ਪੁਸਤਕ "ਬੁਰਾਈ ਦਾ ਟਾਕਰਾ" ਚੋਂ ਇੱਕ ਮਹੱਤਵਪੂਰਨ ਲੇਖ “ਸੰਗ੍ਰਾਂਦ-“ ਲੇਖਕ : ਪ੍ਰੋ ਸਾਹਿਬ ਸਿੰਘ ਜੀ
- ਗੁਰਬਾਣੀ-ਇਤਿਹਾਸ
- 15 Mar,2025

ਪੁਸਤਕ "ਬੁਰਾਈ ਦਾ ਟਾਕਰਾ" ਚੋਂ ਇੱਕ ਮਹੱਤਵਪੂਰਨ ਲੇਖ
*ਸੰਗ੍ਰਾਂਦ*
ਲੇਖਕ : ਪ੍ਰੋ ਸਾਹਿਬ ਸਿੰਘ ਜੀ
ਮਨੁੱਖ-ਜਾਤੀ ਦੇ ਜੀਵਨ ਵਿਚ ਇਕ ਉਹ ਸਮਾਂ ਭੀ ਆਇਆ ਸੀ, ਜਦੋਂ ਉਹ ਇਹ ਸਮਝਦਾ ਸੀ ਕਿ ਕੁਦਰਤ ਦੇ ਹਰੇਕ ਅੰਗ ਵਿਚ, ਧਰਤੀ ਹਵਾ ਪਾਣੀ ਵਿਚ, ਰੁੱਖਾਂ ਤੇ ਪਰਬਤਾਂ ਵਿਚ, ਹਨੇਰੀ ਝੱਖੜਾਂ ਵਿਚ, ਕੜਕਦੀ ਬਿਜਲੀ ਤੇ ਭੁਚਾਲਾਂ ਵਿਚ, ਪਸ਼ੂ ਪੰਛੀਆਂ ਤੇ ਮੱਛੀਆਂ ਵਿਚ, ਸੂਰਜ ਚੰਦ੍ਰਮਾ ਤੇ ਤਾਰਿਆਂ ਵਿਚ, ਹਰ ਥਾਂ 'ਰੂਹਾਂ' ਹਨ, ਜੋ ਮਨੁੱਖ ਦੀਆਂ ਵਿਰੋਧੀ ਹਨ। ਮਨੁੱਖ ਦਾ ਇਹ ਵੱਡਾ ਫ਼ਰਜ਼ ਗਿਣਿਆ ਗਿਆ ਸੀ ਕਿ ਇਹਨਾਂ 'ਰੂਹਾਂ' ਦੀ ਚਾਪਲੂਸੀ ਕਰਦਾ ਰਹੇ, ਤਾਂ ਜੁ ਉਹ ਇਸ ਨੂੰ ਸਤਾਣੋਂ ਰੁਕੀਆਂ ਰਹਿਣ।
ਸਮਾਂ ਪੈਣ 'ਤੇ 'ਭੈੜੀਆਂ ਰੂਹਾਂ' ਦੇ ਨਾਲ ਦੇਵਤੇ ਭੀ ਸ਼ਾਮਲ ਕੀਤੇ ਗਏ। ਇਹਨਾਂ ਦੇ ਆਪੋ ਵਿਚ ਦੇ ਜੰਗਾਂ ਦੀ ਚਰਚਾ ਭੀ ਚਲਣ ਲੱਗ ਪਈ। ਯੂਨਾਨ, ਚੀਨ, ਫ਼ਾਰਸ ਤੇ ਹਿੰਦੁਸਤਾਨ ਪੁਰਾਣੀ ਸੱਭਿਅਤਾ ਵਾਲੇ ਸਾਰੇ ਦੇਸਾਂ ਵਿਚ ਇਹੀ ਖ਼ਿਆਲ ਪ੍ਰਚਲਤ ਸੀ ਕਿ ਸਾਰੀ ਰਚਨਾ ਵਿਚ ਹਰ ਥਾਂ ਕਿਤੇ ਦੇਵਤਿਆਂ ਤੇ ਕਿਤੇ ਦੈਂਤਾਂ ਦਾ ਰਾਜ ਹੈ ਤੇ ਹਰ ਵੇਲੇ ਮਨੁੱਖ ਦੇ ਸੁਖ ਦੁਖ ਇਹਨਾਂ ਦੇ ਵੱਸ ਵਿਚ ਹਨ। ਭਲੀਆਂ ਰੂਹਾਂ (ਦੇਵਤਿਆਂ) ਤੋਂ ਕੋਈ ਸੁਖ ਹਾਸਲ ਕਰਨ ਲਈ ਤੇ ਭੈੜੀਆਂ ਰੂਹਾਂ ਦੀ ਭੈੜੀ ਨਜ਼ਰ ਤੋਂ ਬਚਣ ਲਈ, ਇਹਨਾਂ ਦੇਵਤਿਆਂ ਤੇ ਦੈਂਤਾਂ ਦੀ ਪੂਜਾ ਦੇ ਖ਼ਾਸ ਖ਼ਾਸ ਦਿਨ ਮਿਥੇ ਗਏ।
ਸਹਿਜੇ ਸਹਿਜੇ ਮਨੁੱਖ ਨੂੰ ਇਹ ਸਮਝ ਆ ਗਈ ਕਿ ਵਖੋ ਵੱਖ ਰੂਹਾਂ ਨਹੀਂ, ਸਗੋਂ ਇਸ ਸਾਰੀ ਕੁਦਰਤ ਨੂੰ ਬਣਾਉਣ ਵਾਲਾ ਇਕੋ ਹੀ ਸਿਰਜਨਹਾਰ ਪਰਮਾਤਮਾ ਹੈ, ਜੋ ਆਪ ਹੀ ਪਾਲਣਾ ਕਰਨ ਵਾਲਾ ਹੈ। ਜਿਉਂ ਜਿਉਂ ਇਹ ਨਿਸਚਾ ਵਧਦਾ ਗਿਆ, ਤਿਉਂ ਤਿਉਂ ਮਨੁੱਖ ਹੋਰ ਹੋਰ ਪੂਜਾ ਛੱਡ ਕੇ ਇਕ ਪਰਮਾਤਮਾ ਦੀ ਪ੍ਰੇਮ-ਭਗਤੀ ਕਰਨ ਲੱਗ ਪਿਆ, ਦੇਵਤੇ ਦੈਂਤ ਆਦਿਕ ਵਿਸਰਦੇ ਗਏ, ਤੇ ਉਹਨਾਂ ਦੀ ਪੂਜਾ ਵਾਸਤੇ ਖ਼ਾਸ ਮਿਥੇ ਹੋਏ ਦਿਨ ਭੀ ਭੁਲਦੇ ਗਏ।
ਪਰ ਇਉਂ ਜਾਪਦਾ ਹੈ ਕਿ ਹੋਰ ਸਾਰੀ ਰਚਨਾ ਨਾਲੋਂ ਸੂਰਜ ਤੇ ਚੰਦ੍ਰਮਾ ਨੇ ਮਨੁੱਖ ਦੇ ਮਨ ਉਤੇ ਵਧੀਕ ਡੂੰਘਾ ਅਸਰ ਪਾਇਆ ਹੋਇਆ ਸੀ। ਇਹਨਾਂ ਦੀ ਪੂਜਾ ਲਈ ਮਿਥੇ ਹੋਏ ਦਿਹਾੜੇ ਅਜੇ ਤੱਕ ਆਪਣਾ ਪਰਭਾਵ ਪਾਈ ਆ ਰਹੇ ਹਨ
ਸੂਰਜ ਤੇ ਚੰਦ੍ਰਮਾ ਨਾਲ ਸੰਬੰਧ ਰੱਖਣ ਵਾਲੇ ਹੇਠ-ਲਿਖੇ ਦਸ ਦਿਨ ਪਵਿੱਤਰ ਸਮਝੇ ਜਾ ਰਹੇ ਹਨ :
ਸੂਰਜ-ਗ੍ਰਹਿਣ, ਚੰਦ-ਗ੍ਰਹਿਣ, ਮੱਸਿਆ, ਪੁੰਨਿਆ, ਚਾਨਣਾ ਐਤਵਾਰ, ਸੰਗ੍ਰਾਂਦ, ਦੋ ਇਕਾਦਸ਼ੀਆਂ ਤੇ ਦੋ ਅਸ਼ਟਮੀਆਂ।
ਇਹਨਾਂ ਦਸ ਦਿਨਾਂ ਨੂੰ 'ਪੁਰਬ' (ਪਵਿੱਤਰ ਦਿਨ) ਮੰਨਿਆ ਜਾਂਦਾ ਹੈ। ਸੂਰਜ-ਦੇਵਤਾ ਨਾਲ ਸੰਬੰਧ ਰਖਣ ਵਾਲੇ ਇਹਨਾਂ ਵਿਚੋਂ ਸਿਰਫ਼ ਦੋ ਦਿਨ ਹਨ: 'ਸੂਰਜ ਗ੍ਰਹਿਣ' ਤੇ 'ਸੰਗ੍ਰਾਂਦ'। ਬਾਕੀ ਦੇ ਦਿਨ ਚੰਦ੍ਰਮਾ ਦੇ ਹਨ। 'ਚਾਨਣਾ ਐਤਵਾਰ' ਸੂਰਜ ਤੇ ਚੰਦ ਦੋਹਾਂ ਦਾ ਹੈ। ਵਖੋ ਵਖ ਦੇਵਤਿਆਂ ਦੇ ਥਾਂ ਇਕ ਪਰਮਾਤਮਾ ਦੀ ਪੂਜਾ ਦਾ ਰਿਵਾਜ ਵਧਣ 'ਤੇ ਭੀ ਇਹਨਾਂ ਦਸ ਪੁਰਬਾਂ ਦੀ ਰਾਹੀਂ ਇਹਨਾਂ ਦੇ ਦੇਵਤਿਆਂ ਦੀ ਪੂਜਾ ਤੇ ਪਿਆਰ ਅੱਜ ਤਕ ਕਾਇਮ ਹੈ।
ਇਸ ਪਰਭਾਵ ਦੀ ਡੂੰਘਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਤਾਲੀਮ ਦੀ ਬਰਕਤਿ ਨਾਲ ਜੋ ਲੋਕ 'ਅਨਯ ਪੂਜਾ' ਛੱਡ ਕੇ ਇਕ ਅਕਾਲ ਪੁਰਖ ਨੂੰ ਮੰਨਣ ਵਾਲੇ ਹੋ ਚੁਕੇ ਸਨ, ਉਹ ਭੀ ਅਜੇ ਸੂਰਜ ਦੀ ਯਾਦ ਮਨਾਣੀ ਨਹੀਂ ਛੱਡ ਸਕੇ।
ਲਫ਼ਜ਼ 'ਸੰਗ੍ਰਾਂਦ' ਸੰਸਕ੍ਰਿਤ ਦੇ 'ਸਾਂਕ੍ਰਾਂਤ' ਦਾ ਵਿਗਾੜ ਹੈ, ਇਸ ਦਾ ਅਰਥ ਹੈ, 'ਸੂਰਜ ਦਾ ਇਕ ਰਾਸ ਤੋਂ ਦੂਜੀ ਵਿਚ ਲੰਘਣਾ।' ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰ੍ਹਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ। *ਹਰ ਦੇਸੀ ਮਹੀਨੇ ਦੀ ਪਹਿਲੀ ਤਰੀਕ ਨੂੰ ਸੂਰਜ ਇਕ 'ਰਾਸ' ਨੂੰ ਛੱਡ ਕੇ ਦੂਜੀ ਵਿਚ ਪੈਰ ਧਰਦਾ ਹੈ, ਬਾਰਾਂ ਮਹੀਨੇ ਹਨ ਤੇ ਬਾਰ੍ਹਾਂ ਹੀ ਰਾਸਾਂ ਹਨ। ਜੋ ਲੋਕ ਸੂਰਜ-ਦੇਵਤਾ ਦੇ ਉਪਾਸ਼ਕ ਹਨ, ਉਹਨਾਂ ਲਈ ਹਰੇਕ 'ਸੰਗ੍ਰਾਂਦ' ਦਾ ਦਿਨ ਪਵਿੱਤਰ ਹੈ, ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ 'ਰਾਸ' ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ। ਇਸ ਦਿਨ ਖ਼ਾਸ ਉਚੇਚਾ ਪੂਜਾ ਪਾਠ ਕੀਤਾ ਜਾਂਦਾ ਹੈ, ਤਾਂ ਜੁ ਸੂਰਜ ਦੇਵਤਾ ਇਸ ਨਵੀਂ 'ਰਾਸ' ਵਿਚ ਰਹਿ ਕੇ ਉਪਾਸ਼ਕ ਲਈ ਸਾਰਾ ਮਹੀਨਾ ਚੰਗਾ ਲੰਘਾਏ।*
ਆਪਣੇ ਦੇਸ ਦੇ 'ਲੋਕ-ਗੀਤਾਂ' ਨੂੰ ਗਹੁ ਨਾਲ ਵੇਖੋ, ਜੀਵਨ-ਪੰਧ ਦੀ ਹਰੇਕ ਝਾਕੀ ਨਾਲ ਸੰਬੰਧ ਰੱਖਦੇ ਹਨ- ਘੋੜੀਆਂ, ਸੁਹਾਗ, ਕਾਮਣ, ਸਿੱਠਣੀਆਂ, ਛੰਦ, ਗਿੱਧਾ, ਲਾਵਾਂ ਤੇ ਅਲਾਹੁਣੀਆਂ ਆਦਿਕ ਹਰੇਕ ਕਿਸਮ ਦੇ 'ਗੀਤ' ਮਿਲਦੇ ਹਨ, ਰੁੱਤਾਂ ਦੇ ਬਦਲਣ 'ਤੇ ਹੀ ਨਵੀਆਂ ਨਵੀਆਂ ਰੁੱਤਾਂ ਦੇ ਨਵੇਂ ਨਵੇਂ 'ਲੋਕ-ਗੀਤ', ਹੋਲੀਆਂ, ਸਾਂਵਿਆਂ ਆਦਿਕ ਦੇ ਗੀਤ । ਏਸੇ ਤਰ੍ਹਾਂ ਕਵੀਆਂ ਨੇ ਦੇਸ-ਵਾਸੀਆਂ ਦੇ ਜੀਵਨ ਵਿਚ ਨਵੇਂ ਨਵੇਂ ਹੁਲਾਰੇ ਪੈਦਾ ਕਰਨ ਲਈ 'ਵਾਰਾਂ 'ਸਿ-ਹਰਫ਼ੀਆਂ' ਤੇ 'ਬਾਰਾਂ ਮਾਹ' ਪੜ੍ਹਨ-ਸੁਣਨ ਦਾ ਰਿਵਾਜ ਪੈਦਾ ਕਰ ਦਿੱਤਾ।
ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ ਵਿਚ ਇਕ ਨਵਾਂ ਜੀਵਨ ਪੈਦਾ ਕਰਨਾ ਸੀ। ਵਾਰਤਕ ਨਾਲੋਂ ਕਵਿਤਾ ਵਧੀਕ ਖਿੱਚ ਪਾਂਦੀ ਹੈ, ਕਵਿਤਾ ਦੇ ਜੋ ਛੰਦ ਪੰਜਾਬ ਵਿਚ ਵਧੀਕ ਪ੍ਰਚਲਤ ਸਨ, ਸਤਿਗੁਰੂ ਜੀ ਨੇ ਉਹੀ ਵਰਤੇ। *ਇਕ 'ਬਾਰਾਂ ਮਾਹ' ਭੀ ਉਚਾਰਿਆ, ਜੋ ਤੁਖਾਰੀ ਰਾਗ ਵਿਚ ਦਰਜ ਹੈ। ਗੁਰੂ ਅਰਜਨ ਸਾਹਿਬ ਨੇ ਭੀ ਇਕ 'ਬਾਰਾਂ ਮਾਹ' ਲਿਖ ਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਪਰ, ਇਹਨਾਂ ਦੋਹਾਂ ਬਾਰਾਂ ਮਾਹਾਂ' ਦਾ ਸੂਰਜ ਦੀ 'ਸੰਗ੍ਰਾਂਦ' ਨਾਲ ਕੋਈ ਸੰਬੰਧ ਨਹੀਂ ਸੀ ਰੱਖਿਆ ਗਿਆ, ਇਹ ਤਾਂ ਦੇਸ਼ ਵਿਚ ਪ੍ਰਚਲਤ 'ਕਾਵਿ ਛੰਦਾਂ' ਵਿਚੋਂ ਇਕ ਕਿਸਮ ਸੀ। ਸਾਰੀ ਬਾਣੀ ਵਿਚ ਕਿਤੇ ਕੋਈ ਐਸਾ ਬਚਨ ਨਹੀਂ ਮਿਲਦਾ ਜਿੱਥੇ ਸਤਿਗੁਰੂ ਜੀ ਨੇ ਸਾਧਾਰਨ ਦਿਨਾਂ ਵਿਚੋਂ ਕਿਸੇ ਇਕ ਖ਼ਾਸ 'ਦਿਨ' ਦੇ ਚੰਗੇ ਜਾਂ ਮੰਦੇ ਹੋਣ ਦਾ ਵਿਤਕਰਾ ਦੱਸਿਆ ਹੋਵੇ।*
ਕਈ ਲੋਕ ਇਹ ਖ਼ਿਆਲ ਕਰਦੇ ਹਨ ਕਿ 'ਸੰਗ੍ਰਾਂਦ' ਆਦਿਕ ਦਿਨ ਉਚੇਚੇ ਮਨਾਏ ਜਾਣੇ ਚਾਹੀਦੇ ਹਨ, ਤਾਂ ਜੁ ਇਸ ਬਹਾਨੇ ਹੀ ਉਹ ਲੋਕ ਭੀ ਆਪਣੇ ਧਰਮ-ਅਸਥਾਨਾਂ 'ਤੇ ਆ ਕੇ ਕੁਝ ਸਮਾਂ ਆਪਣੇ ਪ੍ਰਭੂ ਦੀ ਯਾਦ ਵਿਚ ਗੁਜ਼ਾਰ ਸਕਣ, ਜੋ ਅੱਗੇ ਪਿੱਛੇ ਕਦੇ ਵਿਹਲ ਨਹੀਂ ਕੱਢ ਸਕਦੇ। ਪਰ, ਇਹ ਖ਼ਿਆਲ ਬਹੁਤ ਹੱਦ ਤਕ ਕੁਰਾਹੇ ਪਾ ਦੇਂਦਾ ਹੈ। ਮਨੁੱਖ ਦਾ 'ਅਸਲਾ' ਉਸ ਦੇ ਨਿਰੇ ਬਾਹਰਲੇ ਕੰਮਾਂ ਤੋਂ ਜਾਚਿਆ ਨਹੀਂ ਜਾ ਸਕਦਾ। ਇਕ ਮਨੁੱਖ ਕਿਸੇ ਦੀਵਾਨ ਆਦਿਕ ਦੇ ਸਮੇ ਕਿਸੇ ਧਾਰਮਿਕ ਪੰਥਕ ਕਾਰਜ ਲਈ ਰੁਪਇਆ ਦਾਨ ਕਰਦਾ ਹੈ, ਪਰ ਨਿਰੇ ਦਾਨ ਤੋਂ ਇਹ ਅੰਦਾਜ਼ਾ ਲਾਉਣਾ ਗ਼ਲਤ ਹੈ ਕਿ ਇਹ ਮਨੁੱਖਤਾ ਦੇ ਮਾਪ ਵਿਚ ਪੂਰਾ ਉਤਰ ਪਿਆ ਹੈ। ਹੋ ਸਕਦਾ ਹੈ ਕਿ ਉਹ ਧਨਾਢ ਮਨੁੱਖ ਲੋਕਾਂ ਵਿਚ ਸਿਰਫ਼ ਸੋਭਾ ਖੱਟਣ ਦੀ ਖ਼ਾਤਰ ਤੇ ਚੌਧਰੀ ਬਣਨ ਦੀ ਖ਼ਾਤਰ ਇਹ ਦਾਨ ਕਰਦਾ ਹੋਵੇ, ਤੇ ਇਸ ਤਰ੍ਹਾਂ ਇਹ ਦਿਨ ਉਸ ਦੀ ਹਉਮੈ ਨੂੰ ਵਧਾਈ ਜਾਂਦਾ ਹੋਵੇ ਤੇ ਇਨਸਾਨੀਅਤ ਤੋਂ ਉਸ ਨੂੰ ਗਿਰਾਈ ਜਾਂਦਾ ਹੋਵੇ । 'ਦਾਨ' ਆਦਿਕ ਧਾਰਮਿਕ ਕੰਮ ਦਾ ਅਸਰ ਮਨੁੱਖ ਦੇ ਜੀਵਨ ਉਤੇ ਉਹੋ ਜਿਹਾ ਹੀ ਪੈ ਸਕਦਾ ਹੈ ਜੈਸੀ ਉਸ ਕੰਮ ਦੇ ਕਰਨ ਵੇਲੇ ਉਸ ਦੀ ਨੀਅਤ ਹੋਵੇ।
ਏਸੇ ਤਰ੍ਹਾਂ ਜਦੋਂ ਮਨੁੱਖ ਕਿਸੇ 'ਸੰਗ੍ਰਾਂਦ' ਨੂੰ ਇਕ ਉਚੇਚਾ ਭਾਗਾਂ ਵਾਲਾ ਸ਼ੁਭ-ਦਿਹਾੜਾ ਸਮਝਦਾ ਹੈ ਤੇ ਧਰਮ-ਅਸਥਾਨ ’ਤੇ ਜਾਂਦਾ ਹੈ, ਉਹ ਉਸ ਦਿਨ ਇਹ ਭੀ ਤਾਂਘ ਰੱਖਦਾ ਹੈ ਕਿ ਇਸ 'ਵਰ੍ਹੇ ਦਿਨ ਦੇ ਦਿਨ' ਕਿਸੇ ਭਲੇ ਦੇ ਮੱਥੇ ਲੱਗਾਂ । ਸੋ, ਉਹ ਕਿਸੇ ਖ਼ਾਸ ਮਨੁੱਖ ਦੇ ਮੂੰਹੋਂ 'ਮਹੀਨਾ' ਸੁਣਦਾ ਹੈ। ਜੇ ਉਸ ਸਾਰੇ ਮਹੀਨੇ ਵਿਚ ਕੋਈ ਕਸ਼ਟ ਤਕਲੀਫ਼ ਆ ਪਏ ਤਾਂ ਸਹਿਜ ਸੁਭਾਇ ਆਖਦਾ ਹੈ ਕਿ ਐਤਕੀਂ 'ਵਰ੍ਹੇ ਦਿਨ ਦੇ ਦਿਨ' ਫਲਾਣਾ ਚੰਦਰਾ ਬੰਦਾ ਮੱਥਾ ਲੱਗਾ ਸੀ। ਜਿਸ ਵਹਿਮ-ਪ੍ਰਸਤੀ ਨੂੰ ਹਟਾਣ ਲਈ, ਜੋ ਵਿਤਕਰੇ ਦੂਰ ਕਰਨ ਲਈ, ਸਿਖ ਨੇ ਗੁਰਦੁਆਰੇ ਵਿਚ ਜਾਣਾ ਹੈ, ਇਸ 'ਸੰਗ੍ਰਾਂਦ' ਦੇ ਮਨਾਣ ਨਾਲ ਉਹ ਵਹਿਮ-ਪ੍ਰਸਤੀ ਤੇ ਵਿਤਕਰੇ ਸਗੋਂ ਵਧਦੇ ਹਨ।
ਅਸਲ ਗੱਲ ਤਾਂ ਇਹ ਹੈ ਕਿ ਹਰੇਕ ਮਨੁੱਖ ਵਿਚ ਰੱਬ ਦੀ ਜੋਤਿ ਹੈ ਤੇ ਹਰੇਕ ਦਿਨ ਇਕੋ ਜਿਹਾ ਹੈ। ਭਾਗਾਂ ਵਾਲਾ ਸਮਾਂ ਸਿਰਫ਼ ਉਹੀ ਹੈ ਜਦੋਂ ਮਨੁੱਖ ਨੂੰ ਪਰਮਾਤਮਾ ਚੇਤੇ ਆਉਂਦਾ ਹੈ। ਕਿਸੇ ਖ਼ਾਸ ਦਿਹਾੜੇ ਨਹੀਂ, ਸਗੋਂ ਹਰ ਰੋਜ਼ ਸਵੇਰੇ ਉੱਠ ਕੇ ਇਸ ਦੀ ਅਰਦਾਸ ਇਉਂ ਹੋਣੀ ਚਾਹੀਦੀ ਹੈ, 'ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।'
ਇਹ ਨਿਰੀ ਫ਼ਰਜ਼ੀ ਗੱਲ ਨਹੀਂ ਕਿ 'ਸੰਗ੍ਰਾਂਦ' ਦੇ ਪਰਦੇ ਕਰਕੇ ਵਹਿਮ-ਪ੍ਰਸਤੀ ਵਧ ਰਹੀ ਹੈ। 'ਸੰਗ੍ਰਾਂਦ' ਵਾਲੇ ਦਿਨ ਜਾ ਕੇ ਗੁਰਦੁਆਰੇ ਵੇਖੋ, 'ਸੰਗ੍ਰਾਂਦ' ਦੇ ਸ਼ਰਧਾਲੂਆਂ ਦੀ ਉਸ ਦਿਨ ਇਹੀ ਤਾਂਘ ਹੁੰਦੀ ਹੈ ਕਿ ਅੱਜ 'ਮਹੀਨੇ' ਵਾਲਾ ਸ਼ਬਦ ਸੁਣਾਇਆ ਜਾਏ, ਹਾਲਾਂਕਿ ਸਾਰੀ ਬਾਣੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਹੋਣ ਕਰਕੇ, ਜ਼ਿੰਦਗੀ ਦੀ ਰਹਿਬਰੀ ਵਾਲੀ ਹੋਣ ਕਰਕੇ, ਇਕੋ ਦਰਜਾ ਰੱਖਦੀ ਹੈ। 'ਸੰਗਰਾਂਦ' ਦੇ ਵਹਿਮ ਵਿਚ 'ਬਾਣੀ' 'ਬਾਣੀ' ਵਿਚ ਫ਼ਰਕ ਸਮਝਿਆ ਜਾਂਦਾ ਹੈ, ਕਿਉਂਕਿ ਅਸਲ ਨੀਅਤ 'ਬਾਣੀ' ਸੁਣਨ ਦੀ ਨਹੀਂ ਹੁੰਦੀ, ਸਿਰਫ਼ 'ਮਹੀਨਾ' ਸੁਣਨ ਦੀ ਹੁੰਦੀ ਹੈ।
ਨਿਰਾ ਇਹੀ ਨਹੀਂ ਸ੍ਰੀ ਦਰਬਾਰ ਸਾਹਿਬ ਵਿਚ 'ਸੰਗ੍ਰਾਂਦ' ਵਾਲੇ ਦਿਨ ਜਾ ਕੇ ਵੇਖੋ, ਏਥੇ ਹੋਰ ਅਚਰਜ ਖੇਡ ਵਰਤਦੀ ਹੈ। 'ਆਸਾ ਦੀ ਵਾਰ' ਦੇ ਕੀਰਤਨ ਦੀ ਸਮਾਪਤੀ 'ਤੇ ਜਦੋਂ 'ਬਾਰਾਂ ਮਾਹ' ਵਿਚੋਂ 'ਮਹੀਨਾ' ਸੁਣਾਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਸ਼ੁਰੂ ਵਿਚ ਹੀ ਲਫ਼ਜ਼ 'ਜੇਠ' 'ਹਾੜ' ਆਦਿਕ ਮਹੀਨਾ ਸੁਣ ਕੇ ਸਾਰੀ ਪਉੜੀ ਨੂੰ ਸੁਣਨ ਦੀ ਲੋੜ ਹੀ ਨਹੀਂ ਸਮਝੀ ਜਾਂਦੀ, 'ਮਹੀਨਾ' ਸੁਣ ਕੇ 'ਵਾਹਿਗੁਰੂ, ਵਾਹਿਗੁਰੂ' ਆਖਦੀਆਂ ਬਹੁਤ ਸੰਗਤਾਂ ਚਾਲੇ ਪਾ ਦੇਂਦੀਆਂ ਹਨ।
ਕਈ ਦੁਕਾਨਦਾਰਾਂ ਨੇ ਇਸ ਵਹਿਮ-ਪ੍ਰਸਤੀ ਤੋਂ ਅਜੀਬ ਲਾਭ ਉਠਾਣ ਦੀ ਕੋਸ਼ਸ਼ ਕੀਤੀ ਜਾਪਦੀ ਹੈ, ਆਪਣੀਆਂ ਛਾਪੀਆਂ 'ਬੀੜਾਂ' ਨੂੰ ਹਰ-ਮਨ-ਪਿਆਰਾ ਕਰਨ ਲਈ ਇਸ 'ਬਾਰਹ ਮਾਹ' ਨੂੰ ਭੀ ਉਹੋ ਜਿਹੀ ਉਚੇਚੀ ਰੰਗ-ਬਰੰਗੀ ਥਾਂ ਦਿਤੀ ਗਈ ਹੈ ਜੋ ਹਰੇਕ 'ਰਾਗ' ਦੇ 'ਅਰੰਭ' ਨੂੰ ਦਿੱਤੀ ਗਈ ਹੈ।
ਸੋ, ਹਰ ਪਾਸਿਓਂ 'ਸੰਗ੍ਰਾਂਦ' ਦੀ ਰਾਹੀਂ ਇਹ ਵਹਿਮ ਵਧ ਰਿਹਾ ਹੈ ਕਿ ਸੂਰਜ ਦੇ ਨਵੀਂ 'ਰਾਸ' ਵਿਚ ਆਉਣ ਵਾਲਾ ਪਹਿਲਾ ਦਿਹਾੜਾ ਖ਼ਾਸ ਤੌਰ 'ਤੇ ਭਾਗਾਂ ਵਾਲਾ ਹੈ, ਤੇ ਇਸ ਤਰ੍ਹਾਂ ਬੇ-ਮਲੂਮੇ ਜਿਹੇ ਸਿੱਖਾਂ ਵਿਚ ਸੂਰਜ-ਪ੍ਰਸਤੀ ਦਾ ਪਰਚਾਰ ਕੀਤਾ ਜਾ ਰਿਹਾ ਹੈ। ਇਸ 'ਸੰਗ੍ਰਾਂਦ ਤੋਂ ਹੀ, ਇਸ 'ਵਰ੍ਹੇ ਦੇ ਦਿਨ' ਦੇ ਵਹਿਮ ਤੋਂ ਹੀ ਅਗਾਂਹ ਹੋਰ ਭਰਮ ਵਧਦੇ ਜਾ ਰਹੇ ਹਨ ਕਿ ਅੱਜ 'ਵਰ੍ਹੇ ਦਿਨ ਦੇ ਦਿਨ' ਪਰਦੇਸ ਨਹੀਂ ਜਾਣਾ, ਸਵੇਰੇ ਸਵੇਰੇ ਹੱਥੋਂ ਮਾਇਆ ਨਹੀਂ ਖਰਚਣੀ, ਇਤਿਆਦਿਕ। ਅਜਿਹੇ ਭਰਮ ਨੂੰ ਭਾਈ ਗੁਰਦਾਸ ਜੀ ਨੇ ਮਨਮਤਿ ਦੱਸ ਕੇ ਸਿੱਖਾਂ ਨੂੰ ਇਹਨਾਂ ਵਲੋਂ ਸੁਚੇਤ ਕਰਨ ਦੀ ਕੋਸ਼ਸ਼ ਕੀਤੀ ਸੀ, ਪਰ ਅਸੀ ਫਿਰ ਓਧਰੇ ਪਰਤਦੇ ਜਾਪਦੇ ਹਾਂ। ਭਾਈ ਗੁਰਦਾਸ ਜੀ ਲਿਖਦੇ ਹਨ:
ਸਉਣ ਸਗੁਨ ਬੀਚਾਰਣੇ,
ਨਉਂ ਗ੍ਰਹ 'ਬਾਰਹ ਰਾਸਿ' ਵੀਚਾਰਾ॥
ਕਾਮਣ ਟੂਣੇ ਅੱਸੀਆਂ,
ਕਣਸੋਈ ਪਾਸਾਰ ਪਸਾਰਾ॥
ਗੱਦੋਂ ਕੁੱਤੇ ਬਿੱਲੀਆਂ,
ਇੱਲ ਮਲਾਲੀ ਗਿੱਦੜ ਛਾਰਾ॥
ਨਾਰਿ ਪੁਰਖ ਪਾਣੀ ਅਗਨਿ,
ਛਿੱਕ ਪੱਦ ਹਿਡਕੀ ਵਰਤਾਰਾ॥
ਥਿੱਤ, ਵਾਰ, ਭੱਦਾ ਭਰਮ,
ਦਿਸ਼ਾ ਸੂਲ ਸਹਸਾ ਸੰਸਾਰਾ॥
ਵਲ ਛਲ ਕਰਿ ਵਿਸ਼ਵਾਸ ਲੱਖ,
ਬਹੁ ਚੁੱਖੀਂ ਕਿਉਂ ਰਵੇ ਭਤਾਰਾ॥
ਗੁਰਮੁਖਿ ਸੁਖ ਫਲ ਪਾਰਿ ਉਤਾਰਾ ॥੮॥ (੫)
Posted By:

Leave a Reply