ਕੀ ਭਾਜਪਾ ਸਿੱਖਾਂ ਦੇ ਮਸਲੇ ਹੱਲ ਕਰਨ ਜਾ ਰਹੀ ਹੈ ?

ਕੀ ਭਾਜਪਾ ਸਿੱਖਾਂ ਦੇ ਮਸਲੇ ਹੱਲ ਕਰਨ ਜਾ ਰਹੀ ਹੈ ?

ਕੀ ਭਾਜਪਾ ਸਿੱਖਾਂ ਦੇ ਮਸਲੇ ਹੱਲ ਕਰਨ ਜਾ ਰਹੀ ਹੈ ?

ਸਿੱਖ ਪੰਥ ਦੀਆਂ ਕੁਝ ਧਾਰਮਿਕ ਤੇ ਰਾਜਨੀਤਕ ਸ਼ਖਸੀਅਤਾਂ ਵੱਲੋਂ ਭਾਜਪਾ ਦੀ ਹਮਾਇਤ ਕੀਤੀ ਜਾ ਰਹੀ ਹੈ। ਸਿੱਖਾਂ ਦੀ ਜਿਹੜੀ ਵੀ ਸੰਸਥਾ ਜਾਂ ਆਗੂ, ਭਾਜਪਾ ਦੀ ਹਮਾਇਤ ਕਰਦਾ ਹੈ ਤਾਂ ਉਹ ਭਾਜਪਾ 'ਚ ਜਾਣ ਵੇਲੇ ਜਾਂ ਉਸ ਦਾ ਵਿਰੋਧ ਹੋਣ ਵੇਲੇ ਇਹ ਗੱਲ ਆਖਦਾ ਹੈ ਕਿ ਅਸੀਂ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣੇ ਹਨ। ਹੁਣ ਤਾਂ ਬਸ ਮਸਲੇ ਹੱਲ ਹੋਣ ਹੀ ਵਾਲੇ ਹਨ, ਅਸੀਂ ਗਏ ਤੇ ਆਏ, ਤੁਸੀਂ ਵਾਹ-ਵਾਹ ਕਰਨ ਲਈ ਤਿਆਰ ਰਹੋ।

ਸਿੱਖ ਚਿਹਰਿਆਂ ਵਾਲੇ ਭਾਜਪਾਈ ਆਗੂ ਆਖਦੇ ਨੇ ਕਿ ਅਸੀਂ ਭਾਜਪਾ ਕੋਲੋਂ ਸਿੱਖਾਂ ਦੀ ਝੋਲੀ 'ਚ ਬਹੁਤ ਕੁਝ ਪਵਾਵਾਂਗੇ, ਸਿੱਖ ਤਾਂ ਐਵੇਂ ਧਰਨੇ-ਮੁਜ਼ਾਹਰੇ ਕਰਦੇ ਫਿਰਦੇ ਨੇ, ਖ਼ੂਨ-ਖਰਾਬੇ ਦੀਆਂ ਗੱਲਾਂ ਕਰਦੇ ਨੇ, ਸਿੱਖ ਤਾਂ ਬਿਨਾਂ ਗੱਲੋਂ ਭਾਜਪਾ ਦਾ ਵਿਰੋਧ ਕਰਦੇ ਨੇ, ਭਾਜਪਾ ਤਾਂ ਬਹੁਤ ਮਹਾਨ ਏ, ਉਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਅਵਤਾਰ ਬਣਾ ਕੇ ਪੇਸ਼ ਕਰਦੇ ਨੇ, ਉਹ ਪੰਥ-ਪ੍ਰਸਤ ਗੁਰਸਿੱਖਾਂ ਤੇ ਖ਼ਾਲਿਸਤਾਨੀ ਆਗੂਆਂ ਨੂੰ ਨਿੰਦਦੇ-ਭੰਡਦੇ ਨੇ, ਉਹ ਗੁਰੂ ਦੇ ਸਿਧਾਂਤ ਨੂੰ ਭੁੱਲ ਕੇ ਬ੍ਰਾਹਮਣੀ ਰੀਤਾਂ ਅਪਣਾਉਂਦੇ ਨੇ ਤੇ ਵਿਰੋਧ ਕਰਨ ਵਾਲਿਆਂ ਨੂੰ ਆਈ.ਟੀ. ਸੈੱਲ ਤੋਂ ਕਈ ਤਰ੍ਹਾਂ ਦੇ ਸਰਟੀਫਿਕੇਟ ਜਾਰੀ ਕਰਵਾਉਂਦੇ ਨੇ।

ਉਹਨਾਂ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਾ ਰਹਿੰਦਾ ਕਿ ਪੰਥ ਤੇ ਪੰਜਾਬ ਦੇ ਮਸਲੇ ਤਾਂ ਕਦੋਂ ਦੇ ਹੱਲ ਹੋ ਜਾਣੇ ਸੀ ਪਰ ਸਿੱਖ ਹੀ ਸਰਕਾਰਾਂ ਨਾਲ ਪੰਗੇ ਲੈ ਕੇ ਅੜਿੱਕਾ ਬਣਦੇ ਰਹੇ ਨੇ। ਉਹ ਕਹਿੰਦੇ ਨੇ ਕਿ ਸਾਰੇ ਸਿੱਖ ਚੁੱਪ ਕਰ ਜਾਓ ਜਾਂ ਭਾਜਪਾ ਦਾ ਖੁੱਲ੍ਹ ਕੇ ਸਮਰਥਨ ਕਰੋ, ਭਾਜਪਾ ਦੀ ਜੈ-ਜੈਕਾਰ ਕਰੋ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਹੋਰਾਂ ਸ਼ਹੀਦਾਂ ਦੇ ਨਿਸ਼ਾਨੇ ਨੂੰ ਭੁੱਲ ਜਾਓ, ਉਹਨਾਂ ਨੂੰ ਵਡਿਆ ਕੇ ਪੇਸ਼ ਨਾ ਕਰੋ ਨਹੀਂ ਤਾਂ ਕੰਮ ਖਰਾਬ ਹੋ ਜਾਊ, ਗੁਰਬਾਣੀ-ਇਤਿਹਾਸ ਤੋਂ ਸੇਧ ਲੈਣ ਦੀ ਬਜਾਏ ਭਾਜਪਾ ਦੇ ਏਜੰਡੇ 'ਤੇ ਕੰਮ ਕਰੋ, ਗਰਮ ਗੱਲਾਂ ਨਾਲ ਕੁਝ ਨਹੀਂ ਬਣਨਾ, ਅੱਗੇ ਬਥੇਰਾ ਨੁਕਸਾਨ ਕਰਵਾ ਲਿਆ, ਤੁਸੀਂ ਪਿਛਲੇ 40 ਸਾਲਾਂ ਤੋਂ ਕੁਝ ਨਹੀਂ ਕਰ ਸਕੇ, ਪਰ ਹੁਣ ਅਸੀਂ ਬਿਨਾਂ ਬੰਦੇ ਮਰਾਏ, ਬਿਨਾਂ ਮੋਰਚਾ ਲਾਏ, ਸਿੱਖਾਂ ਨੂੰ ਮਾਲੋ-ਮਾਲ ਕਰ ਦਿਆਂਗੇ।

ਜੇ ਭਾਜਪਾ ਨੂੰ ਸਮਰਥਨ ਦੇਣ ਵਾਲੇ ਧਾਰਮਿਕ ਤੇ ਸਿਆਸੀ ਆਗੂਆਂ ਦੀਆਂ ਇਹਨਾਂ ਗੱਲਾਂ ਵੱਲ ਧਿਆਨ ਦੇਈਏ ਤਾਂ ਮਨ 'ਚ ਸਵਾਲ ਆਉਂਦਾ ਹੈ ਕਿ ਕੀ ਭਾਜਪਾ ਸਰਕਾਰ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਨ ਜਾ ਰਹੀ ਹੈ ? ਕੀ ਅਨੰਦਪੁਰ ਸਾਹਿਬ ਦਾ ਮਤਾ ਮੰਨਣ ਜਾ ਰਹੀ ਹੈ ? ਕੀ ਭਾਰਤੀ ਸੰਵਿਧਾਨ 'ਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਐਲਾਨਿਆ ਜਾਏਗਾ ? ਕੀ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਹੱਲ ਹੋਏਗਾ ? ਕੀ ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਮਿਲੇਗੀ ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਉੱਤੇ ਕਤਲ ਦਾ ਮੁਕੱਦਮਾ ਦਰਜ ਹੋਏਗਾ ? ਕੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਭਾਜਪਾਈ ਆਗੂ ਸ਼ਰਧਾਂਜਲੀਆਂ ਦੇਣਾ ਬੰਦ ਕਰਨਗੇ ? ਕੀ ਕੁਲਦੀਪ ਬਰਾੜ, ਲਾਲ ਕ੍ਰਿਸ਼ਨ ਅਡਵਾਨੀ ਤੇ ਲਕਸ਼ਮੀ ਕਾਂਤਾ ਚਾਵਲਾ ਨੂੰ ਫਾਂਸੀ ਉੱਤੇ ਚਾੜ੍ਹਿਆ ਜਾਏਗਾ ? ਕੀ ਨਵੇਂ ਤੇ ਪੁਰਾਣੇ ਸਮੁੱਚੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਏਗਾ ? ਕੀ ਕਿਸਾਨੀ ਮਸਲੇ ਹੱਲ ਹੋਣਗੇ ? ਕੀ ਪੰਜਾਬੀ ਬੋਲੀ ਦਾ ਸਤਿਕਾਰ ਬਹਾਲ ਹੋਏਗਾ ? ਕੀ ਸਿੱਖਾਂ ਦੇ ਕਕਾਰਾਂ ਉੱਤੇ ਪਾਬੰਦੀਆਂ ਨਹੀਂ ਲੱਗਣਗੀਆਂ ? ਕੀ ਗੁਰਦੁਆਰਾ ਗਿਆਨ ਗੋਦੜੀ, ਗੁ. ਡਾਂਗਮਾਰ, ਗੁ. ਮਟਨ ਸਾਹਿਬ ਤੇ ਹੋਰ ਗੁਰਦੁਆਰੇ ਉਸਾਰੇ ਜਾਣਗੇ ? ਕੀ ਸਰਕਾਰ ਸਿੱਖਾਂ ਨਾਲ ਧੱਕੇਸ਼ਾਹੀ ਤੇ ਜ਼ੁਲਮ ਬੰਦ ਕਰੇਗੀ ? ਕੀ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ ਆਦਿ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਮਿਲੇਗਾ ? ਕੀ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲਾਂ ਬਾਰੇ ਸਰਕਾਰ ਦੱਸੇਗੀ ਕਿ ਕਿਉਂ ਕੀਤੇ ? ਕੀ ਆਰ.ਐਸ.ਐਸ. ਸਿੱਖਾਂ ਦਾ ਇਤਿਹਾਸ ਵਿਗਾੜਨ ਤੋਂ ਬਾਜ਼ ਆਏਗੀ ? ਕੀ ਸਰਕਾਰ ਸਾਡੇ ਸ਼ਹੀਦਾਂ ਤੇ ਜੁਝਾਰੂਆਂ ਨੂੰ ਅੱਤਵਾਦੀ ਕਹਿਣਾ ਬੰਦ ਕਰੇਗੀ ? ਕੀ ਪੰਜਾਬ ਦਾ ਵੱਖਰਾ ਝੰਡਾ ਹੋਏਗਾ ? ਕੀ ਪੰਜਾਬ 'ਚ ਪ੍ਰਵਾਸੀਆਂ ਦੇ ਜ਼ਮੀਨ ਖ੍ਰੀਦਣ 'ਤੇ ਪਾਬੰਦੀ ਲੱਗੇਗੀ ? ਕੀ ਸੱਚਮੁੱਚ ਹੀ ਸਿੱਖ ਵੀ ਅਜ਼ਾਦੀ ਦਾ ਨਿੱਘ ਮਾਣ ਸਕਣਗੇ ?

ਇਹ ਸਵਾਲ ਵੀ ਤੰਗ ਕਰਦੇ ਨੇ ਕਿ ਕੀ ਹੁਣ ਇਹਨਾਂ ਮੰਗਾਂ ਨੂੰ ਮਨਾਉਣ ਲਈ ਸਿੱਖ, ਭਾਜਪਾ ਦੇ ਝੋਲੀਚੁੱਕ ਬਣ ਜਾਣ ? ਕੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਵੱਲੋਂ ਅਰੰਭੇ ਸੰਘਰਸ਼ ਦਾ ਭੋਗ ਪਾ ਦੇਈਏ ? ਕੀ ਹੁਣ ਸਿੱਖਾਂ ਨੂੰ ਵੱਖਰਾ ਦੇਸ਼ ਖ਼ਾਲਿਸਤਾਨ ਨਹੀਂ ਚਾਹੀਦਾ ? ਕੀ ਹਜ਼ਾਰਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਨਿਸ਼ਾਨੇ ਨੂੰ ਭੁੱਲ ਜਾਈਏ ? ਕੀ ਸ਼ਹੀਦ ਸਿੰਘ ਸਾਨੂੰ ਇਹ ਕਹਿ ਕੇ ਗਏ ਸਨ ਕਿ ਭਾਜਪਾ ਦੀ ਹਮਾਇਤ ਕਰਿਓ ? ਕੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ, ਨਵੰਬਰ 1984 ਦੀ ਨਸਲਕੁਸ਼ੀ ਤੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਭੁੱਲ ਜਾਈਏ ? ਕੀ ਸ਼ਹੀਦ ਸਿੰਘ ਸਾਨੂੰ ਮਾਫ਼ ਕਰਨਗੇ ?

ਜੇ ਭਾਜਪਾ ਨਾਲ ਮਿਲ ਕੇ ਹੀ ਮਸਲੇ ਹੱਲ ਹੋਣੇ ਹਨ ਤਾਂ 23 ਸਾਲ ਬਾਦਲਕਿਆਂ ਨੇ ਭਾਜਪਾ ਨਾਲ ਸਾਂਝ ਬਣਾਈ ਰੱਖੀ ਓਦੋਂ ਮਸਲੇ ਹੱਲ ਕਿਉਂ ਨਾ ਹੋਏ ? ਦੋਸ਼ੀ ਕੌਣ ਹੈ ਬਾਦਲ, ਭਾਜਪਾ ਜਾਂ ਸਿੱਖ ? ਬਾਦਲਾਂ ਦੇ ਰਾਜ 'ਚ ਤਾਂ ਭਾਜਪਾ ਨੇ ਖੁੱਲ੍ਹ ਕੇ ਮਨਮਾਨੀਆਂ ਕੀਤੀਆਂ ਤੇ ਸਿੱਖੀ ਦੀ ਜੜ੍ਹਾਂ 'ਚ ਤੇਲ ਦਿੱਤਾ, ਸ਼੍ਰੋਮਣੀ ਅਕਾਲੀ ਦਲ ਦਾ ਵੀ ਵੱਕਾਰ ਰੋਲ ਦਿੱਤਾ। ਅੱਜ ਕਈ ਅਕਾਲੀ ਆਗੂ ਮੰਨ ਰਹੇ ਨੇ ਕਿ ਅਸੀਂ ਭਾਜਪਾ ਨੂੰ ਤਾਕਤ ਦੇ ਕੇ ਗ਼ਲਤੀ ਕੀਤੀ। ਭਾਵੇਂ ਕਿ ਇਹ ਚੌਧਰ ਦੇ ਭੁੱਖੇ ਅਕਾਲੀ ਆਗੂ ਆਪਣੇ ਸਿਆਸੀ ਮਨੋਰਥਾਂ ਲਈ ਦੁਬਾਰਾ ਭਾਜਪਾ ਨਾਲ ਸਾਂਝ ਪਾਉਣ ਲਈ ਉਤਾਵਲੇ ਹਨ। ਯਾਦ ਰੱਖਿਓ, ਭਾਜਪਾ ਸਿੱਖ ਚਿਹਰਿਆਂ ਨੂੰ ਵਰਤ ਤਾਂ ਸਕਦੀ ਹੈ ਪਰ ਉਹ ਪੰਥ ਤੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ।

ਭਾਜਪਾ ਨੂੰ ਸਮਰਥਨ ਦੇਣ ਵਾਲੇ ਸਿੱਖ ਆਗੂਆਂ ਦੀ ਮਾਨਸਿਕ ਹਾਲਤ 'ਤੇ ਤਰਸ ਆਉਂਦਾ ਹੈ ਕਿ ਇਹ ਕਿੰਨੇ ਖ਼ੂਬਸੂਰਤ ਢੰਗ ਨਾਲ ਹਿੰਦੂਤਵ ਦੇ ਸਮੁੰਦਰ 'ਚ ਸਿੱਖ ਕੌਮ ਦਾ ਬੇੜਾ ਡੋਬਣ ਲੱਗੇ ਨੇ, ਇਹ ਕਿੰਨੇ ਸ਼ਾਨਦਾਰ ਸਲੀਕੇ ਨਾਲ ਸਿੱਖਾਂ ਨੂੰ ਬੇਵਕੂਫ਼ ਬਣਾਉਂਦੇ ਨੇ, ਸਭ ਕੁਝ ਜਾਣਦੇ ਹੋਏ ਵੀ ਪੰਥ ਨੂੰ ਖੂਹ 'ਚ ਸੁੱਟਣਾ ਚਾਹੁੰਦੇ ਨੇ, ਇਹ ਸਿੱਖਾਂ ਦਾ ਹਿੰਦੂਕਰਨ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ, ਇਹ ਗੁਰੂ ਕੇ ਲਾਲਾਂ ਨੂੰ ਮਾਤਾ ਦਾ ਮਾਲ ਬਣਾਉਣਾ ਚਾਹੁੰਦੇ ਨੇ, ਇਹ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਨੂੰ ਲੀਹੋਂ ਲਾਹੁਣਾ ਚਾਹੁੰਦੇ ਨੇ, ਇਹ ਹਰ ਸਿੱਖ ਨੂੰ ਭਗਵਾਂ ਝੰਡਾ ਚੁਕਾਉਣਾ ਚਾਹੁੰਦੇ ਨੇ, ਹਿੰਦੂ ਰਾਸ਼ਟਰ ਦੀਆਂ ਨੀਂਹਾਂ ਪੱਕੀਆਂ ਕਰ ਰਹੇ ਨੇ, ਪੰਜਾਬ 'ਚ ਭਾਜਪਾ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਚਾਹੁੰਦੇ ਨੇ, ਸਿੱਖਾਂ ਨੂੰ ਸਿੱਖੀ ਤੋਂ ਬਾਗ਼ੀ ਕਰਕੇ ਸਨਾਤਨੀਆਂ 'ਚ ਜਜ਼ਬ ਕਰਨਾ ਚਾਹੁੰਦੇ ਨੇ, ਇਹ ਸਿੱਖ ਸਿਆਸਤ ਦਾ ਭੋਗ ਪਾ ਕੇ ਹਿੰਦੂ ਸਿਆਸਤ ਚਮਕਾਉਣਾ ਚਾਹੁੰਦੇ ਨੇ। ਅਫ਼ਸੋਸ ਕਿ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਕੁਝ ਮਰੀਆਂ ਜ਼ਮੀਰਾਂ ਵਾਲੇ ਸਿੱਖ ਹੀ ਬਣ ਗਏ ਹਨ। ਪਰ ਗੁਰੂਆਂ-ਸ਼ਹੀਦਾਂ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਅਸਲ ਵਾਰਸ ਹੱਕ-ਸੱਚ ਦਾ ਹੋਕਾ ਦਿੰਦਿਆਂ ਆਪਣਾ ਫ਼ਰਜ਼ ਨਿਭਾਉਂਦੇ ਰਹਿਣਗੇ। ਫ਼ੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਕਿੱਧਰ ਭੁਗਤਣਾ ਹੈ ਖ਼ਾਲਸਾ ਪੰਥ ਵੱਲ ਜਾਂ ਭਾਜਪਾ ਵੱਲ। ਗੁਰੂ ਸੁਮੱਤ ਬਖ਼ਸ਼ੇ।

image


- ਰਣਜੀਤ ਸਿੰਘ ਦਮਦਮੀ ਟਕਸਾਲ

ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਮੋ : 88722-93883 #SYFB