ਵਿਕਰਮਾਦਿੱਤਿਆ ਵੈਦਿਕ ਘੜੀ
- ਸਿੱਖਿਆ/ਵਿਗਿਆਨ
- 02 Apr,2025

ਵਿਕਰਮਾਦਿੱਤਿਆ ਵੈਦਿਕ ਘੜੀ
'ਵੈਦਿਕ ਘੜੀ' ਦੁਨੀਆ ਦੀ ਪਹਿਲੀ ਘੜੀ ਹੈ ਜੋ ਪ੍ਰਾਚੀਨ ਭਾਰਤੀ ਪਰੰਪਰਾਗਤ ਪੰਚਾਂਗ ਦੇ ਅਨੁਸਾਰ ਸਮਾਂ ਦੱਸਣ ਲਈ ਤਿਆਰ ਕੀਤੀ ਗਈ ਹੈ। ਵੈਦਿਕ ਘੜੀ ਪ੍ਰਾਚੀਨ ਭਾਰਤੀ ਖਗੋਲ-ਵਿਗਿਆਨਕ ਗਣਨਾਵਾਂ 'ਤੇ ਅਧਾਰਤ ਇੱਕ ਸਮਾਂ-ਨਿਰਧਾਰਨ ਯੰਤਰ ਹੈ। ਇਸ ਘੜੀ ਵਿੱਚ ਜੋਤਿਸ਼ ਦੇ ਅਨੁਸਾਰ ਸਹੀ ਸਮਾਂ ਨਿਰਧਾਰਤ ਕਰਨ ਲਈ, ਆਕਾਸ਼ੀ ਨਿਰੀਖਣ ਦੇ ਰਵਾਇਤੀ ਤਰੀਕੇ ਸ਼ਾਮਿਲ ਹਨ। ਇਹ ਘੜੀ ਵੈਦਿਕ ਹਿੰਦੂ ਪੰਚਾਂਗ (ਤਿਥ, ਵਾਰ, ਯੋਗ, ਕਰਨ, ਨਸ਼ਤਰ) ਗ੍ਰਹਿਆਂ ਦੀ ਸਥਿਤੀ, ਮਹੂਰਤ, ਲਗਨ ਦਾ ਸ਼ੁਭ ਸਮਾਂ ਅਤੇ ਭਵਿੱਖ ਬਾਣੀਆਂ ਕਰਨ ਬਾਰੇ ਸਮੇਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।
‘ਵਿਕਰਮਾਦਿੱਤਿਆ ਵੈਦਿਕ ਘੜੀ, ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਵਿਖੇ, ਜੰਤਰ ਮੰਤਰ ਦੇ ਨਜ਼ਦੀਕ, 85 ਫੁੱਟ ਉੱਚੇ ਟਾਵਰ 'ਤੇ ਸਥਿਤ ਹੈ। ਉਜੈਨ, ਸਦੀਆਂ ਤੋਂ ਹੀ ਮਿਆਰੀ ਸਮਾਂ ਨਿਰਧਾਰਤ ਕਰਨ ਲਈ ਜਗਤ ਪ੍ਰਸਿੱਧ ਕੇਂਦਰ ਰਿਹਾ ਹੈ। ਜੈਪੁਰ ਦੇ ਮਹਾਰਾਜਾ, ਸਵਾਈ ਜੈ ਸਿੰਘ (1688-1743) ਵੱਲੋਂ ਭਾਰਤ ਵਿੱਚ ਬਣਵਾਏ ਗਏ ਪੰਜ ‘ਜੰਤਰ-ਮੰਤਰ” ਵਿੱਚੋਂ ਇਕ ਉਜੈਨ ਵਿਖੇ ਬਣਾਇਆ ਗਿਆ ਸੀ। 1724 ਈ: ਤੋਂ 1735 ਈ: ਦੇ ਦਰਮਿਆਨ ਬਣਾਏ ਗਏ ਪੰਜ ਜੰਤਰ-ਮੰਤਰ, ਜੈਪੁਰ, ਦਿੱਲੀ, ਵਾਰਾਣਸੀ, ਉਜੈਨ ਅਤੇ ਮਥੁਰਾ ਵਿੱਚ ਸਥਿਤ ਹਨ। ਲਾਲ ਪੱਥਰ ਦੀਆਂ ਬਣੀਆਂ ਪ੍ਰਭਾਵਸ਼ਾਲੀ ਅਤੇ ਬਹੁਤ ਹੀ ਗੁੰਝਲਦਾਰ ਇਮਾਰਤਾਂ, ਪ੍ਰਾਚੀਨ ਭਾਰਤ ਦੀ ਵਿਗਿਆਨਕ ਪ੍ਰਤਿਭਾ ਦੇ ਸਬੂਤ ਵਜੋਂ ਅੱਜ ਵੀ ਦੁਨੀਆਂ ਲਈ ਖਿੱਚ ਦਾ ਕੇਂਦਰ ਹਨ।
ਵੈਦਿਕ ਘੜੀ, ਜਿਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 1 ਮਾਰਚ 2024 ਈ: ਨੂੰ ਕੀਤਾ ਗਿਆ ਸੀ, ਇਕੋ ਸਮੇਂ ਤਿੰਨ ਸਮੇਂ ਦੱਸਦੀ ਹੈ। ਵੈਦਿਕ ਸਮਾਂ (V T), ਭਾਰਤੀ ਮਿਆਰੀ ਸਮਾਂ ( IST) ਅਤੇ ਗ੍ਰੀਨਵਿਚ ਮੀਨ ਟਾਈਮ (GMT)। IST ਅਤੇ GMT ਸਮਾਂ ਤਾਂ ਵਿਸ਼ਵ ਪੱਧਰ 'ਤੇ ਵਰਤਿਆ ਜਾਣ ਵਾਲਾ ਸਮਾਂ, ਜੋ ਸਾਡੇ ਰੋਜ਼ਾਨਾ ਜੀਵਨ ਦਾ ਅਹਿਮ ਅੰਗ ਹੈ, ਪਰ ਵੈਦਿਕ ਸਮਾਂ (V T), ਇਕ ਸੂਰਜ ਚੜਨ ਤੋਂ ਦੂਜੇ ਸੂਰਜ ਚੜਨ ਦੇ ਸਮੇਂ ਨੂੰ 30 ਹਿੱਸਿਆਂ ਵਿੱਚ ਵੰਡਦਾ ਹੈ। ਹਰ ਹਿਸੇ ਵਿੱਚ 48 ਮਿੰਟ ਹੁੰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਵੈਦਕ ਸਮੇਂ ਅਨੁਸਾਰ ਦਿਨ, ਸੂਰਜ ਚੜਨ ਤੋਂ ਅਗਲੇ ਦਿਨ ਦਾ ਸੂਰਜ ਚੜਨ ਤੀਕ ਮੰਨਿਆ ਜਾਂਦਾ ਹੈ। ਜਿਸ ਵਿੱਚ 30 ਘੰਟੇ ਹੁੰਦੇ ਹਨ ਅਤੇ ਹਰ ਘੰਟੇ ਵਿੱਚ 48 ਮਿੰਟ ਹੁੰਦੇ ਹਨ। ਵੈਦਿਕ ਹਿੰਦੂ ਪੰਚਾਂਗ ਅਨੁਸਾਰ, ਦਿਨ ਅਤੇ ਰਾਤ ਦੇ ਸਮੇਂ ਵਿੱਚ 30 ਮਹੂਰਤ ਹੁੰਦੇ ਹਨ। ਮਹੂਰਤ ਅਨੁਸਾਰ ਸਮੇਂ ਦੀ ਵੰਡ ਕਰਨ ਲਈ ਹੀ ਇਹ ਵਿਸ਼ੇਸ਼ ਘੜੀ ਬਣਾਈ ਗਈ ਹੈ। ਸਮਾਂ, ਸੂਰਜ ਚੜ੍ਹਨ ਦੇ ਨਾਲ 0:00 ਤੋਂ ਆਰੰਭ ਹੁੰਦਾ ਹੈ।
ਅੱਜ, ਭਾਰਤੀ ਮਿਆਰੀ ਸਮਾਂ (IST) 82.5E ਰੇਖਆਂਸ਼ (Longitude) ਨੂੰ ਅਪਣਾਉਣ ਤੋਂ ਪਹਿਲਾਂ, ਉਜੈਨ (75.78E) ਨੂੰ ਭਾਰਤੀ ਸਮੇਂ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਸੀ। ਸਿਖਰ ਰੇਖਾ (prime meridian) ਨੂੰ 0 ਮੰਨ ਕੇ ਇਸ ਤੋਂ ਪੂਰਬੀ ਅਤੇ ਪੱਛਮੀ ਰੇਖਆਂਸ਼ ਦੇ ਮੁਤਾਬਕ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ। ਉਜੈਨ, ਸਮੇਂ ਨੂੰ ਨਿਰਧਾਰਿਤ ਕਰਨ, ਸਮੇਂ ਦੀ ਵੰਡ, ਜੋਤਸ਼, ਪੰਚਾਗ, ਜੰਤਰੀ, ਕੈਲੰਡਰ ਆਦਿ ਦੀ ਵਿਰਾਸਤ ਸਦੀਆਂ ਤੋਂ ਸੰਭਾਲੀ ਬੈਠਾ ਹੈ। ਮੱਧ ਭਾਰਤ ਵਿੱਚ, ਲੱਗ-ਭੱਗ 700 ਈਸਾ ਪੂਰਵ ਦੇ ਆਸ-ਪਾਸ ਵੱਸਿਆ ਉਜੈਨ, ਰਾਜਨੀਤਿਕ, ਵਪਾਰਕ ਅਤੇ ਸਭਿਆਚਾਰਕ ਕੇਂਦਰ ਰਿਹਾ ਹੈ। ਭਾਰਤੀ ਸਮਾਂ ਪ੍ਰਣਾਲੀ, ਸਦੀਆਂ ਪੁਰਾਣੀ ਅਤੇ ਬਹੁਤ ਹੀ ਗੁੰਝਲਦਾਰ ਪ੍ਰਣਾਲੀ ਹੈ। ਭਾਰਤੀ ਸਮਾਂ ਗਣਨਾ ਦੀ ਪੁਰਾਤਨ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨ ਲਈ , ਉਜੈਨ ਵਿੱਚ ‘ਵਿਕਰਮਾਦਿੱਤਿਆ ਵੈਦਿਕ ਘੜੀ’ ਨੂੰ ਸਥਾਪਿਤ ਕੀਤਾ ਗਿਆ ਹੈ।
Posted By:

Leave a Reply