“ਯੁੱਧ ਨਸ਼ਿਆਂ ਵਿਰੁੱਧ “ 13ਵੇਂ ਦਿਨ ਪੰਜਾਬ ਪੁਲਿਸ ਵੱਲੋਂ 578 ਥਾਂਵਾਂ ਤੇ ਛਾਪੇਮਾਰੀ, 147 ਸਮੱਗਲਰ ਗ੍ਰਿਫ਼ਤਾਰ, 95 FIR ਦਰਜ

“ਯੁੱਧ ਨਸ਼ਿਆਂ ਵਿਰੁੱਧ “ 13ਵੇਂ ਦਿਨ ਪੰਜਾਬ ਪੁਲਿਸ ਵੱਲੋਂ 578 ਥਾਂਵਾਂ ਤੇ ਛਾਪੇਮਾਰੀ, 147 ਸਮੱਗਲਰ ਗ੍ਰਿਫ਼ਤਾਰ, 95 FIR ਦਰਜ

ਚੰਡੀਗੜ੍ਹ/ਜਲੰਧਰ ( ਜੁਗਰਾਜ ਸਿੰਘ ਸਰਹਾਲੀ, ਸੋਧ ਸਿੰਘ ਬਾਜ )-‘

ਯੁੱਧ ਨਸ਼ਿਆਂ ਵਿਰੁੱਧ’ਮੁਹਿੰਮ ਦੇ ਲਗਾਤਾਰ 13ਵੇਂ ਦਿਨ ਪੰਜਾਬ ਪੁਲਸ ਨੇ 578 ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ 147 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ 95 ਐੱਫ਼. ਆਈ. ਆਰਜ਼ ਦਰਜ ਕੀਤੀਆਂ ਹਨ। ਇਸ ਨਾਲ ਸਿਰਫ਼ 13 ਦਿਨਾਂ ’ਚ ਗ੍ਰਿਫ਼ਤਾਰ ਕੀਤੇ ਗਏ ਕੁੱਲ੍ਹ ਨਸ਼ਾ ਸਮੱਗਲਰਾਂ ਦੀ ਗਿਣਤੀ 1821 ਹੋ ਗਈ ਹੈ।

ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਦੇ ਕਬਜ਼ੇ ’ਚੋਂ 2.8 ਕਿੱਲੋ ਹੈਰੋਇਨ, 7.9 ਕਿੱਲੋ ਭੁੱਕੀ, 4960 ਨਸ਼ੇ ਦੀਆਂ ਗੋਲ਼ੀਆਂ/ਟੀਕੇ ਅਤੇ 3.78 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਸੰਗਰੂਰ ’ਚ ਏ. ਡੀ. ਜੀ. ਪੀ. ਪ੍ਰਵੀਨ ਕੁਮਾਰ ਸਿਨਹਾ ਨੇ ਪੁਲਸ ਟੀਮਾਂ ਨਾਲ ਮਿਲ ਕੇ ਧੂਰੀ ਸ਼ਹਿਰ ਦੇ ਰੇਲਵੇ ਓਵਰਬ੍ਰਿਜ ਨੇੜੇ ਬਾਜ਼ੀਗਰ ਬਸਤੀ ਖੇਤਰ ’ਚ ਸਮੱਗਲਰਾਂ ਅਤੇ ਸ਼ੱਕੀ ਲੋਕਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ।

ਵਿਸ਼ੇਸ਼ ਡੀ. ਜੀ. ਪੀ. ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ 103 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 2400 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੀਆਂ 270 ਤੋਂ ਵੱਧ ਪੁਲਸ ਟੀਮਾਂ ਨੇ ਸੂਬੇ ਭਰ ’ਚ ਛਾਪੇਮਾਰੀ ਕੀਤੀ ਅਤੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 917 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ।