ਦਮਦਮੀ ਟਕਸਾਲ ਦੇ ਵਿਦਿਆਰਥੀਆਂ ਤੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂਆਂ ਵੱਲੋਂ ਪੁਰਾਤਨ ਨਾਨਕਸ਼ਾਹੀ ਕੈਲੰਡਰ 557 ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਰੀ
- ਧਾਰਮਿਕ/ਰਾਜਨੀਤੀ
- 09 Mar,2025

ਅੰਮ੍ਰਿਤਸਰ, 9 ਮਾਰਚ ( ਜੁਗਰਾਜ ਸਿੰਘ ਸਰਹਾਲੀ )
ਸਿੱਖ ਪੰਥ ਦਾ ਨਵਾਂ ਸਾਲ 1 ਚੇਤ 557 (14 ਮਾਰਚ 2025) ਦਾ ਪੁਰਾਤਨ ਨਾਨਕਸ਼ਾਹੀ ਕੈਲੰਡਰ ਅੱਜ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂਆਂ ਵੱਲੋਂ ਜਾਰੀ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੂਲ ਮੰਤਰ ਅਤੇ ਗੁਰਮੰਤਰ ਦੇ ਜਾਪ ਤੇ ਅਰਦਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ ਸ੍ਰੀ ਅੰਮ੍ਰਿਤਸਰ ਵਾਲੇ, ਗਿਆਨੀ ਗੁਰਲਾਲ ਸਿੰਘ ਵਲਟੋਹਾ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਦਮਦਮੀ ਟਕਸਾਲ ਦੇ ਸੇਵਾਦਾਰ ਸੰਸਥਾ ਵੱਲੋਂ ਪ੍ਰਕਾਸ਼ਿਤ ਇਹ ਕੈਲੰਡਰ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ਵਿੱਚ ਜਾਰੀ ਕੀਤਾ ਅਤੇ ਇਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ, ਦਮਦਮੀ ਟਕਸਾਲ ਜ਼ਿੰਦਾਬਾਦ ਤੇ ਰਾਜ ਕਰੇਗਾ ਖ਼ਾਲਸਾ ਦੇ ਨਾਅਰੇ ਵੀ ਲਾਏ ਗਏ। ਆਗੂਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕੈਲੰਡਰ ਵਿੱਚ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ, ਗੁਰਿਆਈ ਅਤੇ ਜੋਤੀ ਜੋਤ ਦਿਵਸ ਅਤੇ ਹੋਰ ਸ਼ਹੀਦੀ ਦਿਹਾੜਿਆਂ ਤੇ ਕੌਮੀ ਤਿਉਹਾਰਾਂ ਦੀਆਂ ਪੁਰਾਤਨ ਤਾਰੀਖਾਂ ਹਨ ਅਤੇ ਕੈਲੰਡਰ ਦੇ ਪਿਛਲੇ ਪਾਸੇ ਸਿੱਖ ਧਰਮ ਨਾਲ ਸੰਬੰਧਤ ਮੁੱਢਲੀ ਜਾਣਕਾਰੀ ਵੀ ਦਿੱਤੀ ਗਈ ਹੈ ਜਿਸ ਵਿੱਚ ਦਸ ਗੁਰੂ ਸਾਹਿਬਾਨਾਂ, ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਪੰਜ ਤਖ਼ਤਾਂ, ਚਾਰ ਧਾਮਾਂ, ਪੰਜ ਕਕਾਰਾਂ, ਨਿਤਨੇਮ ਦੀਆਂ ਬਾਣੀਆਂ, ਭਗਤਾਂ, ਭੱਟਾਂ, ਦੇਸੀ ਮਹੀਨਿਆਂ ਤੇ ਸ਼੍ਰੋਮਣੀ ਸ਼ਹੀਦਾਂ ਆਦਿਕ ਬਾਰੇ ਵੇਰਵਾ ਹੈ। ਉਹਨਾਂ ਦੱਸਿਆ ਕਿ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਇਹ ਕੈਲੰਡਰ ਵੱਡੀ ਗਿਣਤੀ ਵਿੱਚ ਨਿਸ਼ਕਾਮ ਵੰਡੇ ਜਾਣਗੇ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਵਰੋਸਾਈ ਖ਼ਾਲਸਾ ਪੰਥ ਦੀ ਚੱਕਰਵਰਤੀ ਧਾਰਮਿਕ ਯੂਨੀਵਰਸਿਟੀ ਤੇ ਯੋਧਿਆਂ ਦੀ ਖਾਣ ਹੈ ਤੇ ਸਾਨੂੰ ਇਸ ਜਥੇਬੰਦੀ ਦੇ ਵਿਦਿਆਰਥੀ ਹੋਣ ਦਾ ਮਾਣ ਹੈ। ਉਹਨਾਂ ਕਿਹਾ ਕਿ ਇਸ ਕੈਲੰਡਰ ਵਿੱਚ ਓਹੀ ਪੁਰਾਤਨ ਤਾਰੀਖ਼ਾਂ ਦਿੱਤੀਆਂ ਗਈਆਂ ਹਨ ਜੋ ਗੁਰੂ ਸਾਹਿਬਾਂ ਦੇ ਪੁਰਾਤਨ ਸਮੇਂ ਤੋਂ ਚੱਲਦੀ ਰਵਾਇਤ ਅਤੇ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਸ੍ਰੋਤਾਂ ਅਨੁਸਾਰ ਹਨ ਤੇ ਦਮਦਮੀ ਟਕਸਾਲ ਸੀਨਾ-ਬਸੀਨਾ ਇਸੇ ਸਿਧਾਂਤ ਉੱਤੇ ਦ੍ਰਿੜਤਾ ਨਾਲ ਪਹਿਰਾ ਦੇ ਰਹੀ ਹੈ।
Posted By:

Leave a Reply