ਕੇਸ ਨੇ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
- ਕਵਿਤਾ
- 12 Apr,2025

ਦਾਸਰਾ ਕਰੇ ਬੇਨਤੀ, ਦੋਨੋਂ ਹੱਥ ਬੰਨ ਕੇ ਤੇ।
ਮਨ ਲਾ ਕੇ ਸੁਣੋ ਸੰਗਤੇ, ਸਤਗੁਰਿ ਦੀ ਮੰਨ ਕੇ ਤੇ।
ਰਹਿਣੀ ਵਿੱਚ ਰਹੀਏ ਪੱਕੇ, ਮਨਮਤਿ ਨੂੰ ਭੰਨ ਕੇ ਤੇ।
ਏਸੇ ਵਿੱਚ ਭਲਾ ਹੋਏਗਾ, ਬੁਰਾ ਮਨਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ।
ਭੁੱਲੜ ਨੇ ਭਾਈ ਜਿਹੜੇ, ਇਸ ਗੱਲੋਂ ਜਕਦੇ ਨੇ।
ਕੇਸਾਂ ਦੀ ਸਾਂਭ ਜ਼ਰੂਰੀ, ਇਸ ਤੋਂ ਮੂੰਹ ਵਟਦੇ ਨੇ।
ਸੋਹਣੇ ਜਿਹੇ ਬਾਲਾਂ ਦੇ ਵੀ, ਵਾਲ. ਜੋ ਕਟਦੇ ਨੇ।
ਸਤਿਗੁਰ ਦੀਆਂ ਦਾਤਾਂ ਤਾਈਂ, ਮੂਲੋਂ ਗਵਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ।
ਸਿੱਖਾਂ ਘਰ ਜਨਮ ਅਸਾਡਾ, ਭਾਗਾਂ ਨਾਲ ਹੋਇਆ ਏ।
ਸੋਹਣੀ ਜਿਹੀ ਸੂਰਤ ਬਖ਼ਸ਼ੀ, ਕੁਝ ਨਾ ਲੁਕੋਇਆ ਏ।
ਦੇਖੇ ਸਤਗੁਰੂ ਅਸਾਨੂੰ, ਸਿਰ 'ਤੇ ਖੜੋਇਆ ਏ।
ਦਾਤੇ ਤੋਂ ਬੇਮੁੱਖ ਹੋ ਕੇ, ਪਾਪੀ ਅਖਵਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ।
ਸਤਿਗੁਰ ਨੇ ਰੂਪ ਆਪਣਾ, ਸਾਨੂੰ ਬਣਾਇਆ ਏ।
'ਚਾਰੇ ਉਸ ਲਾਲ' ਵਾਰ ਕੇ, ਸਾਨੂੰ ਸੁਣਾਇਆ ਏ।
'ਆਪ ਦੀ ਖ਼ਾਤਰ ਸਿੰਘੋ, ਸਰਬੰਸ ਲੁਟਾਇਆ ਏ।
ਰੂਪ ਮੈਂ ਦਿੱਤਾ ਆਪਣਾ, ਇਸ ਨੂੰ ਗਵਾਉਣਾ ਨਹੀਂ'।
ਕੇਸ ਨੇ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ।
ਮੰਨੀਏ ਜੇ ਬਚਨ ਗੁਰੂ ਦਾ, ਸੋਹਣੇ ਰੰਗ ਲੱਗਣਗੇ।
ਖ਼ੁਸ਼ੀਆਂ ਦੇ ਵਾਜੇ ਸਾਡੇ, ਹਿਰਦੇ ਵਿੱਚ ਵੱਜਣਗੇ।
ਵੈਰੀ ਤੇ ਦੋਖੀ ਜ਼ਾਲਮ, ਦੂਰੋਂ ਹੀ ਭੱਜਣਗੇ।
ਹਾਕਮ ਦੇ ਅੱਗੇ ਅੜਨੋਂ, ਕਦੇ ਘਬਰਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ।
ਬੱਚਿਆਂ ਦੇ ਕੇਸ ਸੰਭਾਲਣ, ਧੰਨ ਨੇ ਉਹ ਮਾਪੇ ਵੀ।
ਸਤਿਗੁਰ ਦੀ ਸੱਚੀ ਸੂਰਤ, ਉਹਨਾਂ ਵਿੱਚ ਜਾਪੇ ਜੀ।
ਦਾਤਾ ਜੀ ਸੁਣੇ ਬੇਨਤੀ, ਸਭਨਾਂ ਦੀ ਆਪੇ ਹੀ।
ਸਿੱਖੀ ਸਰੂਪ ਮਿਲ ਗਿਆ, ਇਸ ਨੂੰ ਗਵਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ।
ਜਿਸ ਨੇ ਵੀ ਬਚਨ ਮੰਨਿਆ, ਲਾਹਾ ਉਸ ਖੱਟਿਆ ਹੈ।
ਗੁਰਮਤਿ ਦੇ ਮਾਰਗ ਪੈ ਕੇ, ਪਿੱਛੇ ਨਾ ਹੱਟਿਆ ਹੈ।
ਸਿੱਖੀ ਤੋਂ ਉਲਟੇ ਪਾਸੇ, ਕਦਮ ਨਾ ਪੱਟਿਆ ਹੈ।
ਸਤਿਗੁਰ ਦੇ ਬਾਝੋਂ ਸਾਨੂੰ, ਕਿਸੇ ਸਮਝਾਉਣਾ ਨਹੀਂ।
ਕੇਸ ਹੈ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ।
ਹਰਪਾਲ ਸਿੰਘ ਰਲ ਕੇ ਆਪਾਂ, ਬੇਨਤੀਆਂ ਕਰੀਏ ਜੀ।
ਸਤਿਗੁਰ ਦੀ ਸੰਗਤ ਦੇ ਵਿੱਚ, ਹਾਜ਼ਰੀਆਂ ਭਰੀਏ ਜੀ।
ਬਾਕੀ ਡਰ ਮਨ 'ਚੋਂ ਕੱਢ ਕੇ, ਇਕ ਰੱਬੋਂ ਡਰੀਏ ਜੀ।
ਮਾਣਸ ਇਹ ਜਨਮ ਅਮੋਲਕ, ਮੁੜ ਕੇ ਥਿਆਉਣਾ ਨਹੀਂ।
ਕੇਸ ਹੈ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।
ਕੇਸ ਨੇ ਮੋਹਰ ਗੁਰੂ ਦੀ।
ਲੇਖਕ - ਹਰਪਾਲ ਸਿੰਘ ਲੱਖਾ
Posted By:

Leave a Reply