ਚੋਹਲਾ ਸਾਹਿਬ 'ਚ ਚੌਥਾ ਆਲ ਓਪਨ ਹਾਕੀ ਟੂਰਨਾਮੈਂਟ ਸੰਪੰਨ, ਬੁਤਾਲਾ ਹਾਕੀ ਕਲੱਬ ਨੇ ਮਾਰੀ ਬਾਜ਼ੀ
- ਖੇਡ
- 05 Mar,2025

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 5 ਮਾਰਚ
ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵੱਲੋਂ ਐਨਆਰਆਈ ਸਾਥੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਚੌਥਾ ਆਲ ਓਪਨ ਹਾਕੀ ਟੂਰਨਾਮੈਂਟ ਸ਼ਾਨਦਾਰ ਯਾਦਾਂ ਛੱਡਦਿਆਂ ਸੰਪੰਨ ਹੋਇਆ। ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਤਿੰਨ ਦਿਨ ਚੱਲੇ ਹਾਕੀ ਮੁਕਾਬਲਿਆਂ ਤੋਂ ਬਾਅਦ ਫਾਈਨਲ ਕੈਲੀਫੋਰਨੀਆ ਰੋਮੀ ਕਲੱਬ ਅਤੇ ਬੁਤਾਲਾ ਹਾਕੀ ਕਲੱਬ ਦਰਮਿਆਨ ਹੋਇਆ, ਜਿਸ ਵਿੱਚ ਬੁਤਾਲਾ ਹਾਕੀ ਕਲੱਬ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਜੇਤੂ ਕੱਪ 'ਤੇ ਕਬਜ਼ਾ ਕੀਤਾ। ਕੈਲੀਫੋਰਨੀਆ ਰੋਮੀ ਕਲੱਬ ਦੀ ਟੀਮ ਉਪ-ਜੇਤੂ ਰਹੀ।
ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ₹81,000 ਅਤੇ ₹71,000 ਦੀ ਨਕਦ ਰਕਮ ਨਾਲ ਵਿਸ਼ੇਸ਼ ਟ੍ਰੌਫੀਆਂ ਸਨਮਾਨ ਵਜੋਂ ਦਿੱਤੀਆਂ ਗਈਆਂ। ਬਾਕੀ ਟੀਮਾਂ ਅਤੇ ਖਿਡਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਾਕੀ ਨੂੰ ਉਤਸ਼ਾਹਿਤ ਕਰਨ ਲਈ ਕਲੱਬ ਵੱਲੋਂ ਛੋਟੇ ਬੱਚਿਆਂ ਦੇ ਦੋ ਵੱਖ-ਵੱਖ ਹਾਕੀ ਮੈਚ ਵੀ ਕਰਵਾਏ ਗਏ।ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਦੇ ਚੇਅਰਮੈਨ ਹਰਜੀਤ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਚੇਅਰਮੈਨ ਅਮਰਿੰਦਰ ਸਿੰਘ ਐਮੀ ਵੱਲੋਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਤਰਫੋਂ ਕਲੱਬ ਨੂੰ ₹50,000 ਦੀ ਸਹਾਇਤਾ ਰਕਮ ਦਿੱਤੀ ਗਈ।
ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖਾਸ ਉਪਰਾਲੇ ਕਰ ਰਹੀ ਹੈ। ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਤਹਿਤ ਪਿੰਡਾਂ 'ਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ ਨੌਜਵਾਨਾਂ ਲਈ ਨਵੇਂ ਜਿਮ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਹੋਰ ਉਪਰਾਲੇ ਵੀ ਕੀਤੇ ਜਾਣਗੇ। ਉਨ੍ਹਾਂ ਨੇ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਚੋਹਲਾ ਸਾਹਿਬ ਵੱਲੋਂ ਪੇਂਡੂ ਖੇਤਰ ਵਿੱਚ ਹੋਏ ਇਸ ਵਿਸ਼ਾਲ ਹਾਕੀ ਟੂਰਨਾਮੈਂਟ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਹ ਟੂਰਨਾਮੈਂਟ ਤਿੰਨ ਦਿਨ ਚੱਲਿਆ, ਜਿਸ ਨੂੰ ਸਫਲ ਬਣਾਉਣ ਵਿੱਚ ਮੁੱਖ ਪ੍ਰਬੰਧਕ ਜਗਤਾਰ ਸਿੰਘ ਜੱਗਾ, ਜੱਗੀ ਪਹਿਲਵਾਨ (ਯੂਐਸਏ), ਵੱਸਣ ਸਿੰਘ (ਹਾਂਗਕਾਂਗ), ਸਰਪੰਚ ਕੇਵਲ ਚੋਹਲਾ, ਡਾ. ਯੁੱਧਬੀਰ ਸਿੰਘ, ਮਾਸਟਰ ਗੁਰਨਾਮ ਸਿੰਘ ਧੁੰਨ, ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਅਤੇ ਹੋਰ ਵਿਅਕਤੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
Posted By:

Leave a Reply