ਪਿੰਡ ਵਲਟੋਹਾ ’ਚ ਚੋਰਾਂ ਨੇ ਦਿਨ ਦਿਹਾੜੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ
- ਅਪਰਾਧ
- 20 Feb,2025

ਨਜ਼ਰਾਨਾ ਟਾਈਮਜ਼ ਵਲਟੋਹਾ ,20 ਫਰਵਰੀ 2025
ਸਰਹੱਦੀ ਕਸਬਾ ਵਲਟੋਹਾ ਵਿਖੇ ਆਏ ਦਿਨ ਹੋ ਰਹੀਆਂ ਚੋਰੀਆਂ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਕੇ ਜਿੱਥੇ ਇਹ ਇਲਾਕਾ ਸੁਰਖ਼ੀਆਂ ਵਿਚ ਬਣਿਆ ਰਹਿੰਦਾ ਹੈ ਉਥੇ ਹੀ ਆਮ ਲੋਕਾਂ ਵਿਚ ਸਹਿਮ ਦਾ ਭਾਰੀ ਮਾਹੌਲ ਬਣਿਆ ਹੋਇਆ ਹੈ। ਅਜਿਹੀ ਹੀ ਇਕ ਤਾਜ਼ੀ ਘਟਨਾਂ ਅੱਜ ਪਿੰਡ ਵਲਟੋਹਾ ਵਿਖੇ ਵਾਪਰੀ ਹੈ ਜਿੱਥੇ ਚੋਰਾਂ ਵੱਲੋਂ ਦਿਨ ਦਿਹਾੜੇ ਇਕ ਘਰ ਦੇ ਤਾਲੇ ਤੋੜ ਕੇ ਸੋਨੇ, ਚਾਂਦੀ ਦੇ ਜੇਵਰਾਤ, ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਵਲਟੋਹਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ। ਕੁਲਦੀਪ ਕੌਰ ਪਤਨੀ ਮਹਾਂਬੀਰ ਸਿੰਘ ਵਾਸੀ ਵਲਟੋਹਾ (ਪੰਚਾਇਤ ਵਲਟੋਹਾ ਸੰਧੂਆਂ) ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਬੜੀ ਮੁਸ਼ਕਿਲ ਨਾਲ ਦੋ ਵਕਤ ਦੀ ਰੋਟੀ ਕਮਾ ਕੇ ਖਾਂਦੇ ਹਨ। ਅੱਜ ਸਵੇਰੇ ਉਹ ਸਾਰਾ ਪਰਿਵਾਰ ਆਪਣੇ-ਆਪਣੇ ਕੰਮ ’ਤੇ ਚਲਾ ਗਿਆ। ਇਸ ਦੌਰਾਨ ਵਕਤ ਕਰੀਬ 11 ਵਜੇ ਅਣਪਛਾਤੇ ਚੋਰ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ ਜਿੰਨ੍ਹਾਂ ਨੇ ਬਜ਼ੁਰਗ ਮਾਤਾ ਦੇ ਕਮਰੇ ਦਾ ਤਾਲਾ ਤੋੜ ਕੇ ਉਸ ਵਿਚੋਂ 1 ਚਾਂਦੀ ਦਾ ਕੜਾ, 1 ਚਾਂਦੀ ਦੀ ਚੈਨੀ, 2500 ਰੁਪਏ ਨਕਦ ਜੋ ਕਿ ਮਾਤਾ ਪੈਨਸ਼ਨ ਦੇ ਕਢਵਾ ਕੇ ਲਿਆਈ ਸੀ। ਇਸ ਤੋਂ ਇਲਾਵਾ ਦੂਸਰੇ ਕਮਰੇ ਵਿਚੋਂ 1 ਸੈਟ ਸੋਨੇ ਦੇ ਕਾਂਟੇ, 1 ਕੜਾ, ਡੇਢ ਤੋਲਾ ਸੋਨੇ ਦੀਆਂ ਵਾਲੀਆਂ, 1 ਟਿੱਕਾ, 2 ਮੁੰਦਰੀਆਂ, ਚਾਂਦੀ ਦੀਆਂ ਪੰਜੇਬਾਂ ਅਤੇ 8 ਹਜ਼ਾਰ ਰੁਪਏ ਨਕਦ ਚੋਰੀ ਕਰਕੇ ਫਰਾਰ ਹੋ ਗਏ। ਪੀੜ੍ਹਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰਾਂ ਦਾ ਸੁਰਾਗ ਲਗਾ ਕੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ ਅਤੇ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ। ਇਸ ਸਬੰਧੀ ਜਦੋਂ ਥਾਣਾ ਮੁਖੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾਂ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਕੈਪਸ਼ਨ- ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਕੌਰ, ਸਵਰਨ ਕੌਰ ਅਤੇ ਹੋਰ ਪਰਿਵਾਰਕ ਮੈਂਬਰ। ਕੈਪਸ਼ਨ- ਚੋਰਾਂ ਵੱਲੋਂ ਖਿਲਾਰਿਆ ਹੋਇਆ ਸਮਾਨ।
Posted By:

Leave a Reply