ਬਾਦਲ ਦਲ’ ਵੱਲੋਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਬਰਤਰਫ਼ੀ ਜੂਨ 84 ਦੇ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਸਿਧਾਂਤਕ ਹਮਲਾ — ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ
- ਧਾਰਮਿਕ/ਰਾਜਨੀਤੀ
- 08 Mar,2025

ਬਾਦਲ ਦਲ’ ਵੱਲੋਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਬਰਤਰਫ਼ੀ ਜੂਨ 84 ਦੇ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਸਿਧਾਂਤਕ ਹਮਲਾ —ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ
ਅੰਮ੍ਰਿਤਸਰ 8 ਮਾਰਚ, ਸੋਧ ਸਿੰਘ ਬਾਜ
ਸੰਤ ਸਮਾਜ ਦੇ ਆਗੂਆਂ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਾਬਜ਼ 'ਬਾਦਲ ਦਲ' ਵੱਲੋਂ ਬਰਤਰਫ਼ ਕਰਨ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ। ਉਹਨਾਂ ਇੱਕ ਬਿਆਨ ਵਿੱਚ ਕਿਹਾ ਕਿ ਸਿੱਖੀ ਸਿਧਾਂਤਾਂ ਤੋਂ ਸੱਖਣੀ, ਬਾਦਲ ਦਲ ਦੀ ਇਸ ਚਾਪਲੂਸ ਜੁੰਡਲੀ ਨੇ, ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਉੱਪਰ ਬੇ-ਬੁਨਿਆਦੀ ਦੋਸ਼ ਲਾ, ਬਰਤਰਫ਼ ਕਰਕੇ ਆਪਣੇ ਉੱਪਰ ਕਲੰਕ ਲਵਾਇਆ ਸੀ। ਅੱਜ ਉਪ੍ਰੋਕਤ ਸਿੰਘ ਸਾਹਿਬਾਨਾਂ ਨੂੰ 'ਬਿਨਾਂ ਕਿਸੇ ਦੋਸ਼' ਦੇ, ਕੇਵਲ ਆਪਣੀ ਹੱਠ-ਧਰਮੀ ਨੂੰ ਪੂਰਾ ਕਰਨ ਲਈ ਬਰਖਾਸਤ ਕਰਕੇ, ਆਪਣੇ ਕਰੂਪ ਚਿਹਰੇ ਨੂੰ ਹੋਰ ਉਜਾਗਰ ਕੀਤਾ ਹੈ। ਇਸ ਕੁ- ਕਰਮ ਨਾਲ 'ਬਾਦਲ ਦਲ' ਨੇ ਸਿੱਖੀ ਸਿਧਾਂਤਾਂ ਦੀ ਬੇਅਦਬੀ ਦੇ ਲਗਾਤਾਰ ਕੀਤੇ ਜਾ ਰਹੇ ਆਪਣੇ ਬੱਜਰ ਗੁਨਾਹਾਂ ਦੀ ਲਿਸਟ ਵਿੱਚ ਹੋਰ ਵਾਧਾ ਕਰ ਲਿਆ ਹੈ। ਇਸ ਜੁੰਡਲੀ ਵੱਲੋਂ ਆਪਣੇ ਅਖਤਿਆਰਾਂ ਦੀ ਨਜ਼ਾਇਜ਼ ਵਰਤੋਂ ਕਰਦਿਆਂ ਪੰਜਾਬ ਵਿਚਲੇ ਤਖਤ ਸਾਹਿਬਾਨ ਦੇ ਸਾਰੇ ਸਿੰਘ ਸਾਹਿਬਾਨਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਇਹ *ਮੂਰਖਾਨਾ' ਕਦਮ, ਬਾਦਲ ਦਲ ਦੇ ਤਾਬੂਤ ਵਿੱਚ ਗੱਡੇ ਜਾ ਚੁੱਕੇ ਆਖਰੀ ਕਿੱਲਾਂ ਵਿੱਚ ਵਾਧਾ ਸਾਬਿਤ ਕਰੇਗਾ। ਕੇਵਲ ਬਾਦਲ ਪਰਿਵਾਰ ਨੂੰ ਖੁਸ਼ ਕਰਨ ਅਤੇ ਆਪਣੀ ਹੱਠ-ਧਰਮੀ ਪੂਰੀ ਕਰਨ ਲਈ ਚੰਦ ਕੁ ਚਾਪਲੂਸਾਂ ਵੱਲੋਂ ਸਿੱਖੀ ਰਿਵਾਇਤਾਂ ਅਤੇ ਸਿੱਖ ਸੰਸਥਾਵਾਂ ਦੀ ਜੋ ਲਗਾਤਾਰ ਬੇਹੁਰਮਤੀ ਕੀਤੀ ਜਾ ਰਹੀ ਹੈ, ਇਹ ਅਤਿ ਨਿੰਦਣਯੋਗ ਵਰਤਾਰਾ ਹੈ।
ਬਾਬਾ ਸਰਬਜੋਤ ਸਿੰਘ ਬੇਦੀ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਕੌਮ ਵੱਲੋਂ ਬਖਸ਼ੀ ਤਾਕਤ ਵੇਲੇ ਭਾਵੇਂ ਇਸ ‘ਬਾਦਲ ਦਲ' ਨੇ ਪੰਥ ਦੀ ਚੜ੍ਹਦੀ ਕਲਾ ਲਈ ਕੁੱਝ ਕਰਨ ਦੀ ਬਜਾਏ, ਸੱਤਾ ਦੇ ਨਸ਼ੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਸਲੇ ਵਿੱਚ ਆਪਣੀ ਭਾਈਵਾਲੀ ਦਾ ਸਬੂਤ ਦੇ ਕੇ ਅਤੇ ਸਿੱਖ ਪੰਥ ਦੀਆਂ ਸ਼ਾਨਮੱਤੀਆਂ ਰਵਾਇਤਾਂ ਦੀ ਬੇਹੁਰਮਤੀ ਕਰਕੇ 'ਬਾਦਲ ਦਲ' ਨੇ ਪੰਥ ਦਾ ਭਰੋਸਾ ਗਵਾ ਲਿਆ ਹੋਇਆ ਹੈ। ਪਰ ਗੁਰੂ ਪੰਥ ਵੱਲੋਂ ਆਪਣੇ *ਬਖਸ਼ਿੰਦ ਬਿਰਦ' ਦੀ ਤੁਫ਼ੈਲ, ਇਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ ਸੀ ਕਿ ਇਹ ਲੋਕ ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਸਤਿਗੁਰੂ ਸਾਹਿਬ ਅਤੇ ਕੌਮ ਪਾਸੋਂ ਖਿਮਾ ਜਾਚਨਾ ਕਰਕੇ ਆਪਣਾ ਲੋਕ-ਪ੍ਰਲੋਕ ਬਚਾ ਸਕਣ। ਪਰ 2 ਦਸੰਬਰ ਦੇ ਵਰਤਾਰੇ ਤੋਂ ਬਾਦ ਇਹ ਸਪਸ਼ਟ ਹੋਣਾ ਸ਼ੁਰੂ ਹੋ ਗਿਆ ਸੀ ਕਿ ਇਹਨਾਂ ਲੋਕਾਂ ਨੇ ਬੀਤੇ ਤੋਂ ਕੁੱਝ ਨਹੀਂ ਸਿੱਖਿਆ। ਬਲਕਿ ਇਹ ਲੋਕ *ਗੁਰੂ ਅਤੇ ਗੁਰੂ ਪੰਥ' ਦੀ ਬਖਸ਼ਿਸ਼ ਨੂੰ ਦਰ-ਕਿਨਾਰ ਕਰਕੇ ਆਪਣੀ ਹਉਮੈ ਨੂੰ ਸਮੁੱਚੀ ਕੌਮ ਉਪਰ ਠੋਸਣ ਲਈ ਕੁ-ਕਰਮੀ ਵਰਤਾਰਿਆਂ ਵਿੱਚ ਹੀ ਗਲਤਾਨ ਹਨ। ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਬਾਦਲ ਦਲੀਆਂ ਨੇ ਆਪਣੇ ਸੌੜੇ ਮੁਫ਼ਾਦਾਂ ਦੀ ਪੂਰਤੀ ਹਿਤ, ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ, ਸਿੰਘ ਸਾਹਿਬਾਨਾਂ ਨੂੰ ਬਰਤਰਫ਼ ਕਰਨ ਜਿਹੇ ਜੋ ਘਿਨਾਉਣੇ ਅਤੇ ਗੈਰ ਜ਼ਿੰਮੇਵਾਰਾਨਾ ਫੈਸਲੇ ਕੀਤੇ ਹਨ, ਉਹ ਸਿੱਖ ਇਤਿਹਾਸ ਦੇ ਪੰਨਿਆਂ ਉੱਪਰ ਕਾਲੇ ਅੱਖਰਾਂ ਨਾਲ ਲਿਖੇ ਜਾਣਗੇ। ਬਾਬਾ ਬੇਦੀ ਜੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਨੇ ਹੋਰ ਆਖਿਆ ਕੇ ਬਾਦਲ ਦਲ ਵੱਲੋਂ ਕੀਤਾ ਇਹ ਕੁ-ਕਰਮ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਏ ਫੌਜੀ ਹਮਲੇ ਤੋਂ ਬਾਅਦ ਤਖਤ ਸਾਹਿਬ ਦੇ ਸਿਧਾਂਤ 'ਤੇ ਵੱਡਾ ਹਮਲਾ ਹੈ। ਦੁਸ਼ਮਣਾਂ ਵੱਲੋਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਹੀ ਢਾਹਿਆ ਗਿਆ ਸੀ ਪਰ ‘ਬਾਦਲ ਦਲ' ਦੀ ਇਸ ਅਖੌਤੀ ਪੰਥਕ ਜਮਾਤ ਵੱਲੋਂ ਆਪਣੀ ਹਉਮੈ ਅਧੀਨ, ਸਿੱਖ ਕੌਮ ਦੇ ਤਖਤ ਸਾਹਿਬਾਨਾਂ ਦੇ ਪਾਵਨ ਸੰਕਲਪ ਨੂੰ ਹੀ ਖਤਮ ਕਰਨ ਦਾ ਯਤਨ ਕਰਕੇ ਸਮੁੱਚੀ ਕੌਮ ਨੂੰ ਮੁੜ ਵੰਗਾਰਿਆ ਹੈ।
ਬਾਬਾ ਬੇਦੀ ਜੀ ਅਤੇ ਸੰਤ ਸੇਵਾ ਸਿੰਘ ਜੀ ਨੇ ਕੌਮ ਨੂੰ ਬੇਨਤੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਅਜ਼ਾਦਾਨਾ ਹਸਤੀ ਦੀ ਬਰਕਰਾਰੀ ਲਈ, ਸਿੰਘ ਸਾਹਿਬਾਨਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਨਿਯਮਾਂ ਨੂੰ ਵਿਸ਼ਵ ਭਰ ਵਿੱਚ ਵਸਦੀ ਕੌਮ ਦੀ ਪ੍ਰਵਾਨਗੀ ਨਾਲ ਸਥਾਪਿਤ ਕਰਨ ਲਈ, ਸਿੱਖ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਸਾਡੇ ਪੁਰਖਿਆਂ ਵੱਲੋਂ ਸਥਾਪਿਤ ਕੀਤੇ 'ਸ਼੍ਰੋਮਣੀ ਅਕਾਲੀ ਦਲ' ਦੀ ਪੁਨਰ ਸੁਰਜੀਤੀ ਲਈ ਅਤੇ ਕੌਮ ਦੇ ਬਾਕੀ ਮਸਲਿਆਂ ਦੇ ਹੱਲ ਲਈ ਹੁਣ ਪੰਥ ਨੂੰ ਆਪਸੀ ਸਿਰ ਜੋੜ ਕੇ ਜਲਦੀ ਬੈਠਣਾ ਚਾਹੀਦਾ ਹੈ। ਇਸ ਲਈ ਉਹਨਾਂ ਪੰਥ ਦੀਆਂ ਸਮੂਹ ਜਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਆਪੋ ਆਪਣੇ ਨਿੱਜੀ ਵਖਰੇਵਿਆਂ ਨੂੰ ਪਾਸੇ ਰੱਖ ਕੇ, ਕੌਮ ਦੀ ਚੜ੍ਹਦੀ ਕਲਾ ਲਈ, ਆਪਣੀ ਇੱਕ ਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਇਕੱਠੇ ਹੋ ਕੇ ਕੰਮ ਕਰਨ ਦੀ ਸਖਤ ਜ਼ਰੂਰਤ ਹੈ। ਇਸ ਮੰਤਵ ਲਈ ਜਲਦੀ ਤੋਂ ਜਲਦੀ ਸਿੱਖ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਇਕੱਠ ਕਰਨਾ ਬਹੁਤ ਜ਼ਰੂਰੀ ਹੈ। ਜਿਸ ਵਿੱਚ ਇਹਨਾਂ ਦਰਪੇਸ਼ ਮਸਲਿਆਂ ਉੱਪਰ ਦੀਰਘ ਵਿਚਾਰ ਕੀਤੀ ਜਾ ਸਕੇ ਅਤੇ ਕੌਮੀ ਸਹਿਮਤੀ ਨਾਲ ਇਹਨਾਂ ਮਸਲਿਆਂ ਦੇ ਹੱਲ ਕੱਢੇ ਜਾ ਸਕਣ ਅਤੇ ਪੰਥ ਵਿਰੋਧੀ ਤਾਕਤਾਂ ਦਾ ਮੂੰਹ ਮੋੜਿਆ ਜਾ ਸਕੇ।
Posted By:

Leave a Reply