ਵਿਸ਼ਾ: ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਦੀ ਕਿਤਾਬ "ਸਿੱਖ ਕੌਮਵਾਦ ਦਾ ਸੰਕਲਪ" ਭਾਗ: ੨
- ਗੁਰਬਾਣੀ-ਇਤਿਹਾਸ
- 09 Mar,2025

ਵਿਸ਼ਾ: ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਦੀ ਕਿਤਾਬ "ਸਿੱਖ ਕੌਮਵਾਦ ਦਾ ਸੰਕਲਪ" ਭਾਗ: ੨
ਜਿਵੇਂ ਕਿ ਦਾਸ ਨੇ ਪਹਿਲਾਂ ਕਿਹਾ ਸੀ ਕਿ ਜਿਵੇਂ ਜਿਵੇਂ ਇਸ ਕਿਤਾਬਚੇ ਨੂੰ ਪੜ੍ਹਿਆ ਜਾਵੇਗਾ ਇਸ ਕਿਤਾਬਚੇ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।
ਸਿੱਖ ਕੌਮ ਦੇ ਸੰਧਰਭ 'ਚ ਇਸ ਕਿਤਾਬਚੇ ਵਿੱਚ ਬਹੁਤ ਕੁਝ ਹੈ ਜੋ ਖ਼ਾਸ ਕਰਕੇ ਕੌਮ ਦੇ ਵਿਦਵਾਨਾਂ, ਪ੍ਰਚਾਰਕਾਂ, ਪੰਥਕ ਸੋਚ ਵਾਲੇ ਪੱਤਰਕਾਰਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪੱਛਮੀ ਵਿਦਵਾਨਾਂ ਵੱਲੋਂ ਵੱਡੇ ਪੱਧਰ ਤੇ 'ਕੌਮਵਾਦ' ਤੇ ਕੰਮ ਕੀਤਾ ਗਿਆ, ਇਸ ਕਿਤਾਬ ਵਿੱਚ ਪੱਛਮ ਦੇ ਵਿਦਵਾਨਾਂ ਵੱਲੋਂ ਦਿੱਤੀਆਂ ਗਈਆਂ ਪਰਿਭਾਸ਼ਾਵਾਂ (DEFINATIONS) ਪੜ੍ਹ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਸਿੱਖ ਕੌਮ ਨੂੰ ਸਾਹਮਣੇ ਰੱਖ ਕੇ ਇਹ ਲਿਖੀਆਂ ਗਈਆਂ ਹੋਣ।
ਇਹ ਵੀ ਪਤਾ ਲੱਗਦਾ ਹੈ ਕਿ ਕਿਵੇਂ ਇੱਕ ਸੱਭਿਆਚਾਰਕ ਸਮੂਹ (ETHNICITY) ਕੌਮ ਬਣਦਾ ਹੈ।
ਵਿਦਵਾਨ ADRIAN HASTINGS ਦੇ ਅਨੁਸਾਰ "ਸੱਚੇ ਕੌਮਵਾਦੀਆਂ ਲਈ ਸੱਭ ਤੋਂ ਮਹੱਤਵਪੂਰਨ ਉਨ੍ਹਾਂ ਦੀ ਕੌਮੀ ਹੋਂਦ ਅਤੇ ਕੌਮੀ ਰਿਵਾਇਤ ਹੁੰਦੀ ਹੈ, ਜੋ ਹਰ ਹਾਲ ਵਿੱਚ (ਜਿੰਦੜੀਆਂ ਵਾਰ ਕੇ ਵੀ) ਬਚਾਈ ਜਾਣੀ ਚਾਹੀਦੀ ਹੈ।"
ਇਸ ਕਥਨ ਤੋਂ ਸੰਤ ਜਰਨੈਲ ਸਿੰਘ ਦਾ ਸਾਰਾ ਵਰਤਾਰਾ ਸਮਝ ਆਉਂਦਾ ਹੈ, ਸੰਤ ਜੀ ਸਿੱਖਾਂ ਵਿੱਚ ਇਹ ਜਜ਼ਬਾ ਭਰ ਰਹੇ ਸਨ ਕਿ 'ਸਿੱਖ ਇੱਕ ਵੱਖਰੀ ਕੌਮ ਹੈ'।
"ਸੰਤ ਜਰਨੈਲ ਸਿੰਘ ਨੇ ਸਿੱਖ ਲਹਿਰ ਨੂੰ ਜਿਹੜਾ ਇਨਕਲਾਬੀ ਰੰਗ ਗੁਰਬਾਣੀ ਨੂੰ ਸਿੱਖ ਜੀਵਨ ਵਿੱਚ ਢਾਲ ਕੇ ਦਿੱਤਾ, ਉਸ ਨਾਲ ਦਲਿਤ ਵਰਗ ਮੁੜ ਸਿੱਖੀ ਵੱਲ ਪ੍ਰੇਰਿਤ ਹੋਇਆ, ਜਿਸ ਨਾਲ ਜਾਤ-ਪਾਤ ਰਹਿਤ ਸਿੱਖ ਸਮਾਜ ਦਾ ਪ੍ਰਗਟਾਵਾ ਹੋ ਰਿਹਾ ਸੀ, ਪਰ ਰਾਜਸੀ ਸੱਤਾ ਉੱਤੇ ਕਾਬਜ ਰਹਿਣ ਲਈ ਮਨੁੱਖਤਾ ਵਿਚਲੀਆਂ ਵੰਡੀਆਂ ਦਾ ਹੋਣਾ ਜਰੂਰੀ ਸੀ। 'ਸਿੱਖ ਕੌਮ ਦਾ ਏ ਪ੍ਰਗਟਾਵਾ' ਸਥਾਪਤੀ ਦੀ ਰਾਜ ਸੱਤਾ ਨੂੰ ਢਾਹ ਲਾਉਣ ਵਾਲੀ ਮੁਖ ਸ਼ਕਤੀ ਸੀ, ਜਿਸਨੇ ਸਥਾਪਿਤ ਨਿਜ਼ਾਮ ਦੇ ਜਾਤ-ਪਾਤ ਅਧਾਰਿਤ ਪ੍ਰਬੰਧ ਨੂੰ ਚਕਨਾਚੂਰ ਕਰ ਦੇਣਾ ਸੀ। ਇਸ ਲਈ ਜਾਤ-ਪਾਤ ਦੇ ਬੰਧਨਾਂ ਦੀ ਮੁਥਾਜ ਅੰਦਰੂਨੀ ਤੇ ਬਹਿਰੂਨੀ ਮਾਨਸਿਕਤਾ ਨੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਨ ਦੇ ਰਸਤੇ ਨੂੰ ਆਪਣੀ ਸਥਿਰਤਾ ਦਾ ਮੁੱਖ ਅਧਾਰ ਜਾਣ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।" ਹਵਾਲਾ: ਪੁਸਤਕ ਸ਼ਹੀਦ ਬਿਲਾਸ ਸੰਤ ਜਰਨੈਲ ਸਿੰਘ, ਪੰਨਾ-152
ਜੂਨ 1984 ਦੇ ਘਲੂਘਾਰੇ ਤੋਂ ਬਾਅਦ ਭਾਰਤ ਅਤੇ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੇ ਅੰਦਰ ਕੌਮਵਾਦ ਦਾ ਇਹ ਵਰਤਾਰਾ ਪ੍ਰਬਲ ਹੋ ਕੇ ਸਾਹਮਣੇ ਆਇਆ।
ਭਾਈ ਸੰਦੀਪ ਸਿੰਘ (ਦੀਪ ਸਿੱਧੂ) ਨੂੰ ਵੀ ਇਹ ਗੱਲ ਸਮਝ ਵਿੱਚ ਆ ਗਈ ਸੀ ਤੇ ਉਸ ਦੇ 'ਹੋਂਦ ਦੀ ਲੜਾਈ' ਦੇ ਨਾਰੇ ਨੂੰ ਵੀ ਅਸੀਂ ਇਸ ਹੀ ਸੰਧਰਭ ਚੋਂ ਦੇਖ ਸਕਦੇ ਹਾਂ। ਵਧੇਰੇ ਜਾਣਕਾਰੀ ਲਈ ਪੜ੍ਹੋ ਪੁਸਤਕ 'ਹੋਂਦ ਦਾ ਨਗਾਰਚੀ ਸੰਦੀਪ ਸਿੰਘ ਦੀਪ ਸਿੱਧੂ'
ਪੱਛਮੀ ਵਿਦਵਾਨ FREDERICK HERTZ (ਫ੍ਰੈਡਰਿਕ ਹਰਟਜ਼) ਦੀ ਕੌਮਵਾਦ ਬਾਰੇ ਤਕਰੀਰ ਕੀਲ ਕੇ ਰੱਖ ਦਿੰਦੀ ਹੈ ।
"ਕੌਮ ਦਾ ਸੰਕਲਪ ਇੱਕ ਸਮੂਹ ਦੇ ਮਾਣਮੱਤੇ ਇਤਿਹਾਸਿਕ ਅਤੀਤ ਨਾਲ ਜੁੜਿਆ ਹੋਇਆ ਹੈ। ਇਹ ਇਤਿਹਾਸਿਕ ਅਤੀਤ ਜਿਸ ਵਿੱਚ ਕੌਮ ਦੇ ਰਹਿਬਰਾਂ ਦੀ ਰੂਹਾਨੀ ਘਾਲਣਾ, ਕੌਮ ਦੇ ਸੂਰਬੀਰਾਂ ਦੇ ਮਾਣਮੱਤੇ ਜੌਹਰ ਅਤੇ ਬੁਲੰਦ ਸ਼ਹਾਦਤਾਂ ਸਮੋਈਆਂ ਹੋਈਆਂ ਹਨ।"
ਇਹ ਸਤਰਾਂ ਪੜ੍ਹਦੇ ਹੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਅਤੇ ਉਸ ਤੋਂ ਬਾਅਦ ਹਕੂਮਤ ਨੂੰ 'ਸ੍ਰੀ ਅਕਾਲ ਤਖ਼ਤ' ਸਾਹਿਬ ਦੇ ਰੂਪ ਵਿੱਚ ਦਿੱਤੀ ਹੋਈ ਚੁਣੌਤੀ ਦਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ। ਮੁਗ਼ਲਾਂ ਨਾਲ ਜੰਗਾਂ ਵਿੱਚ ਵਿਖਾਏ ਗਏ ਜੌਹਰ, ਨੌਵੇਂ ਸਤਿਗੁਰਾਂ ਦੀ ਸ਼ਹੀਦੀ (ਮਨੁੱਖੀ ਹੱਕਾਂ ਲਈ), ਦਸਵੇਂ ਪਾਤਸ਼ਾਹ ਵੱਲੋਂ ਚਮਕੌਰ ਦੀ ਬੇਮਿਸਾਲ ਜੰਗ ਅਤੇ 'ਸਿੰਘਾਂ' ਤੇ 'ਪੁੱਤਰਾਂ' ਵਿੱਚ ਕੋਈ ਫ਼ਰਕ ਨਾ ਰੱਖਣਾ। ਇਹ ਸੱਭ ਕੁਝ ਇਕ ਵਾਰ ਤੇ ਲੂੰ-ਕੰਡੇ ਖੜੇ ਕਰ ਦੇਂਦਾ ਹੈ।
ਕਈ ਵਾਰ ਅਸੀਂ ਸੋਚਦੇ ਹਾਂ ਕਿ, ਸਮੇਂ ਦੀ ਹਕੂਮਤ ਭਾਵੇਂ ਉਹ ਮੁਗ਼ਲ ਹੋਣ, ਅੰਗਰੇਜ਼ ਜਾਂ ਫੇਰ ਮੌਜੂਦਾ ਹਾਕਮ, ਸਿੱਖਾਂ ਤੇ ਜ਼ੁਲਮ ਕਿਉਂ ਕਰਦੇ ਹਨ ਇਸ ਗੱਲ ਦਾ ਜਵਾਬ ਵੀ ਇਸ ਕਿਤਾਬਚੇ ਚੋਂ ਮਿਲ ਜਾਂਦਾ ਹੈ।
"ਧਰਮ ਨੂੰ ਪ੍ਰਨਾਈਆਂ ਘੱਟ ਗਿਣਤੀ ਕੌਮਾਂ ਦੀ ਨਸਲਕੁਸ਼ੀ ਦੇ ਯਤਨ ਇਤਿਹਾਸ ਵਿੱਚ ਇਸ ਲਈ ਹੁੰਦੇ ਰਹੇ, ਕਿਉਂਕਿ ਇਨ੍ਹਾ ਧਰਮ ਅਧਾਰਿਤ ਕੌਮਾਂ ਨੂੰ ਪ੍ਰਚਲਿਤ ਰਾਜਨੀਤੀ ਅਤੇ ਸਮਾਜਿਕ ਪ੍ਰਬੰਧ ਲਈ ਵੱਡਾ ਖ਼ਤਰਾ ਸਮਝਿਆ ਗਿਆ। " (ਪੰਨਾ 28 ਸਿੱਖ ਕੌਮਵਾਦ ਦਾ ਸੰਕਲਪ)
ਭਾਸ਼ਾ ਕਿਸੇ ਵੀ ਕੌਮ ਲਈ ਮਹੱਤਵਪੂਰਨ ਤੱਤ ਹੁੰਦੀ ਹੈ, ਤਾਂ ਹੀ ਇਸ ਤੇ ਵੀ ਸਮੇਂ ਸਮੇਂ ਤੇ ਹਮਲੇ ਹੁੰਦੇ ਰਹੇ ਹਨ। ਸਿੱਖਾਂ ਦੀ ਖੁਸ਼ਕਿਸਮਤੀ ਹੈ ਕਿ ਗੁਰੂ ਸਾਹਿਬਾਨ ਨੇ ਪਹਿਲਾਂ ਹੀ ਸੰਸਕ੍ਰਿਤ ਦਾ ਗ਼ਲਬਾ ਲਾਹ ਕੇ ਸਭ ਤੋਂ ਪੁਰਾਤਨ ਅਤੇ ਆਮ ਲੋਕਾਂ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਪ੍ਰਫੁਲਿਤ ਕੀਤਾ, ਜਿਹੜੀ ਕਿ ਹਰ ਅਵਾਜ਼ ਨੂੰ ਲਿਖ਼ਤ ਵਿੱਚ ਢਾਲਣ ਦੇ ਸਮਰੱਥ ਹੈ। ਸਮੇਂ ਸਮੇਂ ਤੇ ਪੰਜਾਬੀ ਤੇ ਹਮਲੇ ਵੀ ਇਸੇ ਹੀ ਕੜੀ ਦਾ ਹਿੱਸਾ ਹਨ। ਅੰਗਰੇਜਾਂ ਨੇ ਵੀ ਪੰਜਾਬ ਤੇ ਕਬਜ਼ੇ ਤੋਂ ਬਾਅਦ ਗੁਰਮੁਖੀ ਦੇ ਕੈਦੇ ਘਰਾਂ ਚੋਂ ਕੱਢਣ ਵਾਲਿਆਂ ਨੂੰ ਇਨਾਮ ਵਜੋਂ ਹਥਿਆਰਾਂ ਨਾਲੋਂ ਵੱਧ ਰਾਸ਼ੀ ਦਿੱਤੀ ਸੀ। ਮੌਜੂਦਾ ਸਮੇਂ ਵਿੱਚ ਵੀ ਹਮਲਿਆਂ ਦੇ ਤਰੀਕੇ ਬਦਲ ਦਿੱਤੇ ਗਏ ਨੇ, ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਹਿੰਦੀ ਭਾਸ਼ਾ ਦੇ ਲਫ਼ਜ਼ਾਂ ਵੱਲੋਂ ਘੁਸਪੈਠ ਕਰਵਾਈ ਗਈ । ਉਦਾਹਰਣ ਦੇ ਤੌਰ ਤੇ 'ਦੇਹਾਂਤ' ਲਫ਼ਜ਼ ਸਾਡਾ ਨਹੀਂ ਹੈ, ਸਾਡੇ ਕੋਲ ਆਪਣੇ ਲਫ਼ਜ਼ 'ਅਕਾਲ ਚਲਾਣਾ', 'ਚੜ੍ਹਾਈ ਕਰ ਗਏ', 'ਮੌਤ ਹੋ ਗਈ' ਹਨ, ਪਰ ਤੁਸੀਂ ਤਕਰੀਬਨ ਸਾਰੇ ਪੰਜਾਬੀ ਦੇ ਅਖਬਾਰਾਂ ਅਤੇ ਵੱਡੇ ਟੀਵੀ ਚੈਨਲਾਂ ਤੇ 'ਦੇਹਾਂਤ ਹੋ ਗਿਆ' ਹੀ ਸੁਣੋਗੇ। ਵਿਰੋਧੀ ਅਤੇ ਦੁਸ਼ਮਣ ਕੌਮਾਂ ਨਾਲੋਂ ਆਪਣੀ ਕੌਮ ਦੀ ਹੱਦਬੰਦੀ ਕਰਨ ਵਿੱਚ ਭਾਸ਼ਾ ਕਾਫ਼ੀ ਮਹੱਤਵਪੂਰਨ ਤੱਤ ਹੈ।
ਦੱਖਣ ਭਾਰਤ ਵਾਲਿਆਂ ਨੇ ਇਹ ਵਾੜ ਕੀਤੀ ਹੋਈ ਹੈ, ਉਨ੍ਹਾਂ ਦੇ ਵੱਡੇ ਵੱਡੇ ਲੀਡਰ, ਫ਼ਿਲਮੀ ਕਲਾਕਾਰ ਹਿਕ ਠੋਕ ਕੇ ਹਿੰਦੀ ਦਾ ਗਲਬਾ ਨਹੀਂ ਪੈਣ ਦੇਂਦੇ ਅਤੇ ਦੂਜੇ ਬੰਨ੍ਹੇਂ ਸਾਡੇ ਕਥਿਤ ਵੱਡੇ ਕਲਾਕਾਰ ਇਸ ਨੂੰ ਮਾਸੀ ਦੱਸਦੇ ਹਨ (ਗੁਰਦਾਸ ਮਾਨ ਦਾ ਵਰਤਾਰਾ), ਵੱਡੀ ਪੱਧਰ ਦੇ ਹਿੰਦੀ ਦੇ ਪ੍ਰੇਮੀ ਬਣ ਚੁੱਕੇ ਹਨ।
ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀ, ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਪਰ ਜੇ ਕੋਈ ਭਾਸ਼ਾ ਹਮਲਾਵਰ ਹੋ ਕੇ ਦੂਜੀ ਭਾਸ਼ਾ ਨੂੰ ਜਜ਼ਬ ਕਰਨ ਦੀ ਮਨਸ਼ਾ ਨਾਲ ਵਰਤੀ ਜਾਂਦੀ ਹੈ ਤੇ ਲਕੀਰਾਂ ਖਿਚਣੀਆਂ ਸਮੇਂ ਦੀ ਮੰਗ ਹੁੰਦੀ ਹੈ।
ਸਾਨੂੰ ਮੌਜੂਦਾ ਹਲਾਤਾਂ ਵਿੱਚ ਇਸ ਕਿਤਾਬਚੇ ਨੂੰ ਰੱਖ ਕੇ ਪੜ੍ਹਨ ਦੀ ਲੋੜ ਹੈ ਤੇ ਇਸ ਤੋਂ ਕੁਝ ਸਿੱਖਣ ਦੀ ਵੀ ਲੋੜ ਹੈ। ਸਿੱਖ ਕੌਮ ਲੰਬੇ ਸਮੇਂ ਤੋਂ ਗੁਲਾਮ ਹੋਣ ਕਰਕੇ ਕੁਝ ਤੱਤ ਜੋ ਸਾਡੇ ਪੁਰਾਤਨ ਸਿੱਖਾਂ ਵਿੱਚ ਸਨ, ਉਨ੍ਹਾਂ ਨੂੰ ਗਵਾ ਚੁੱਕੀ ਹੈ।
ਜਿਵੇਂ ਕਿ ਵਿਦਵਾਨ ਅਜ਼ਰ ਗੈਟ (AZAR GAT) ਦੇ ਮੁਤਾਬਕ "ਕੌਮ ਰਾਜਨੀਤਿਕ ਭਾਈਚਾਰਾ ਹੈ ਅਤੇ ਜਿਸਦੀ ਆਪਸ ਵਿੱਚ ਬਹੁਤ ਸਮਰੂਪਤਾ ਹੈ ਅਤੇ ਸਮੂਹ ਦੇ ਮੈਂਬਰਾਂ ਵਿੱਚ ਨੇੜਲੇ ਸੰਬੰਧ ਹੁੰਦੇ ਹਨ। ਸਮੂਹ ਵਿੱਚ ਭਾਈਚਾਰੇ ਦੀ ਭਾਵਨਾ ਹੁੰਦੀ ਹੈ ਅਤੇ ਬਹੁਤ ਤੀਬਰ ਇਕਮੁੱਠਤਾ ਹੁੰਦੀ ਹੈ।"
ਸੋਚਣ ਵਾਲੀ ਗੱਲ ਹੈ ਕਿ, ਕੀ ਸਾਡੇ ਵਿੱਚ ਇਹ ਗੁਣ ਮੌਜੂਦ ਹਨ ਜਾਂ ਅਸੀਂ ਪਦਾਰਥਵਾਦ ਤੋਂ ਗ੍ਰਸਤ ਹੋ ਕੇ ਆਪਣੇ ਹੀ ਭਰਾਵਾਂ ਨਾਲ ਈਰਖਾ ਦਾ ਵਤੀਰਾ ਰੱਖਦੇ ਹਾਂ?
ਧਰਮ ਯੁੱਧ ਮੋਰਚੇ ਵੇਲੇ ਜਦੋਂ ਸਿੱਖਾਂ ਨੇ ਵੱਡੇ ਪੱਧਰ ਤੇ ਗ੍ਰਿਫ਼ਤਾਰੀਆਂ ਦਿੱਤੀਆਂ ਤੇ ਆਪਣੇ ਪਿਤਾ ਦਾ ਨਾਮ 'ਗੁਰੂ ਗੋਬਿੰਦ ਸਿੰਘ' ਵਾਸੀ 'ਅਨੰਦਪੁਰ ਸਾਹਿਬ' ਲਿਖਵਾਇਆ ਜਿਸ ਨਾਲ ਸਾਡੀ ਕੌਮੀਅਤ ਨੂੰ ਵੱਡਾ ਹੁੰਗਾਰਾ ਮਿਲਿਆ ਪਰ ਕੀ ਅੱਜ ਅਸੀਂ ਇਹਨਾ ਗੁਣਾ ਦੇ ਧਾਰਨੀ ਹਾਂ ?
ਜੇ ਅੱਜ ਕੋਈ ਇੱਕ ਨੌਜਵਾਨ ਵਿਦੇਸ਼ ਤੋਂ ਆ ਕੇ ਪੰਜਾਬ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦਾ ਹੈ ਤੇ ਅਸੀਂ ਉਸ ਦੀ ਸ਼ਲਾਘਾ ਕਰਨ ਦੀ ਬਜਾਏ ਉਸ ਵਿੱਚ ਨੁਕਸ ਕੱਢਣ ਲੱਗ ਜਾਨੇ ਹਾਂ, ਸਾਨੂੰ ਇਹ ਲੱਗਦਾ ਹੈ ਕੀ ਸਾਡਾ ਧੜਾ, ਸਾਡੀ ਜਥੇਬੰਦੀ ਕਿਤੇ ਪਿੱਛੇ ਰਹਿ ਗਈ ਹੈ। ਇਸੇ ਹੀ ਈਰਖਾ ਦੇ ਵੱਸ ਹੋ ਕੇ ਆਪ ਹੀ ਹਕੂਮਤ ਦੇ ਕੁਹਾੜੇ ਦਾ ਦਸਤਾ ਬਣ ਕੇ ਆਪਣੀ ਹੀ ਕੌਮ ਦੇ ਪੈਰਾਂ ਵਿੱਚ ਕੁਹਾੜੀ ਦੇ ਮਾਰਦੇ ਹਾਂ ।
ਅੱਗੇ ਜਾ ਕੇ ਕਿਤਾਬਚੇ ਦੇ ਵਿੱਚ ਵੀ 'ਅਸੀਂ ਦੀ ਭਾਵਨਾ' ਦਾ ਜਿਕਰ ਮਿਲਦਾ ਹੈ ਜੋ ਕਿ ਉਪਰ ਵਾਲੇ ਗੁਣਾਂ ਨਾਲ ਮੇਲ ਖਾਂਦਾ ਹੈ। ਸਾਨੂੰ ਇਹ ਭਾਵਨਾ ਆਪਣੇ ਵਿੱਚ ਲਿਆਉਣੀ ਪਵੇਗੀ ਤਾਂ ਹੀ ਅਸੀਂ ਆਪਣੇ ਟੀਚੇ ਤੱਕ ਪਹੁੰਚ ਸਕਾਂਗੇ ।
"ਕੌਮੀ ਜਜ਼ਬੇ ਨੂੰ ਮਜੂਬਤ ਕਰਨ ਵਾਲੇ ਮੁੱਖ ਤੱਤਾਂ ਵਿੱਚੋਂ ਇੱਕ ਧਰਮ ਹੈ, ਬਹੁਤ ਸਾਰੇ ਕੌਮੀ ਜਜ਼ਬੇ ਧਰਮ ਦੇ ਆਲੇ ਦੁਆਲੇ ਹੀ ਉਸਰੇ ਹੋਏ ਹਨ । ਕਈ ਵਾਰ ਕੁੱਝ ਭਟਕੇ ਹੋਏ ਰਾਜਨੀਤਿਕ ਧਰਮ ਨੂੰ ਆਪਣੇ ਘਟੀਆ ਸਿਆਸੀ ਨਿਸ਼ਾਨਿਆਂ ਲਈ ਵਰਤਦੇ ਹਨ।" (ਪੰਨਾ: 37 ਸਿੱਖ ਕੌਮਵਾਦ ਦਾ ਸੰਕਲਪ)
ਇਸ ਗੱਲ ਨੂੰ ਅਸੀਂ 1999 ਤੋਂ ਸਿੱਖ ਸੰਸਥਾਵਾਂ ਤੇ ਪਏ ਗ਼ਲਬੇ ਨਾਲ ਜੋੜ ਕੇ ਦੇਖ ਸਕਦੇ ਹਾਂ। ਕਿਵੇਂ ਸਿੱਖ ਸੰਸਥਾਵਾਂ ਨੂੰ ਇੱਕ ਪਰਿਵਾਰ ਅਧੀਨ ਕੀਤਾ ਗਿਆ ਤੇ ਕਿਵੇਂ ਸਾਡੀ ਕੌਮ ਦੇ ਜਥੇਦਾਰਾਂ ਨੂੰ ਜਲੀਲ ਕਰਕੇ ਘਰਾਂ ਨੂੰ ਤੋਰਿਆ ਗਿਆ।
ਇਹ ਸਾਰਾ ਕੁਝ ਸਟੇਟ ਵੱਲੋਂ ਗਿਣ ਮਿਥ ਕੇ ਕੀਤਾ ਗਿਆ, ਅੰਗਰੇਜ਼ੀ ਰਾਜ ਵੇਲੇ ਤੋਂ ਹੀ ਸਿੱਖਾਂ ਦੀਆਂ ਸੰਸਥਾਵਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਇਹ ਕਾਰਾ ਜੋਰਾਂ ਤੇ ਹੈ। ਸਮੇਂ ਦੀ ਹਕੂਮਤ ਨੂੰ ਪਤਾ ਹੈ ਕਿ ਸਿੱਖਾਂ ਦਾ ਕੌਮੀ ਸੂਰਜ 'ਮੀਰੀ ਪੀਰੀ' ਦੇ ਸਿਧਾਂਤ ਵਿੱਚੋਂ ਹੀ ਨਿਕਲੇਗਾ, ਜੇ ਸਿੱਖ ਸੰਸਥਾਵਾਂ ਅਜ਼ਾਦ ਰਹੀਆਂ, ਸਿੱਖੀ ਪਹਿਚਾਣ ਕਾਇਮ ਰਹੇਗੀ ਤੇ ਸਿੱਖਾਂ ਦੇ ਕੌਮੀ ਜਜ਼ਬੇ ਵਿੱਚ ਉਭਾਰ ਆਵੇਗਾ। ਹੁਣ ਇਹ ਸਿੱਖਾਂ ਨੇ ਸੋਚਣਾ ਹੈ ਕਿ 'ਇੱਕ ਨਿਸ਼ਾਨ' ਥੱਲੇ ਇਕੱਠੇ ਹੋ ਕੌਮੀ ਹਿੱਤਾਂ ਦੀ ਪੂਰਤੀ ਕਰਨੀ ਹੈ ਜਾਂ ਫੇਰ ਇਕੱਲੇ ਇਕੱਲੇ ਹੋ ਕੇ ਸਟੇਟ ਦੇ ਸੰਦ ਬਣ ਕੇ ਗੁਰੂ ਨੂੰ ਪਿੱਠ ਦੇਣੀ ਹੈ।
ਇੱਕ ਹੋਰ ਪੱਛਮੀ ਵਿਦਵਾਨ ਮੈਕਸ ਵੈਬਰ ਜਰਮਨੀ ਵਿੱਚ ਰਹਿ ਰਹੇ 'ਅਲਸਟੇਅਨਜ਼' ਦੀ ਉਦਾਹਰਣ ਦੇਂਦੇ ਹਨ ਤੇ ਲਿਖਦੇ ਹਨ ਕਿ "ਕੋਲਾਮਾਰ ਅਜਾਇਬ ਘਰ ਦੇ ਕਿਸੇ ਕਰਮਚਾਰੀ ਨੂੰ ਉਸਦੀ ਮਨਪਸੰਦ ਚੀਜ਼ ਬਾਰੇ ਪੁੱਛਣ ਤੇ ਉਹ ਅਖੀਰ ਤੇ ਇੱਕ ਖੂੰਜੇ ਵਿੱਚ ਪਈਆਂ ਫਰਾਂਸੀਸੀ ਯੋਧਿਆਂ ਦੀਆਂ ਨਿਸ਼ਾਨੀਆਂ ਤੇ ਫਰਾਂਸੀਸੀ ਕੌਮ ਦੇ ਝੰਡਿਆਂ ਕੋਲ ਲੈ ਜਾਵੇਗਾ। 'ਅਲਸਟੇਅਨਜ਼' ਭਾਵੇਂ ਸਰੀਰਕ ਤੌਰ ਤੇ ਜਰਮਨੀ ਵਿੱਚ ਰਹਿ ਰਹੇ ਹਨ ਉਨ੍ਹਾਂ ਦੀ ਕੌਮੀ ਰੀਝ ਫਰਾਂਸੀਸੀ ਕੌਮ ਦੇ ਨਿਸ਼ਾਨਾਂ ਵਿੱਚ ਖਿੜਦੀ ਹੈ।"
ਸਿੱਖਾਂ ਨਾਲ ਵੀ ਇਹੋ ਜਿਹਾ ਹੀ ਕੁਝ ਵਾਪਰਦਾ ਹੈ, ਇੰਗਲੈਂਡ ਦੀ ਧਰਤੀ ਤੇ ਜਦੋਂ ਕੋਈ ਸਿੱਖ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਜਾਂਦਾ ਹੈ ਤੇ ਇੱਕ ਵਾਰ ਤੇ ਉਸ ਦੀਆਂ ਅੱਖਾਂ
ਭਰ ਆਉਂਦੀਆਂ ਹਨ, ਕੌਮ ਦੇ ਤਖ਼ਤ, ਸਿੱਖ ਸ਼ਸਤਰਾਂ ਅਤੇ ਨਿਸ਼ਾਨਾਂ ਦੇ ਲੰਡਨ ਦੇ ਮਿਉਜ਼ਿਅਮ ਵਿੱਚ ਦਰਸ਼ਨ ਕਰਕੇ ਹਰ ਇੱਕ ਸਿੱਖ ਆਪਣੇ ਆਪ ਨੂੰ ਇਸ ਦਾ ਵਾਰਿਸ ਸਮਝਣ ਲੱਗ ਜਾਂਦਾ ਹੈ।
ਸਮੇਂ ਸਮੇਂ ਤੇ ਕੁਝ ਗੀਤਕਾਰ ਜਿਨ੍ਹਾਂ ਵਿੱਚੋਂ ਬਹੁਤੇ ਭਾਵੇਂ ਬਾਹਰੀ ਤੌਰ ਤੇ ਸਿੱਖੀ ਸਰੂਪ ਵਾਲੇ ਨਹੀਂ ਹਨ ਪਰ ਅੰਦਰੋਂ ਕੌਮੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ, ਇਨ੍ਹਾਂ ਦੇ ਗੀਤਾਂ ਵਿੱਚ ਕੌਮ ਦੇ ਉਸ ਸੁਨਹਿਰੀ ਦੌਰ ਲਈ ਦਰਦ ਝਲਕਦਾ ਹੈ।
ਖੁਸ਼ੀ ਦੀ ਗੱਲ ਇਹ ਹੈ ਕਿ ਕੌਮ ਦੇ ਅੰਦਰ ਉਹ ਸਾਰੇ ਤੱਤ ਮੌਜੂਦ ਹਨ ਜੋ ਭਵਿੱਖ ਵਿੱਚ ਸਾਂਝੇ ਰਾਜਨੀਤਿਕ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਰਗਰਮੀ ਕਰ ਸਕਦੇ ਹਨ। ਮੌਜੂਦਾ ਹਲਾਤਾਂ ਵਿੱਚ ਸਾਨੂੰ ਸਾਡੇ ਕੌਮਵਾਦ ਬਾਰੇ ਚੇਤਨ ਹੋਣਾ ਚਾਹੀਦਾ ਹੈ ਅਤੇ ਗਿਆਨ ਦੀ ਖੜਗ ਨਾਲ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਸਾਡੇ ਕੌਮ ਦੇ ਦੁਸ਼ਮਣਾਂ ਅਤੇ ਦੋਸਤਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ, ਲਕੀਰਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਭਵਿੱਖ ਵਿੱਚ ਇਨ੍ਹਾਂ ਲਕੀਰਾਂ ਤੇ ਕੌਮ ਦੀਆਂ ਹੱਦਾਂ ਸਿਰਜ ਸਕੀਏ।
ਦਾਸ ਕੋਈ ਲਿਖਾਰੀ ਨਹੀਂ ਹੈ ਬਸ ਕੋਸ਼ਿਸ਼ ਹੈ ਕਿ ਜੋ ਕੁਝ ਸਮਝ ਆਇਆ ਕੌਮ ਦੇ ਨਾਲ ਸਾਂਝਾ ਕੀਤਾ ਜਾ ਸਕੇ।
ਭੁੱਲ ਚੁੱਕ ਦੀ ਖਿਮਾ,
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਧੰਨਵਾਦ.
ਸ. ਜਗਜੀਤ ਸਿੰਘ (UK )
#sikhkaum
#SikhNation
#sikhpanth
#sikhhistory
#sikhkaumwad
Posted By:

Leave a Reply