ਕਪੂਰਥਲਾ “ਚ ਬਰਗਰ ਖਾਣ ਨਾਲ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ, ਦੋਸਤ ਨਾਲ ਘਰੋਂ ਗਿਆ ਸੀ ਤੇ…..
- ਵੰਨ ਸੁਵੰਨ
- 24 Feb,2025

ਕਪੂਰਥਲਾ “ਚ ਬਰਗਰ ਖਾਣ ਨਾਲ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ, ਦੋਸਤ ਨਾਲ ਘਰੋਂ ਗਿਆ ਸੀ ਤੇ….
ਨਜ਼ਰਾਨਾ ਟਾਈਮਜ ਕਪੂਰਥਲਾ
ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ’ਚ ਇਕ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਹੈ। ਪੀੜਤ ਪਰਿਵਾਰ ਨੇ ਇਕ ਦੋਸਤ ’ਤੇ ਘਰੋਂ ਬੁਲਾ ਕੇ ਉਸ ਦਾ ਕਤਲ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਥਾਣਾ ਢਿੱਲਵਾਂ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਪੋਸਟਮਾਰਟਮ ਸੋਮਵਾਰ ਨੂੰ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਜਾਵੇਗਾ।
ਐੱਸ. ਐੱਚ. ਓ. ਮਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ 22 ਸਾਲਾ ਜਸਕਰਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ ਵਜੋਂ ਹੋਈ ਹੈ। ਮੁਲਜ਼ਮ ਨੌਜਵਾਨ ਦੀ ਭਾਲ ਜਾਰੀ ਹੈ। ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ ਨੂੰ ਸ਼ਨੀਵਾਰ ਸ਼ਾਮ ਕਰੀਬ 4 ਵਜੇ ਉਸ ਦਾ ਦੋਸਤ ਯੋਧਾ ਸਿੰਘ ਘਰੋਂ ਬੁਲਾ ਕੇ ਲੈ ਗਿਆ ਸੀ ਅਤੇ ਫਿਰ ਲਗਭਗ 6 ਵਜੇ ਉਸ ਨੇ ਜਸਕਰਨ ਦੇ ਪਰਿਵਾਰ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਬਰਗਰ ਖਾਂਦੇ ਸਮੇਂ ਜਸਕਰਨ ਦੇ ਗਲੇ ’ਚ ਕੁਝ ਫਸ ਗਿਆ ਸੀ, ਜਿਸ ਨੂੰ ਉਹ ਬਿਆਸ ਹਸਪਤਾਲ ਲੈ ਜਾ ਰਿਹਾ ਹੈ।
ਜਦੋਂ ਉਸ ਨੂੰ ਬਿਆਸ ਹਸਪਤਾਲ ਲਿਜਾਇਆ ਗਿਆ ਤਾਂ ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮੁਲਜਮ ਦੋਸਤ ਯੋਧਾ ਸਿੰਘ ਮੌਕੇ ਤੋਂ ਭੱਜ ਗਿਆ। ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਮ੍ਰਿਤਕ ਜਸਕਰਨ ਸਿੰਘ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਉਸ ਦਾ ਦੋਸਤ ਪਹਿਲਾਂ ਹੀ ਉੱਥੋਂ ਭੱਜ ਚੁੱਕਾ ਸੀ ਅਤੇ ਜਸਕਰਨ ਸਿੰਘ ਦੀ ਲਾਸ਼ ਹਸਪਤਾਲ ’ਚ ਪਈ ਸੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਦੂਜੇ ਪਾਸੇ ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਯੋਧਾ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਬਿਜਲੀ ਨੰਗਲ ਜ਼ਿਲ੍ਹਾ ਕਪੂਰਥਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Posted By:

Leave a Reply