ਇੰਦਰਾ ਦੇ ਸੋਧੇ ਤੋਂ ਬਾਅਦ ਭਾਈ ਬਿਅੰਤ ਸਿੰਘ ਦਾ ਪਿੰਡ ਸਾੜਨ ਲੱਗੇ ਸੀ ਹਿੰਦੂ ਗੁੰਡੇ
- ਗੁਰਬਾਣੀ-ਇਤਿਹਾਸ
- 31 Oct,2025
ਇੰਦਰਾ ਦੇ ਸੋਧੇ ਤੋਂ ਬਾਅਦ ਭਾਈ ਬਿਅੰਤ ਸਿੰਘ ਦਾ ਪਿੰਡ ਸਾੜਨ ਲੱਗੇ ਸੀ ਹਿੰਦੂ ਗੁੰਡੇ
ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਫ਼ੌਜੀ ਹਮਲਾ ਕਰਵਾਉਣ ਵਾਲੀ ਪਾਪਣ ਇੰਦਰਾ ਗਾਂਧੀ ਨੂੰ ਜਦੋਂ ਭਾਈ ਸਤਵੰਤ ਸਿੰਘ ਅਤੇ ਭਾਈ ਬਿਅੰਤ ਸਿੰਘ ਨੇ 31 ਅਕਤੂਬਰ 1984 ਨੂੰ ਗੱਡੀ ਚਾੜ੍ਹ ਦਿੱਤਾ ਤਾਂ ਉਸ ਤੋਂ ਬਾਅਦ ਫ਼ਿਰਕੂ ਹਿੰਦੂਤਵੀਆਂ ਨੇ ਭਾਰਤ ਭਰ ਵਿੱਚ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਸਿੱਖਾਂ ਦੇ ਘਰਾਂ ਤੇ ਜਾਇਦਾਦਾਂ ਨੂੰ ਅੱਗ ਲਾ ਦਿੱਤੀ। ਭਾਈ ਬੇਅੰਤ ਸਿੰਘ ਜੀ ਜੋ ਚੰਡੀਗੜ੍ਹ ਦੇ ਨੇੜੇ ਪਿੰਡ ਮਲੋਆ ਦੇ ਰਹਿਣ ਵਾਲੇ ਸਨ। ਕੁਝ ਹਿੰਦੂ ਗੁੰਡੇ ਜੋ ਭਾਈ ਬੇਅੰਤ ਸਿੰਘ ਦਾ ਪਿੰਡ ਮਲੋਆ ਨੂੰ ਸਾੜਨ ਲਈ ਪਿੰਡ ਲੱਡੂ ਮਾਜਰਾ ਵਿਖੇ ਇਕੱਠੇ ਹੋਏ ਜਿਨ੍ਹਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ, ਤੇਲ ਦੀਆਂ ਪੀਪੀਆਂ, ਤ੍ਰਿਸ਼ੂਲ, ਤਲਵਾਰਾਂ, ਡਾਂਗਾਂ ਅਤੇ ਲੋਹੇ ਦੀਆਂ ਰਾਡਾਂ ਸਨ। ਪਿੰਡ ਮਲੋਆ ਦੇ ਸਰਪੰਚ ਸਰਦਾਰ ਸਰੂਪ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾਈ ਅਤੇ ਪਿੰਡ ਵਾਸੀਆਂ ਨੂੰ ਸਾਰੇ ਘਟਨਾਕ੍ਰਮ ਅਤੇ ਹੋਣ ਵਾਲੇ ਹਮਲੇ ਬਾਰੇ ਦੱਸਿਆ। ਸਾਰੇ ਪਿੰਡ ਦੇ ਨੌਜਵਾਨਾਂ ਨੇ ਸਲਾਹ ਕੀਤੀ ਕਿ ਪਿੰਡ ਦੀ ਰਾਖੀ ਕੀਤੀ ਜਾਵੇ। ਸਿੱਖ ਨੌਜਵਾਨ ਉਸੇ ਸਮੇਂ ਆਪਣੇ ਘਰਾਂ ਵਿੱਚੋਂ ਡਾਂਗਾਂ, ਕਿਰਪਾਨਾਂ, ਗੰਡਾਸੀਆਂ ਅਤੇ ਹੋਰ ਸ਼ਸਤਰ ਕੱਢ ਲਿਆਏ ਤੇ ਪਿੰਡ ਦੇ ਚਾਰੇ ਪਾਸੇ ਉਹਨਾਂ ਨੇ ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ। ਪਿੰਡ ਵਾਸੀਆਂ ਨੇ ਇਸ ਹਮਲੇ ਦਾ ਜਵਾਬ ਦੇਣ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਤੇ ਸਾਰੇ ਹੀ ਸੁਚੇਤ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਹੜੇ ਲੋਕ ਤਾਂ ਗੁਰੂ-ਘਰ ਨਾਲ ਜੁੜੇ ਸੀ, ਉਹਨਾਂ ਨੇ ਮੋਰਚਾ ਸੰਭਾਲ ਲਿਆ ਅਤੇ ਬਾਕੀ ਕੁਝ ਲੋਕ ਜੋ ਮੁਸੀਬਤ ਦਾ ਸਾਹਮਣਾ ਕਰਨ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਦੇ ਚਲੇ ਗਏ। ਇੰਨੇ ਚਿਰ ਨੂੰ ਚੰਡੀਗੜ੍ਹ ਪੁਲਿਸ ਨੇ ਵੀ ਪਿੰਡ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਪਿੰਡ ਮਲੋਆ ਦੇ ਹਰ ਇੱਕ ਨੌਜਵਾਨ, ਬਜ਼ੁਰਗ, ਬੀਬੀ ਅਤੇ ਬੱਚੇ ਬਾਰੇ ਜਾਣਕਾਰੀ ਇਕੱਤਰ ਕੀਤੀ। ਪੁਲਿਸ ਨੇ ਸਾਰੇ ਪਿੰਡ ਵਾਸੀਆਂ ਦੀ ਸੂਹ ਪ੍ਰਾਪਤ ਕੀਤੀ ਕਿ ਕੌਣ ਕੀ-ਕੀ ਕਰਦਾ ਹੈ। ਪਿੰਡ ਵਿੱਚ ਕਿਹੜੇ ਵਿਅਕਤੀ ਦੇ ਭਾਈ ਬੇਅੰਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਸੰਬੰਧ ਹਨ ਤੇ ਕੌਣ ਕਿੱਥੇ-ਕਿੱਥੇ ਡਿਊਟੀ ਜਾਂ ਹੋਰ ਕੋਈ ਕੰਮ ਕਰਦਾ ਹੈ। ਫਿਰ ਦਿੱਲੀ ਤੋਂ ਪੁਲਿਸ ਆ ਗਈ, ਉਹਨਾਂ ਨੇ ਸਾਰੇ ਪਿੰਡ ਨੂੰ ਘੇਰਾ ਪਾ ਲਿਆ, ਕਈਆਂ ਨੂੰ ਗ੍ਰਿਫ਼ਤਾਰ ਕੀਤਾ, ਕਈਆਂ ਤੋਂ ਪੁੱਛਗਿੱਛ ਕੀਤੀ ਅਤੇ ਹਰ ਇੱਕ ਦਾ ਨਾਮ-ਪਤਾ ਲਿਖਿਆ। ਭਾਈ ਬੇਅੰਤ ਸਿੰਘ ਅਤੇ ਉਹਨਾਂ ਦੇ ਭਰਾ ਤੇ ਕੁਝ ਹੋਰਾਂ ਨੂੰ ਫੜ ਕੇ ਦਿੱਲੀ ਲੈ ਗਏ। ਇਸ ਪਿੰਡ ਵਿੱਚ ਹਮਲਾ ਕਰਨ ਦੀ ਤਿਆਰੀ ਕਰਨ ਵਾਲੇ ਹਿੰਦੂ ਗੁੰਡਿਆਂ ਨੂੰ ਜਦੋਂ ਇਹ ਪਤਾ ਲੱਗਾ ਕਿ ਅੱਗੋਂ ਪਿੰਡ ਮਲੋਆ ਦੇ ਵਾਸੀ ਵੀ ਖੰਡਾ ਖੜਕਾਉਣ ਲਈ ਤਿਆਰ ਹੋ ਗਏ ਹਨ ਤੇ ਉਹ ਪਿੰਡ ਵਿੱਚ ਗਿਆਂ ਨੂੰ ਸਾਨੂੰ ਬਖ਼ਸ਼ਣਗੇ ਨਹੀਂ, ਸਗੋਂ ਟੋਟੇ-ਟੋਟੇ ਕਰਕੇ ਹੀ ਵਾਪਸ ਮੋੜਨਗੇ ਤਾਂ ਫਿਰ ਉਹ ਹਿੰਦੂ ਗੁੰਡੇ ਘਬਰਾ ਗਏ ਤੇ ਓਥੋਂ ਹੀ ਵਾਪਸ ਆਪਣੇ ਘਰਾਂ ਨੂੰ ਤਿੱਤਰ ਹੋ ਗਏ। ਭਾਈ ਹਰਨੇਕ ਸਿੰਘ ਮਲੋਆ ਅਤੇ ਹੋਰ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਚੰਡੀਗੜ੍ਹ ਪੁਲਿਸ ਨੇ ਬਾਅਦ ਵਿੱਚ ਇਸ ਹਿੰਦੂ ਭੀੜ ਦੀ ਅਗਵਾਈ ਕਰਨ ਵਾਲੇ ਮੁੱਖ ਗੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਿੰਡ ਵਾਸੀਆਂ ਨੇ ਤਕਰੀਬਨ ਇੱਕ ਮਹੀਨਾ ਸ਼ਸਤਰਧਾਰੀ ਹੋ ਕੇ ਦਿਨ-ਰਾਤ ਠੀਕਰੀ ਪਹਿਰੇ ਲਾਏ ਤੇ ਸਭ ਗੁਰਦੁਆਰਾ ਵਿੱਚੋਂ ਹੀ ਲੰਗਰ ਪ੍ਰਸ਼ਾਦਾ ਛਕਦੇ। ਪਿੰਡ ਦੇ ਬਾਹਰਵਾਰ ਪੁਲਿਸ ਵੀ ਲੱਗੀ ਰਹੀ ਅਤੇ ਅੰਦਰਲੇ ਪਾਸੇ ਪਿੰਡ ਵਾਸੀ ਖੁਦ ਡਟੇ ਰਹੇ। ਤਕਰੀਬਨ ਇੱਕ ਮਹੀਨਾ ਕਿਸੇ ਨੂੰ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ ਤੇ ਬਾਹਰੋਂ ਪਿੰਡ ਵਿੱਚ ਦਾਖਲ ਹੋਣ ਵਾਲੇ ਵਿਅਕਤੀ ਨੂੰ ਵੀ ਸ਼ੱਕੀ ਨਿਗ੍ਹਾ ਨਾਲ ਵੇਖਿਆ ਜਾਂਦਾ ਤੇ ਉਸ ਦੀ ਪੁੱਛ-ਪੜਤਾਲ ਕੀਤੀ ਜਾਂਦੀ। ਪਿੰਡ ਵਾਸੀਆਂ ਨੇ ਤਾਂ ਚੰਡੀਗੜ੍ਹ ਅਤੇ ਦਿੱਲੀ ਪੁਲਿਸ ਨੂੰ ਵੀ ਇਹ ਲਿਖਤੀ ਰੂਪ ਵਿੱਚ ਪੱਤਰ ਦਿੱਤਾ ਸੀ ਕਿ ਜੇ ਕੋਈ ਪੁਲਿਸ ਅਫ਼ਸਰ ਜਾਂ ਮੁਲਾਜ਼ਮ ਸਾਡੇ ਪਿੰਡ ਵਿੱਚ ਆਵੇ ਤਾਂ ਉਹ ਵਰਦੀ ਵਿੱਚ ਹੀ ਆਵੇ। ਜੇ ਕੋਈ ਵਰਦੀ ਤੋਂ ਬਿਨਾਂ ਆਇਆ ਤਾਂ ਉਹ ਸ਼ੱਕੀ ਤੌਰ ਉੱਤੇ ਸਾਡੇ ਕੋਲੋਂ ਰਗੜਿਆ ਗਿਆ ਤਾਂ ਇਸ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ। ਭਾਈ ਬੇਅੰਤ ਸਿੰਘ ਦੀ ਛੋਟੀ ਭਰਜਾਈ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਪੂਰੇ ਘਰ ਦੀ ਤਲਾਸ਼ੀ ਕੀਤੀ ਪਰ ਉਹਨਾਂ ਨੂੰ ਕੁਝ ਵੀ ਇਤਰਾਜ਼ਯੋਗ ਚੀਜ ਨਹੀਂ ਮਿਲੀ। ਪੁਲਿਸ ਕਾਫ਼ੀ ਸਮਾਂ ਘਰ ਵਿੱਚ ਗੇੜੇ ਮਾਰਦੀ ਰਹੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਤੇ ਬੀਬੀ ਬਿਮਲ ਕੌਰ ਨੂੰ ਲੈ ਜਾਂਦੀ। ਪਿੰਡ ਵਾਸੀ ਦੱਸਦੇ ਹਨ ਕਿ "ਜਦੋਂ ਭਾਈ ਬੇਅੰਤ ਸਿੰਘ ਨੇ ਢੱਠਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵੇਖਿਆ ਤਾਂ ਉਸ ਦੀ ਰੂਹ ਕੰਬ ਗਈ, ਉਸ ਕੋਲ ਇਹ ਤਬਾਹੀ ਵੇਖੀ ਅਤੇ ਜਰੀ ਨਹੀਂ ਸੀ ਗਈ। ਫਿਰ ਵਾਹਿਗੁਰੂ ਦੀ ਕੁਦਰਤੀ ਖੇਡ ਵਾਪਰੀ, ਭਾਈ ਬੇਅੰਤ ਸਿੰਘ ਨੇ ਇੰਦਰਾ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ।" ਪਿੰਡ ਦੇ ਬਜ਼ੁਰਗਾਂ ਨੇ ਬੜੇ ਮਾਣ ਨਾਲ ਦੱਸਿਆ ਕਿ "ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜਿਹੜਾ ਵੀ ਟਕਰਾਇਆ, ਉਹ ਫਿਰ ਬਚ ਨਹੀਂ ਸਕਦਾ ਤੇ ਫਿਰ ਇੰਦਰਾ ਗਾਂਧੀ ਨੂੰ ਵੀ ਆਪਣਾ ਹਸ਼ਰ ਭੋਗਣਾ ਪਿਆ। ਭਾਈ ਬਿਅੰਤ ਸਿੰਘ ਉਸ ਨਾਲ ਡਿਊਟੀ ਕਰਦਾ ਸੀ, ਉਸ ਦੇ ਮਨ ਵਿੱਚ ਪਹਿਲਾਂ ਅਜਿਹਾ ਕੁਝ ਵੀ ਨਹੀਂ ਸੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਵੇਖ ਕੇ ਉਹ ਬਿਲਕੁਲ ਬਦਲ ਗਿਆ ਤੇ ਉਸ ਨੇ ਇੰਦਰਾ ਨੂੰ ਸੋਧ ਕੇ ਸ੍ਰੀ ਦਰਬਾਰ ਸਾਹਿਬ ਦਾ ਬਦਲਾ ਲਿਆ।" ਹੁਣ ਹਰ ਸਾਲ 31 ਅਕਤੂਬਰ ਨੂੰ ਪਿੰਡ ਮਲੋਆ ਦੇ ਗੁਰਦੁਆਰਾ ਸਾਹਿਬ ਵਿੱਚ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਭਾਈ ਬੇਅੰਤ ਸਿੰਘ ਦੇ ਇਸ ਖ਼ਾਲਸਾਈ ਜੁਝਾਰੂ ਕਾਰਨਾਮੇ ਨੇ ਪਿੰਡ ਮਲੋਆ ਦਾ ਨਾਮ ਸਿੱਖ ਇਤਿਹਾਸ ਵਿੱਚ ਦਰਜ ਕਰਵਾ ਦਿੱਤਾ। ਪਿੰਡ ਮਲੋਆ ਦੇ ਵਾਸੀਆਂ ਨੇ ਉਸ ਸਮੇਂ ਜਿਸ ਤਰ੍ਹਾਂ ਸ਼ਸਤਰਧਾਰੀ ਹੋ ਕੇ ਪਿੰਡ ਦੀ ਰਾਖੀ ਕੀਤੀ, ਇਸੇ ਤਰ੍ਹਾਂ ਹਰੇਕ ਸਿੱਖ ਨੂੰ ਹਰ ਸਮੇਂ ਸ਼ਸਤਰਧਾਰੀ ਹੋ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਨਵੰਬਰ 1984 ਵਾਂਗ ਸਿੱਖਾਂ ਦੀ ਨਸਲਕੁਸ਼ੀ ਨਾ ਵਾਪਰ ਸਕੇ ਤੇ ਚੜ੍ਹ ਕੇ ਆਏ ਦੁਸ਼ਮਣਾਂ ਨੂੰ ਜੂਨ 1984 ਵਾਂਗ ਹੀ ਮੌਕੇ 'ਤੇ ਮੋੜਵਾਂ ਜਵਾਬ ਦਿੱਤਾ ਜਾ ਸਕੇ। -
ਰਣਜੀਤ ਸਿੰਘ ਦਮਦਮੀ ਟਕਸਾਲ
( ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Posted By:
GURBHEJ SINGH ANANDPURI
Leave a Reply