ਆਏ ਸਨ। ਗੁਰੂ ਤੇਗ ਬਹਾਦਰ ਜੀ ਕੋਲ ਸ਼ਰਣ ਵਿੱਚ ਆਏ ਦੀਨ , ਦੁਖੀ ਬ੍ਰਾਹਮਣਾਂ ਨੂੰ ਵਿਪਦਾ ਤੋਂ ਬਚਾਉਣ ਦਾ ਉਪਾਇ ਸੀ , ਉਪਾਇ ਨਿਕਲਿਆ ਵੀ ਕਿਉਂਕਿ ਗੁਰੂ ਸਾਹਿਬ ਕੋਲ ਸੱਚਾ ਬਲ ਸੀ ਜੋ ਕਿਸੇ ਵੀ ਬੰਧਨ ਨੂੰ ਤੋੜ ਸਕਦਾ ਸੀ।
ਇੱਕ ਸੱਚਾ ਬਲਵਾਨ ਆਪਣੇ ਬਲ ਬਾਰੇ ਜਾਣਦਾ ਹੈ , ਨਾਲ ਹੀ ਉਸ ਨੂੰ ਦੂਜੇ ਦੇ ਬਲ ਦੀ ਪਛਾਣ ਵੀ ਹੁੰਦੀ ਹੈ। ਗੁਰੂ ਹਰਿਗੋਬਿੰਦ ਜੀ ਨੇ ਜਦੋਂ ਕੀਰਤਪੁਰ ਵਿਚ ਗੁਰੂ ਹਰਿਰਾਇ ਜੀ ਨੂੰ ਗੁਰਤਾ ਗੱਦੀ ਸੌਂਪੀ , ਗੁਰੂ ਤੇਗ ਬਹਾਦਰ ਜੀ ਨੂੰ ਬਕਾਲੇ ਚਲੇ ਜਾਣ ਦਾ ਹੁਕਮ ਦਿੱਤਾ। ਉਸ ਸਮੇਂ ਮਾਤਾ ਨਾਨਕੀ ਜੀ ਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਵਚਨ ਕੀਤੇ ਸਨ “ ਤੁਮ ਸੁਤ ਨੰਦਨ ਅਮਿਤ ਬਲ ਸਭ ਜਗ ਕਰੈ ਸਹਾਇ “ । ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸਪੁੱਤਰ ਗੁਰੂ ਤੇਗ ਬਹਾਦਰ ਜੀ ਦੀ ਸਮਰੱਥਾ ਬਾਰੇ ਭਲੀ ਪ੍ਰਕਾਰ ਜਾਣਦੇ ਸਨ। ਉਨ੍ਹਾਂ ਆਪਣੇ ਜੀਵਨ ਕਾਲ ਵਿੱਚ ਹੀ ਭਵਿੱਖ ਵੇਖ ਲਿਆ ਸੀ ਕਿ ਗੁਰੂ ਤੇਗ ਬਹਾਦਰ ਜੀ ਦਾ ਬਲ ਪੂਰੇ ਸੰਸਾਰ ਲਈ ਸਹਾਇਕ ਸਿੱਧ ਹੋਵੇਗਾ। ਇਹ ਸੱਚ ਸਾਬਿਤ ਹੋਇਆ। ਸੰਸਾਰ ਵਿੱਚ ਜਦੋਂ ਵੀ ਮਨੁੱਖੀ ਹਿੱਤਾਂ ਦੀ ਰਾਖੀ ਦੀ ਗੱਲ ਚੱਲਦੀ ਹੈ ਪਹਿਲੀ ਪ੍ਰੇਰਣਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਪ੍ਰਾਪਤ ਹੁੰਦੀ ਹੈ। ਪੰਡਿਰ ਕਿਰਪਾ ਰਾਮ ਦੀ ਅਗੁਆਈ ਵਿੱਚ ਤਕਰੀਬਨ ਪੰਜ ਸੌ ਬ੍ਰਾਹਮਣਾਂ ਦਾ ਦਲ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆਇਆ ਤੇ ਆਪਣੀ ਦੁੱਖਾਂ ਭਰੀ ਬਿਰਥਾ ਸੁਣਾਈ ਕਿ ਕਿਵੇਂ ਉਨ੍ਹਾਂ ਤੇ ਇਸਲਾਮ ਸਵੀਕਾਰ ਕਰਨ ਲਈ ਜ਼ੁਲਮ ਕੀਤੇ ਜਾ ਰਹੇ ਹਨ। ਗੁਰੂ ਤੇਗ ਬਹਾਦਰ ਜੀ ਉਨ੍ਹਾਂ ਦੇ ਹਿੱਤਾਂ ਲਈ ਖੜੇ ਹੋਣ ਨੂੰ ਤਿਆਰ ਹੋ ਗਏ। ਡਾ. ਤਿਰਲੋਚਨ ਸਿੰਘ ਨੇ ਆਪਣੀ ਕਿਤਾਬ ਵਿੱਚ ਹਵਾਲਾ ਦਿੱਤਾ ਹੈ ਕਿ ਬ੍ਰਾਹਮਣਾਂ ਨੇ ਲਾਹੌਰ ਦੇ ਗਵਰਨਰ ਦੇ ਜਰੀਏ ਇੱਕ ਫਰਿਆਦ ਪੱਤਰ ਔਰੰਗਜੇਬ ਨੂੰ ਭੇਜਿਆ ਕਿ ਗੁਰੂ ਤੇਗ ਬਹਾਦਰ ਜੀ ਉਸ ਕੋਲ ਇਸ ਮਸਲੇ ਤੇ ਚਰਚਾ ਲਈ ਆਉਣ ਨੂੰ ਤਿਆਰ ਹਨ। ਜੇ ਬਾਦਸ਼ਾਹ ਗੁਰੂ ਸਾਹਿਬ ਨੂੰ ਇਸਲਾਮ ਸਵੀਕਾਰ ਕਰਨ ਲਈ ਸਹਿਮਤ ਕਰ ਲੈਂਦਾ ਹੈ ਤਾਂ ਹਿੰਦੁਸਤਾਨ ਦੇ ਸਾਰੇ ਹਿੰਦੂ ਇਸਲਾਮ ਧਰਮ ਸਵੀਕਾਰ ਕਰ ਲੈਣਗੇ। ਜੇ ਗੁਰੂ ਸਾਹਿਬ ਨੂੰ ਸਹਿਮਤ ਕਰਨ ‘ਚ ਕਾਮਿਆਬ ਨਹੀਂ ਹੁੰਦਾ ਤਾਂ ਸਾਡੇ ਤੇ ਹੋ ਰਿਹਾ ਜ਼ੁਲਮ , ਜਬਰ ਰੋਕਣਾ ਪਵੇਗਾ ਅਤੇ ਸਾਨੂੰ ਧਾਰਮਿਕ ਆਜ਼ਾਦੀ ਦੇਣੀ ਪਵੇਗੀ। ਇਸ ਤਰਹ ਵੱਡੀ ਜੰਗ ਦਾ ਮੈਦਾਨ ਸਜਾ ਦਿੱਤਾ ਗਿਆ ਜਿਸ ਦੇ ਇੱਕ ਪਾਸੇ ਔਰੰਗਜੇਬ ਦੀ ਪੂਰੀ ਤਾਕਤ ਤੇ ਦੂਜੇ ਪਾਸੇ ਇਕੱਲੇ ਗੁਰੂ ਤੇਗ ਬਹਾਦਰ ਜੀ ਸਨ। ਜੰਗ ਵੀ ਔਰੰਗਜੇਬ ਦੀ ਸੀ , ਜੰਗ ਦਾ ਮੈਦਾਨ ਵੀ ਔਰੰਗਜੇਬ ਦਾ ਸੀ ਪਰ ਜੰਗ ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਸ਼ਰਤਾਂ ਤੇ ਲੜੀ ਅਤੇ ਜਿੱਤੀ ਵੀ।ਗੁਰੂ ਤੇਗ ਬਹਾਦਰ ਜੀ ਜਾਣਦੇ ਸਨ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ , ਇਸ ਕਾਰਨ ਔਰੰਗਜੇਬ ਦੇ ਪ੍ਰਤੀਕਰਮ ਦੀ ਉਡੀਕ ਕੀਤੇ ਬਿਨਾ ਹੀ ਦਿੱਲੀ ਵੱਲ ਯਾਤਰਾ ਆਰੰਭ ਕਰ ਦਿੱਤੀ। ਆਨੰਦਪੁਰ ਸਾਹਿਬ ਵਿੱਚ ਸਾਰੇ ਪ੍ਰਬੰਧ ਕਰਨ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਚਾਲੇ ਪਾਏ ਸਨ। ਇਸ ਤੋਂ ਅਹਿਸਾਸ ਹੁੰਦਾ ਹੈ ਕਿ ਆਪਣੀ ਸ਼ਹੀਦੀ ਦੀ ਕਥਾ ਗੁਰੂ ਸਾਹਿਬ ਨੇ ਬੜੇ ਇਤਮਿਨਾਨ ਨਾਲ ਸੋਚ ਵਿਚਾਰ ਕੇ ਆਪ ਲਿਖੀ ਸੀ। ਗੁਰੂ ਤੇਗ ਬਹਾਦਰ ਸਾਹਿਬ ਰਾਹ ਵਿੱਚ ਸੰਗਤਾਂ ਨੂੰ ਦਰਸ਼ਨ , ਉਪਦੇਸ਼ ਦਿੰਦੇ ਚੱਲੇ। ਜਦੋਂ ਗਿਆਤ ਹੋਇਆ ਕਿ ਔਰੰਗਜੇਬ ਆਗਰਾ ਆਇਆ ਹੋਇਆ ਹੈ ਤਾਂ ਗੁਰੂ ਸਾਹਿਬ ਆਗਰੇ ਵੱਲ ਤੁਰ ਪਏ। ਆਗਰੇ ਪੁੱਜੇ ਤਾਂ ਪਤਾ ਲੱਗਾ ਕਿ ਔਰੰਗਜੇਬ ਦਿੱਲੀ ਚਲਾ ਗਿਆ ਹੈ। ਔਰੰਗਜੇਬ ਦੇ ਹੁਕਮ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੂੰ ਗਿਰਫ਼ਤਾਰ ਕਰ ਕੇ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਦਿੱਲੀ ਵਿੱਚ ਪਹਿਲਾਂ ਆਦਰ ਪੂਰਨ ਵਿਵਹਾਰ ਕੀਤਾ ਗਿਆ। ਔਰੰਗਜੇਬ ਨਾਲ ਗੁਰੂ ਸਾਹਿਬ ਦਾ ਸੰਵਾਦ ਹੋਇਆ। ਲੋਭ ਦਿੱਤੇ ਗਏ ਡਰਾਉਣ ਦਾ ਜਤਨ ਕੀਤਾ ਗਿਆ ਕਿ ਗੁਰੂ ਸਾਹਿਬ ਇਸਲਾਮ ਸਵੀਕਾਰ ਕਰ ਲੈਣ । ਪਰ ਗੁਰੂ ਸਾਹਿਬ ਅਡੋਲ ਰਹੇ। ਖਿੱਝ ਕੇ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਕੈਦ ਕਰ ਦਿੱਤਾ ਗਿਆ। ਔਰੰਗਜੇਬ ਨੇ ਸ਼ਹੀਦੀ ਦੇ ਹੁਕਮ ਦੇ ਦਿੱਤੇ। ਭਾਈ ਮਤੀ ਦਾਸ , ਭਾਈ ਸਤੀ ਦਾਸ , ਭਾਈ ਦਿਆਲ ਦਾਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਜਿਸ ਦਾ ਵੱਖ ਘਟਨਾ ਕ੍ਰਮ ਹੈ। ਧਿਆਨ ਦੇਣ ਜੋਗ ਗੱਲ ਇਹ ਹੈ ਕਿ ਸਿੱਖਾਂ ਨੇ ਵੀ ਔਰੰਗਜੇਬ ਦਾ ਕੋਈ ਖੌਫ ਨਹੀਂ ਖਾਧਾ। ਗੁਰੂ ਸਾਹਿਬ ਨੂੰ ਜਦੋਂ ਚਾਂਦਨੀ ਚੌਕ ਕੋਤਵਾਲੀ ਵਿੱਚ ਰੱਖਿਆ ਗਿਆ ਸੀ ਤੇ ਦਬਾਵ ਪਾਏ ਜਾ ਰਹੇ ਸਨ ਤਾਂ ਸਿੱਖਾਂ ਨੇ ਡਰ ਜਾਣ ਦੀ ਥਾਂ ਹਿੰਮਤ ਵਿਖਾਈ ਤੇ ਕਈ ਤਜਵੀਜ਼ਾਂ ਗੁਰੂ ਸਾਹਿਬ ਨੂੰ ਕੈਦ ਤੋਂ ਬਾਹਰ ਲਿਆਉਣ ਦੀਆਂ ਕੀਤੀਆਂ।ਜਿਸ ਦਾ ਗੁਰੂ ਨਿਡਰ ਹੋਵੇ ਉਹ ਭਲਾ ਕਿਵੇਂ ਕਾਇਰ ਹੋ ਸਕਦਾ ਹੈ। ਜਿਸ ਤਰਹ ਦੇ ਇਤਿਹਾਸਕ ਹਵਾਲੇ ਉਪਲਬੱਧ ਹਨ , ਸਿੱਖ ਬੇਖੌਫ ਨਜਰ ਆਏ ਪਰ ਸਿਆਣਪ ਨਾਲ ਸਥਿਤੀਆਂ ਦਾ ਸਾਹਮਣਾ ਕੀਤਾ। ਭਾਈ ਜੈਤਾ ਜੀ , ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪਾਵਨ ਸੀਸ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤੱਕ ਪੁਜਾਇਆ ਸੀ , ਦਿੱਲੀ ਦੇ ਹੀ ਰਹਿਣ ਵਾਲੇ ਸਨ। ਪ੍ਰਿੰਸਿਪਲ ਸਤਬੀਰ ਸਿੰਘ ਨੇ ਲਿਖਿਆ ਹੈ ਕਿ ਭਾਈ ਜੈਤਾ ਜੀ ਦੇ ਘਰ ਦੇ ਨਿਕਟ ਹੀ ਭਾਈ ਨਨੂਆ ਜੀ ਦਾ ਘਰ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸਿੱਖ ਭਾਈ ਊਦਾ ਜੀ ਤੇ ਭਾਈ ਗੁਰਦਿੱਤਾ ਜੀ ਟਿਕੇ ਹੋਏ ਸਨ। ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਨੇ ਪਹਿਲਾਂ ਹੀ ਤਿਆਰੀ ਕਰ ਲਈ ਸੀ ਕਿ ਸ਼ਹੀਦੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਹ ਦੀ ਸੰਭਾਲ ਕਿਵੇਂ ਕਰਨੀਹੈ । ਇਹ ਤਿਆਰਿਆਂ ਸਿੱਖ ਚੇਤਨਾ ਤੇ ਸਿਦਕ ਦਾ ਪ੍ਰਤੀਕ ਸਨ ਜੋ ਔਰੰਗਜੇਬ ਦੇ ਰਾਜ ਦੇ ਕਾਲੇ ਦੌਰ ਵਿੱਚ ਵੀ ਪੂਰਨ ਜੀਵੰਤ ਸੀ। ਗੁਰੂ ਸਾਹਿਬ ਦਾ ਸੀਸ ਪ੍ਰਾਪਤ ਕਰਨ ਲਈ ਸਲਾਹ ਬਣੀ ਕਿ ਮੁਗਲਾਂ ਨੂੰ ਭੁਲੇਖਾ ਪਾਇਆ ਜਾਵੇ। ਇੱਕ ਸੀਸ ਰੱਖ ਕੇ ਗੁਰੂ ਸਾਹਿਬ ਦਾ ਸੀਸ ਚੁੱਕ ਲਿਆ ਜਾਵੇ। ਜਦੋਂ ਤੱਕ ਮੁਗਲਾਮ ਨੂੰ ਹਕੀਕਤ ਦਾ ਪਤਾ ਲੱਗੇਗਾ , ਭਾਈ ਜੈਤਾ ਜੀ ਸੀਸ ਲੈ ਕੇ ਦੂਰ ਤੱਕ ਜਾ ਚੁਕੇ ਹੋਣਗੇ। ਇਸ ਲਈ ਭਾਈ ਜੈਤਾ ਜੀ ਦੇ ਪਿਤਾ ਭਾਈ ਆਗਿਆ ਰਾਮ ਨੇ ਆਪਣਾ ਸੀਸ ਦੇਣ ਦੀ ਤਜਵੀਜ ਕੀਤੀ। ਇਹ ਵੀ ਗੁਰੂ ਨੂੰ ਸਮਰਪਿਤ ਇੱਕ ਮਹਾਨ ਬਲਿਦਾਨ ਸੀ। ਇਵੇਂ ਹੀ ਹੋਇਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਚਨ ਚੇਤ ਭਾਰੀ ਝੱਖੜ ਝੁੱਲ ਪਿਆ। ਇਸ ਦਾ ਲਾਭ ਉਠਾ ਕੇ ਭਾਈ ਜੈਤਾ ਜੀ ਨੇ ਆਪਣੀ ਹੀ ਪਿਤਾ ਦਾ ਸੀਸ ਕੱਟ ਕੇ ਚਾਂਦਨੀ ਚੌਕ ਵਿੱਚ ਸੁੱਟ ਦਿੱਤਾ ਤੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਆਪਣੀ ਸਾਥੀਆਂ ਭਾਈ ਨਨੂਆ ਜੀ ਤੇ ਭਾਈ ਅੱਡਾ ਜੀ ਨਾਲ ਅਨੰਦਪੁਰ ਸਾਹਿਬ ਵੱਲ ਤੁਰ ਪਏ । ਭਾਈ ਜੈਤਾ ਜੀ ਦੇ ਪੰਜਵੇਂ ਦਿਨ ਕੀਰਤਪੁਰ ਪੁੱਜਣ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਾਚਾਰ ਪ੍ਰਾਪਤ ਹੋਇਆ ਤਾਂ ਗੁਰੂ ਸਾਹਿਬ ਆਏ ਤੇ ਭਾਈ ਜੈਤਾ ਜੀ ਨੂੰ ਗਲੇ ਲਾ ਕੇ ਕਿਹਾ ਸੀ “ ਰੰਗਰੇਟੇ ਗੁਰੂ ਕੇ ਬੇਟੇ “ । ਗੁਰੂ ਤੇਗ ਬਹਾਦਰ ਜੀ ਦਾ ਸੀਸ ਅੰਤਮ ਸੰਸਕਾਰ ਲਈ ਆਨੰਦਪੁਰ ਸਾਹਿਬ ਲਿਆਂਦਾ ਗਿਆ। ਬੇਅੰਤ ਸੰਗਤਾਂ ਨਾਲ ਸ਼ਬਦ ਕੀਰਤਨ ਕਰਦਿਆਂ ਚੱਲ ਰਹਿਆਂ ਸਨ। ਨੌ ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਪੂਰਨ ਸਹਿਜ ਸਨ। ਮਾਤਾ ਗੁਜਰੀ ਜੀ ਪੂਰਨ ਅਡੋਲ ਸਨ ਜਿਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਦਰਸ਼ਨ ਕਰਨ ਤੋਂ ਬਾਅਦ ਵਚਨ ਕੀਤਾ ਕਿ ਤੁਹਾਡੀ ਤਾਂ ਨਿਭ ਗਈ ਮੇਰੀ ਵੀ ਨਿਭ ਆਵੇ “ । ਮਾਤਾ ਗੁਜਰੀ ਜੀ ਦੇ ਇਹ ਵਚਨ ਪੂਰੀ ਸਿੱਖ ਕੌਮ ਦੇ ਵਚਨ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਪੂਰੀ ਸਿੱਖ ਕੌਮ ਨੂੰ ਮਾਣ ਨਾਲ ਭਰ ਦਿੱਤਾ ਤੇ ਉਨ੍ਹਾਂ ਦੀ ਰਾਹ ਤੇ ਹੀ ਚੱਲ ਕੇ ਧਰਮ ਲਈ ਕੁਰਬਾਨੀਆਂ ਦੇਣ ਦਾ ਅਤੁੱਟ ਜਜਬਾ ਪੈਦਾ ਕੀਤਾ।
ਉੱਧਰ ਭਾਈ ਲੱਖੀ ਸ਼ਾਹ ਨੇ ਸ਼ਾਹੀ ਠੇਕੇਦਾਰ ਹੋਣ ਦਾ ਲਾਭ ਉਠਾਇਆ ਤੇ ਆਪਣੇ ਗੱਡੇ ਲੈ ਕੇ ਚਾਂਦਨੀ ਚੌਕ ਪੁੱਜ ਗਏ। ਭਾਰੀ ਤੂਫ਼ਾਨ ਕਾਰਨ ਗੁਰੂ ਸਾਹਿਬ ਦੇ ਧੜ ਦੀ ਰਾਖੀ ਕਰ ਰਹੇ ਮੁਗਲ ਸਿਪਾਹੀ ਪਿੱਛੇ ਹੱਟ ਗਏ ਸਨ। ਭਾਈ ਗੁਰਦਿੱਤਾ ਜੀ ਨੇ ਭਾਈ ਲੱਖੀ ਸ਼ਾਹ ਤੇ ਉਸ ਦੇ ਪੁੱਤਰਾਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦਾ ਧੜ ਚੁੱਕ ਕੇ ਰੂੰ ਦੇ ਗੱਡੇ ਵਿਚ ਲਿਟਾ ਦਿੱਤਾ। ਉੱਪਰ ਵੀ ਰੂੰ ਨਾਲ ਢੱਕ ਕੇ ਰਕਾਬਗੰਜ ਵੱਲ ਫੁਰਤੀ ਨਾਲ ਤੁਰ ਪਏ। ਕਈ ਗੱਡੇ ਇੱਕ ਨਾਲ ਚੱਲ ਰਹੇ ਸਨ। ਰਕਾਬਗੰਜ ਪੁੱਜਦੀਆਂ ਅੱਧੀ ਰਾਤ ਹੋ ਗਈ। ਭਾਈ ਲੱਖੀ ਸ਼ਾਹ ਨੇ ਆਪਣੇ ਘਰ ਦੇ ਅੰਦਰ ਹੀ ਘਰ ਦਾ ਸਮਾਨ ਰੱਖ ਕੇ ਚਿਤਾ ਬਣਾ ਦਿੱਤੀ ਤੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ। ਉਸ ਨੇ ਅਸਥੀਆਂ ਇੱਕ ਗਾਗਰ ਵਿੱਚ ਰੱਖ ਕੇ ਘਰ ਦੇ ਅੰਦਰ ਹੀ ਦਬਾ ਦਿੱਤੀਆਂ।ਇਹ ਹਿੰਮਤ ਭਰਿਆ ਕਾਰਜ ਸੀ ਜਿਸ ਵਿੱਚ ਸੂਝਬੂਝ ਸ਼ਾਮਿਲ ਸੀ। ਧਰਮ ਦੀ ਰਾਖੀ ਲਈ ਹਿੰਮਤ ਵੀ ਚਾਹੀਦੀ ਹੈ ਤੇ ਸੂਝਬੂਝ ਵੀ। ਇਹ ਸਾਰਾ ਕੁੱਝ ਔਰੰਗਜੇਬ ਦੀ ਨੱਕ ਦੇ ਹੇਠਾਂ ਹੋਇਆ।
ਔਰੰਗਜੇਬ ਸਮਝਦਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਿੱਖਾਂ ਦਾ ਮਨੋਬਲ ਤੋੜ ਦੇਵੇਗੀ ਤੇ ਹਿੰਦੂਆਂ ਦਾ ਵਿਰੋਧ ਵੀ ਸ਼ਾਂਤ ਹੋ ਜਾਏਗਾ। ਪਰ ਇਹ ਨਾਂ ਹੋਇਆ। ਗੁਰੂ ਤੇਗ ਬਹਾਦਰ ਜੀ ਤਾਂ ਆਪਣੇ ਜੀਵਨ ਕਾਲ ਵਿੱਚ ਹੀ ਵਚਨ ਕਰ ਗਏ ਸਨ “ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ “ । ਗੁਰੂ ਨਾਨਕ ਸਾਹਿਬ ਦਾ ਸਿੱਖ ਤਾਂ ਸਿਰ ਤਲੀ ਤੇ ਰੁੱਖ ਕੇ ਚੱਲਣ ਵਾਲਾ ਸਿੱਖ ਹੈ। ਸਿਰਫ ਪਰਮਾਤਮਾ ਦੇ ਭੈ ਵਿੱਚ ਰਹਿਣ ਕਾਰਨ ਉਸ ਦੇ ਸਾਰੇ ਭੈ ਮਿਟ ਜਾਂਦੇ ਹਨ। ਇਹ ਨਿਡਰਤਾ ਹੀ ਉਸ ਦੇ ਸਿਦਕ ਦਾ ਅਧਾਰ ਬਣਦੀ ਹੈ। ਸਿੱਖ ਦਾ ਸਿਦਕ ਜਦੋਂ ਪ੍ਰਗਟ ਹੁੰਦਾ ਹੈ ਪੂਰਾ ਮਨੁੱਖੀ ਸਮਾਜ ਉਸ ਤੋਂ ਪ੍ਰਭਾਵਿਤ ਹੁੰਦਾ ਹੈ। ਖਿਮਨਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਚਾਂਦਨੀ ਚੌਕ ਦੇ ਕੋਤਵਾਲ ਅਬਦੁੱਲਾ ਨੇ ਨੌਕਰੀ ਛੱਡ ਦਿੱਤੀ ਸੀ ਤੇ ਆਨੰਦਪੁਰ ਸਾਹਿਬ ਚਲਾ ਗਿਆ ਸੀ। ਜਿਸ ਕਾਜੀ ਨੇ ਫਤਵਾ ਦਿੱਤਾ ਸੀ ਪੰਦ੍ਰਹ ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ। ਦਿੱਲੀ ਦੇ ਅੰਦਰ ਖੁਦ ਔਰੰਗਜੇਬ ਨੂੰ ਸਿੱਖਾਂ ਦੇ ਸਿੱਧੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਜਾਮਾ ਮਸਜਿਦ ਵਿੱਚ ਨਮਾਜ ਪੜ੍ਹ ਕੇ ਪਰਤ ਰਿਹਾ ਸੀ ਤਾਂ ਇੱਕ ਸਿੱਖ ਨੇ ਉਸ ਤੇ ਹੰਮਲਾ ਕਰ ਦੋ ਇੱਟਾਂ ਸੁੱਟਿਆਂ। ਇਹ ਘਟਨਾ ਮੁਸਲਿਮ ਦਸਤਾਵੇਜਾਂ ਵਿੱਚ ਦਰਜ ਹੈ। ਘਟਨਾ ਦੀ ਤਿਥੀ ੩੦ ਅਕਤੂਬਰ ੧੬੭੬ ਲਿਖੀ ਗਈ ਹੈ। ਸਿੱਧੇ ਬਾਦਸ਼ਾਹ ਨਾਲ ਟਕਰਾ ਜਾਣਾ ਇੱਕ ਵੱਡੀ ਘਟਨਾ ਸੀ। ਇੱਕ ਦੂਜੀ ਘਟਨਾ ਦਾ ਜਿਕਰ ਹੈ ਕਿ ਜਦੋਂ ਬਾਦਸ਼ਾਹ ਦੀ ਸਵਾਰੀ ਚਾਂਦਨੀ ਚੌਕ ਤੋਂ ਲੰਘ ਰਹੀ ਸੀ ਤਾਂ ਇੱਕ ਨੇ ਦੂਰੋਂ ਸੋਟੀ ਮਾਰ ਸੁੱਟੀ। ਹੋਰ ਘਟਨਾ ਹੈ ਕਿ ਜਦੋਂ ਉਹ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇੱਕ ਸਿੱਖ ਨੇ ਤਲਵਾਰ ਨਾਲ ਵਾਰ ਕੀਤਾ ਸੀ। ਇਸ ਵਾਰ ਨਾਲ ਔਰੰਗਜੇਬ ਦੇ ਸਿਪਾਹਸਾਲਾਰ ਮੁਕੱਰਮ ਖਾਨ ਦੀ ਉਂਗਲੀ ਕੱਟੀ ਗਈ ਸੀ। ਘਟਨਾਵਾਂ ਨਿੱਕਿਆਂ ਨਿੱਕਿਆਂ ਸਨ ਮਜਬੂਤ ਇਰਾਦੇ ਪ੍ਰਗਟ ਕਰਨ ਵਾਲੀਆਂ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਅੰਦਰ ਤਿਆਗ , ਬਲਿਦਾਨ ਦੀ ਜਬਰਦਸਤ ਭਾਵਨਾ ਪੈਦਾ ਕੀਤੀ। ਇਸ ਭਾਵਨਾ ਨੂੰ ਸੱਚੇ ਬਲ ਵਿੱਚ ਬਦਲਣ ਦਾ ਮਹਾਨ ਕਾਰਜ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ।
ਸਿੱਖਾਂ ਨੂੰ ਆਪਣੇ ਸਿੱਖ ਹੋਣ ਤੇ ਮਾਣ ਮਹਿਸੂਸ ਹੋਵੇ ਅਤੇ ਉਹ ਹਰ ਸਥਿਤੀ ਵਿੱਚ ਗੁਰੂ ਦਾ ਸਿੱਖ ਅਖਵਾਉਣ ਜੋਗ ਸਾਬਿਤ ਹੋਣ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਪੱਖੀ ਕਦਮ ਚੁੱਕੇ। ਸਿੱਖਾਂ ਨੂੰ ਵਿਦਿਅਕ ਤੌਰ ਤੇ ਸਮਰੱਥ ਬਣਾਇਆ , ਬਾਣੀ ਨਾਲ ਜੋੜਿਆ , ਢਾਢੀ ਦੀਆਂ ਵਾਰਾਂ ਰਾਹੀਂ ਬੁਲਾ ਕੇ ਵੀਰ ਰਸ ਦਾ ਭਾਵ ਭਰਿਆ, ਸ਼ਰੀਰਕ ਕਸਰਤਾਂ ਤੇ ਛਦਮ ਜੁੱਧ ਕਰਾਏ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਦਰਬਾਰ ਸ਼ਾਹੀ ਅੰਦਾਜ ਵਿੱਚ ਸਜਾਇਆ। ਦਰਬਾਰ ਵਿੱਚ ਬੈਠਣ ਲਈ ਉੱਚਾ ਸਿੰਹਾਸਨ ਸੀ। ਜੋਸ਼ ਭਰਨ ਲਈ ਰਣਜੀਤ ਨਗਾਰਾ ਤਿਆਰ ਕਰਾਇਆ। ਆਨੰਦਪੁਰ ਸਾਹਿਬ ਨੂੰ ਕਿਲੇ ਉਸਾਰ ਕੇ ਸੁਰੱਖਿਅਤ ਕੀਤਾ। ਲੰਮੀ ਤਿਆਰੀ ਤੋਂ ਬਾਅਦ ਸੰਨ 1699 ਦੀ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ। ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸੱਭ ਤੋਂ ਨਿੱਘਾ ਨਮਨ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖੀ ਹੱਕਾਂ ਨੂੰ ਸਮਰਪਿਤ ਸੀ। ਖਾਲਸਾ ਦੀ ਸਾਜਨਾ ਉਸ ਮਿਸ਼ਨ ਨੂੰ ਅਗਾਂਹ ਵਧਾਉਣ ਲਈ ਹੋਈ। ਅੱਜ ਵੀ ਖਾਲਸਾ ਸਦਾ ਮਨੁੱਖੀ ਹਿੱਤਾਂ ਲਈ ਖੜਾ ਨਜਰ ਆਉਂਦਾ ਹੈ ਤਾਂ ਇਸ ਦੀ ਪਿਛੋਕੜ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਪ੍ਰੇਰਨਾ ਜੀਵੰਤ ਹੁੰਦੀ ਹੈ।ਖਾਲਸਾ ਨੇ ਔਰੰਗਜੇਬ ਦੇ ਉਸ ਜਾਲਮ ਰਾਜ ਨੂੰ ਪੁੱਟ ਸੁੱਟਿਆ ਜਿਸ ਤੋਂ ਹਵਾ ਵੇ ਸਹਿਮ ਕੇ ਚੱਲਦੀ ਸੀ। ਸੱਚ ਦਾ ਬਲ ਥੱਕਦਾ ਨਹੀਂ , ਹਾਰਦਾ ਨਹੀਂ , ਚੁੱਪ ਨਹੀਂ ਬਹਿੰਦਾ , ਸਗੋਂ ਸਮੇਂ ਤੇ ਬੋਲਦਾ ਹੈ , ਖੜਦਾ ਹੈ , ਡੱਟਦਾ ਹੈ ਤੇ ਜਿੱਤਦਾ ਹੈ। ਸੱਚ ਸਦਾ ਜਿੱਤਣ ਲਈ ਹੀ ਹੈ ।
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ ਆਸਟ੍ਰੇਲੀਆ
[email protected]
Posted By:
GURBHEJ SINGH ANANDPURI
Leave a Reply