ਅਮਰੀਕਾ ਦੀ ਡਿਪੋਰਟ ਦੀ ਕਾਰਵਾਈ ਤੋਂ ਬਾਅਦ ਪੰਜਾਬ 'ਚ ਐਕਸ਼ਨ ਦੀ ਤਿਆਰੀ, ਟਰੈਵਲ ਏਜੰਟਾਂ ਦੀ ਹੁਣ ਨਹੀਂ ਖੈਰ

ਅਮਰੀਕਾ ਦੀ ਡਿਪੋਰਟ ਦੀ ਕਾਰਵਾਈ ਤੋਂ ਬਾਅਦ ਪੰਜਾਬ 'ਚ ਐਕਸ਼ਨ ਦੀ ਤਿਆਰੀ, ਟਰੈਵਲ ਏਜੰਟਾਂ ਦੀ ਹੁਣ ਨਹੀਂ ਖੈਰ

ਅੰਮ੍ਰਿਤਸਰ- 7 ਫਰਵਰੀ 

ਨਜ਼ਰਾਨਾ ਟਾਈਮਜ ਬਿਊਰੋ

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਨ, ਹਰ ਇੱਕ ਪੰਜਾਬੀ ਨੌਜਵਾਨ ਦੀ ਦਰਦਭਰੀ ਕਹਾਣੀ ਹੈ। ਅਮਰੀਕਾ ਜਾਣ ਲਈ ਕਿਸੇ ਵਿਅਕਤੀ ਨੇ ਜ਼ਮੀਨ ਗਹਿਣੇ ਰੱਖੀ ਗਈ, ਕਿਸੇ ਵੱਲੋਂ ਕਰਜ਼ਾ ਚੁੱਕਿਆ ਅਤੇ ਕਿਸੇ ਨੇ ਘਰ ਦੇ ਗਹਿਣੇ ਗਿਰਵੀ ਰੱਖੇ ਪਰ ਫਿਰ ਵੀ ਅਮਰੀਕਾ ਦਾ ਸੁਫਨਾ ਪੂਰਾ ਨਾ ਹੋ ਸਕਿਆ। ਉਨ੍ਹਾਂ 'ਚੋਂ ਇੱਕ ਦਲੇਰ ਸਿੰਘ ਵੀ ਹੈ ਜੋ ਕਿ 60 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ। ਦਲੇਰ ਸਿੰਘ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਸਲੇਮਪੁਰਾ ਦਾ ਰਹਿਣ ਵਾਲਾ ਹੈ। ਇਹ ਵੀ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਨਿਹਰੇ ਭਵਿੱਖ ਲਈ ਅਮਰੀਕਾ ਗਿਆ ਸੀ, ਪਰ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ।

ਇਸ ਦੌਰਾਨ ਐੱਨ. ਆਰ. ਆਈ. ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਲੇਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਏਜੰਟ ਸਤਨਾਮ ਸਿੰਘ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹੇ ਵੀ ਫਰਜ਼ੀ ਟ੍ਰੈਵਲ ਏਜੰਟ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।

ਦਲੇਰ ਨੇ ਦੱਸੀ ਹੱਡਬੀਤੀ

ਦਲੇਰ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਏਜੰਟ ਸਤਨਾਮ ਸਿੰਘ ਨੇ ਉਸ ਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ। ਉਸ ਨੂੰ 1 ਨੰਬਰ 'ਚ ਅਮਰੀਕਾ ਭੇਜਣ ਲਈ 60 ਲੱਖ ਦਿੱਤੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਵੀ ਡੰਕੀ ਜ਼ਰੀਏ ਹੀ ਅਮਰੀਕਾ 'ਚ ਪਹੁੰਚੇਗਾ। ਇਸ ਸਫ਼ਰ 'ਚ ਉਸ ਨੇ 4 ਮਹੀਨੇ ਦੀ ਖੱਜਲ-ਖੁਆਰੀ ਕੱਟੀ ਅਤੇ 20 ਦਿਨ ਦੀ ਅਮਰੀਕਾ ਦੀ ਜੇਲ੍ਹ ਵੀ ਕੱਟਣੀ ਪਈ। ਕਿਉਂਕਿ ਉਸ ਨੂੰ ਅਮਰੀਕੀ ਫੌਜ ਨੇ ਫੜ੍ਹ ਲਿਆ ਸੀ ਤੇ ਹੁਣ 5 ਸਾਲ ਤੱਕ ਉਸ ਉੱਤੇ ਬੈਨ ਲਗਾ ਦਿੱਤਾ ਹੈ। ਦਲੇਰ ਨੇ ਦੱਸਿਆ ਜਦੋਂ ਸਾਨੂੰ ਫੜ ਲਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਤੁਹਾਨੂੰ ਛੱਡ ਕੇ ਆਵਾਂਗੇ ਪਰ ਸਾਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਆ ਕੇ ਪਤਾ ਲਗਾ ਕਿ ਸਾਨੂੰ ਭਾਰਤ ਛੱਡ ਦੇਣ ਦੀ ਗੱਲ ਆਖੀ ਸੀ।