ਰਾਜ ਕਰਨ ਵਾਲੀ* *(ਕਿਸੇ ਜਨਣੀ ਦੀ ਹਾਕ)*

*ਰਾਜ ਕਰਨ ਵਾਲੀ*

*(ਕਿਸੇ ਜਨਣੀ ਦੀ ਹਾਕ)*



ਸਭ ਦਾ ਸਤਿਕਾਰ ਤੇ ਸਭ ਨੂੰ ਪਿਆਰ ਕਰਨ ਵਾਲੀ ਸਭ ਪਾਸਿਉਂ ਪਿਆਰ ਅਤੇ ਸਤਿਕਾਰ ਤੋਂ ਵਾਂਝੀ ਰਹਿ ਜਾਂਦੀ ਹੈ। ਜਿਸ ਦੇ ਬਾਰੇ ਸੋਚਣ ਵਾਲਾ ਕੋਈ ਵੀ ਨਹੀਂ, ਜਿਸ ਨੂੰ ਘਰ ਦਾ ਕੂੜਾ ਸਾਫ ਕਰਨ ਵਾਲੇ ਝਾੜੂ ਜਿੰਨੀ ਵੀ ਥਾਂ ਨਹੀਂ ਦਿੱਤੀ ਜਾਂਦੀ।


ਕੀ ਇਹ ਮੇਰੀ ਕਿਸਮਤ ਏ? ਕੀ ਇਹ ਸਭ ਮੇਰੇ ਨਾਲ ਰੱਬ ਨੇ ਕੀਤਾ? ਕੀ ਇਹ ਸਭ ਮੇਰੇ ਭਾਗ ਨੇ ?


ਨਹੀਂ.....ਨਹੀਂ ਇਹ ਮੇਰੀ ਕਿਸਮਤ ਜਾਂ ਮੇਰੇ ਬੁਰੇ ਭਾਗ ਨਹੀਂ, ਸਮਾਜ ਅਤੇ ਸਿਸਟਮ ਦੀ ਸੌੜੀ ਸੋਚ ਹੈ। ਰੱਬ ਨੇ ਨਹੀਂ ਕੀਤਾ ਇਹ ਸਭ ਮੇਰੇ ਨਾਲ।

ਰੱਬ ਜੀ ਨੇ ਤਾਂ ਨਾਨਕ ਰੂਪ ਵਿੱਚ ਆ ਕੇ ਮੇਰੇ ਲਈ ਹਾਅ ਦਾ ਨਾਹਰਾ ਮਾਰਿਆ,ਦੁਨੀਆਂ ਦੀ ਮੈਨੂੰ ਦੁਰਕਾਰਨ ਵਾਲੀ ਸੋਚ ਨੂੰ ਦੁਰਕਾਰਿਆ। ਕਿਹਾ ਕਿ ਜਿਸ ਤੋਂ ਤੁਸੀਂ ਪੈਦਾ ਹੋਏ, ਜਿਸ ਨਾਲ ਦੋਸਤੀ ਕਰਦੇ, ਜਿਸ ਤੇ ਮਰਨ ਤੇ ਹੋਰ ਲੱਭਦੇ, ਜਿਸ ਬਿਨਾਂ ਤੁਹਾਡੇ ਜੀਵਨ ਦੀ ਇੱਕ ਵੀ ਖੁਸ਼ੀ ਪੈਦਾ ਨਹੀਂ ਹੋ ਸਕਦੀ, ਜਿਸ ਤੋਂ ਬਿਨਾਂ ਤੁਹਾਨੂੰ ਜ਼ਿੰਦਗੀ ਹੀ ਨਹੀਂ ਮਿਲ ਸਕਦੀ, ਉਸਨੂੰ ਬੁਰਾ ਕਹਿਣਾ ਬੇਵਕੂਫੀ ਨਹੀਂ ਤਾਂ ਹੋਰ ਕੀ ਹੈ?

ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਐਸੀ ਹਸਤੀ ਨਹੀਂ ਜਿਸ ਦੀ ਹੋਂਦ ਔਰਤ ਤੋਂ ਬਿਨਾਂ ਹੋਵੇ।


ਰੱਬ ਰੂਪ ਗੁਰੂ ਨਾਨਕ ਨੇ ਤਾਂ ਮੈਨੂੰ ਰਾਜੇ ਭਗਤ ਸੰਤ ਆਦਿ ਮਹਾਨ ਲੋਕਾਂ ਨੂੰ ਪੈਦਾ ਕਰਨ ਵਾਲੀ ਕਹਿ ਕੇ ਪਿਆਰ ਬਖਸ਼ਿਆ ਗੁਰੂ ਨੇ ਤਾਂ ਕਿਹਾ ਮਰਦ ਹੋਵੇ ਭਾਵੇਂ ਔਰਤ ਰੱਬ ਦੀ ਹਜੂਰੀ ਵਿੱਚ ਕੇਵਲ ਉਹੀ ਚੰਗੇ ਹਨ ਜੋ ਰੱਬ ਦਾ ਨਾਮ ਜਪਦੇ ਹਨ ਮਰਦ ਹੋ ਕੇ ਕੋਈ ਚੰਗਾ ਨਹੀਂ ਤੇ ਔਰਤ ਹੋਣ ਕਰਕੇ ਮੈਂ ਮਾੜੀ ਨਹੀਂ ਚੰਗਾ ਉਹੀ ਜੋ ਚੰਗੇ ਕੰਮ ਕਰੇ।


ਫਿਰ ਕਿਵੇਂ ਇਹ ਸੋਚ ਲਵਾਂ ਕਿ ਮੈਂ ਮਾੜੇ ਭਾਗ ਕਰਕੇ ਔਰਤ ਬਣ ਕੇ ਦੁਨੀਆਂ ਵਿੱਚ ਆਈ ਨਹੀਂ ਨਹੀਂ ਇਹ ਮਾੜੇ ਭਾਗ ਜਾਂ ਰੱਬ ਦੀ ਸਜ਼ਾ ਨਹੀਂ ਇਹ ਤਾਂ ਰੱਬ ਜੀ ਵੱਲੋਂ ਮੈਨੂੰ ਦਿੱਤਾ ਗਾਡ ਗਿਫਟ ਹੈ।


ਇਹ ਸਮਾਜ ਦੀ ਕੇਵਲ ਕੇਵਲ ਸਮਾਜ ਦੀ ਸੌੜੀ ਸੋਚ ਹੈ ਕਿ ਮਰਦ ਹੋਣਾ ਵਡਿਆਈ ਹੈ ਤੇ ਔਰਤ ਹੋਣਾ ਕੋਈ ਅਪਰਾਧ ਸਮਾਜ ਤਾਂ ਇਹਨਾਂ ਗੰਦਾ ਹੈ ਕਿ ਰੱਬ ਦਾ ਮੈਨੂੰ ਦਿੱਤਾ ਤੋਹਫਾ ਵੀ ਖੋਹਣਾ ਚਾਹੁੰਦਾ ਹੈ ਜਦੋਂ ਕਿਸੇ ਬੱਚੇ ਨੂੰ ਉਸ ਦੇ ਪਿਤਾ ਕੇਵਲ ਪਿਤਾ ਨਾਲ ਜੋੜ ਕੇ ਕਹਿੰਦਾ ਹੈ ਕਿ ਇਹ ਬੱਚਾ ਫਲਾਣੇ(ਮਰਦ) ਦਾ ਖੂਨ ਹੈ।


ਜਦ ਕਿ ਮੇਰੇ ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੀ ਹੈ।

" ਮਾਂ ਕੀ ਰਕਤ ਪਿਤਾ ਬਿੰਦ ਧਾਰਾ॥

ਮੂਰਤਿ ਸੂਰਤਿ ਕਰਿ ਅਪਾਰਾ॥

ਜੋਤਿ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੇ॥੪॥"

(ਗੁਰੂ ਗ੍ਰੰਥ ਸਾਹਿਬ ਅੰਗ-1022)


ਬੱਚਾ ਇਕੱਲੇ ਪਿਤਾ ਦਾ ਨਹੀਂ, ਬੱਚਾ ਮਾਂ ਦਾ ਹੈ, ਖੂਨ ਮਾਂ ਦਾ ਹੈ ਪਿਤਾ ਦਾ ਬਿੰਦ (ਵੀਰਜ) ਹੈ।


ਸਮਾਜ ਨੇ ਮੈਨੂੰ ਪਾਪੀ ਅਪਰਾਧੀ ਹੋਣਾ ਮਹਿਸੂਸ ਕਰਨ ਲਗਾ ਦਿੱਤਾ।ਕੇਵਲ ਮੇਰੇ ਤੇ ਹੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਮੇਰੇ ਤੋਂ ਰੱਖੜੀ ਬਣਵਾਉਣ ਵਾਲੇ ਨੇ ਕਦੇ ਮੇਰਾ ਸਾਥ ਨਹੀਂ ਦਿੱਤਾ। ਮੇਰੇ ਖੂਨ ਤੋਂ ਪੈਦਾ ਹੋਏ ਨੇ ਮੇਰੇ ਲਈ ਆਵਾਜ਼ ਨਾ ਉਠਾਈ, ਜਿਸ ਪਿਤਾ ਦੇ ਸ਼ਬਦਾਂ ਵਿੱਚ ਮੈਂ ਪਰੀ, ਘਰ ਦੀ ਖੁਸ਼ੀ ਸੀ,ਉਹਨਾਂ ਵੀ ਹੌਲੀ ਹੌਲੀ ਮੇਰੀਆਂ ਖੁਸ਼ੀਆਂ ਤੇ ਪਾਬੰਦੀ ਲਗਾ ਦਿੱਤੀ ਘਰ ਤੋਂ ਬਾਹਰ ਤੱਕ ਨਿਕਲਣਾ ਬੰਦ ਕਰ ਦਿੱਤਾ। ਕਿ ਬਾਹਰ ਮੰਡੀਰ ਏ, ਮੇਰੀ ਇੱਜਤ ਨੂੰ ਖਤਰਾ ਏ, ਜਦ ਕਿ ਇਹ ਖਤਰਾ ਪੈਦਾ ਕਰਨ ਵਾਲਿਆਂ ਨੂੰ ਸਮਾਜ ਦੇ ਕਿਸੇ ਵੀ ਰਿਸ਼ਤੇ ਨੇ ਰੋਕਣਾ ਜਰੂਰੀ ਨਾ ਸਮਝਿਆ।


ਪਰ ਇਸ ਸਮਾਜ ਦਾ ਵੀ ਕੋਈ ਕਸੂਰ ਨਹੀਂ। ਮੈਂ ਹੀ ਕੁੜੀ ਹੁਣ ਪਾਪ ਹੈ, ਇਹ ਮੰਨ ਲਿਆ ਮੈਂ "*ਸੋ ਕਿਉ ਮੰਦਾ ਆਖੀਐ*" ਵਾਲੀ ਸੋਚ ਪੈਦਾ ਕਰਕੇ ਸਮਾਜ ਨੂੰ, ਆਪਣੇ ਰਿਸ਼ਤਿਆਂ ਨੂੰ ਸਵਾਲ ਕਰਨੇ ਜਰੂਰੀ ਨਾ ਸਮਝੇ, ਪਤਾ ਕਿਉਂ?


ਇਸ ਲਈ ਨਹੀਂ ਕਿ ਮੈਂ ਕਮਜ਼ੋਰ ਹਾਂ। ਇਸ ਲਈ ਵੀ ਨਹੀਂ ਕਿ ਮੈਂ ਡਰਦੀ ਹਾਂ। ਸਗੋਂ ਇਸ ਲਈ, ਕਿਉਂਕਿ ਮੈਂ ਆਪਣੇ ਮਾਤਾ ਪਿਤਾ, ਭੈਣ ਭਰਾ, ਪੁੱਤਰ ਧੀ, ਦਾਦੀ ਦਾਦਾ, ਆਪਣੇ ਹਰ ਰਿਸ਼ਤੇ ਦਾ ਸਤਿਕਾਰ ਕਰਦੀ ਹਾਂ। ਹਰ ਕਿਸੇ ਨੂੰ ਖੁਸ਼ ਦੇਖਣ ਦਾ ਚਾਹ ਹੈ ਮੈਨੂੰ। ਜਿਸ ਦੀ ਇਹ ਸਮਾਜ ਦੁਰਵਰਤੋਂ ਕਰ ਰਿਹਾ ਹੈ।


ਮੈਂ ਸਮਾਜ ਨੂੰ, ਹਰ ਰਿਸ਼ਤੇ ਨੂੰ ਪਿਆਰ ਤੇ ਸਤਿਕਾਰ ਨਾਲ ਸਾਵਧਾਨ ਕਰਦੀ ਹਾਂ। ਕਿ ਬਸ ਕਰੋ। ਹੁਣ ਆਪਣੇ ਹੰਕਾਰ ਵਿੱਚ ਮੇਰੇ ਖੰਭਾਂ ਨੂੰ ਕੱਟਣ ਦੀ ਕੋਸ਼ਿਸ਼ ਬੰਦ ਕਰੋ। ਰੱਬ ਨੇ ਇਹ ਅਸਮਾਨ ਮੇਰੀ ਉਡਾਰੀ ਲਈ ਵੀ ਬਰਾਬਰ ਬਣਾਇਆ ਹੈ। ਮੈਂ ਵੀ ਉੱਡਣਾ ਚਾਹੁੰਦੀ ਹਾਂ ਅਤੇ ਇਤਿਹਾਸ ਗਵਾਹ ਹੈ। ਸਦਾ ਹੀ ਮੈਂ ਮਰਦ ਤੋਂ ਚਾਰ ਕਦਮ ਅੱਗੇ ਉਡਾਣ ਭਰੀ ਹੈ। ਸ਼ਾਇਦ ਇਸੇ ਕਰਕੇ ਮੇਰੇ ਨਾਲ ਨਫਰਤ ਹੈ ਕਿ ਮੈਂ ਸਭ ਦਾ ਹੰਕਾਰ ਤੋੜ ਸਕਦੀ ਹਾਂ।


ਸਾਵਧਾਨ! ਐ ਸਮਾਜ, ਐ ਦੁਨੀਆਂ, ਐ ਮੇਰੇ ਹਰ ਰਿਸ਼ਤੇ, ਸਾਵਧਾਨ! ਮੇਰੇ ਦਿਲ ਵਿੱਚ ਤੁਹਾਡੇ ਲਈ ਪਿਆਰ ਅਤੇ ਸਤਿਕਾਰ ਹੈ, ਇਸ ਨੂੰ ਬਣਿਆ ਰਹਿਣ ਦਿਓ। ਜੇ ਮੈਂ ਤੁਹਾਡੀਆਂ ਬੰਦਸ਼ਾਂ ਤੋਂ ਅੱਕ ਕੇ, ਤੁਹਾਡੀਆਂ ਰੋਕਾਂ ਤੋੜਣ ਲਈ, ਬਾਗੀ ਸੋਚ ਅਪਣਾਅ ਲਈ ਤਾਂ ਯਾਦ ਰੱਖਿਓ,

ਜੋ ਰਾਜ ਕਰਨ ਵਾਲੇ ਜੰਮ ਸਕਦੀ ਏ......................

ਉਹ ਖੁਦ ਵੀ ਰਾਜ ਕਰ ਸਕਦੀ ਹੈ।...... ਸਾਵਧਾਨ!


ਲਿਖਤੁਮ *ਸੋਧ ਸਿੰਘ ਬਾਜ਼ 9041301984*