ਅਖੇ, ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬਾਂ ਲਿਖ ਕੇ ਰਣਜੀਤ ਸਿੰਘ ਪੰਜਾਬ ਨੂੰ ਅੱਗ ਲਾ ਰਿਹੈ
- ਖੇਡ
- 04 Mar,2025

ਕੰਵਰਜੀਤ ਸਿੰਘ ਯੂ.ਐਸ.ਏ. ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਅਮਿਤ ਸ਼ਾਹ ਨੂੰ ਕਾਰਵਾਈ ਲਈ ਕੀਤੀ ਲਿਖਤੀ ਸ਼ਿਕਾਇਤ
ਅੰਮ੍ਰਿਤਸਰ, 4 ਮਾਰਚ ( ਪਰਵਿੰਦਰ ਸਿੰਘ ਰੌਕੀ)
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੰਵਰਜੀਤ ਸਿੰਘ ਵਾਸ਼ਿੰਗਟਨ ਯੂ.ਐਸ.ਏ. ਨਾਮ ਦਾ ਵਿਅਕਤੀ ਜਿਸ ਨੇ ਪਹਿਲਾਂ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਹੁਣ ਇਸ ਨੇ ਮੇਰੇ ਅਤੇ ਮੇਰੇ ਵੱਲੋਂ ਲਿਖੀਆਂ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬਾਂ ਦੇ ਖ਼ਿਲਾਫ਼ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ "ਰਣਜੀਤ ਸਿੰਘ ਦਮਦਮੀ ਟਕਸਾਲ, ਕਿਤਾਬਾਂ ਲਿਖ ਕੇ ਪੰਜਾਬ ਦੀ ਨੌਜਵਾਨੀ ਨੂੰ ਭੜਕਾ ਰਿਹਾ ਹੈ ਅਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਲਾ ਰਿਹਾ ਹੈ। ਪੰਜਾਬ 'ਚ ਸ਼ਾਂਤੀ ਮੁਸ਼ਕਿਲ ਨਾਲ ਆਈ ਹੈ, ਪੰਜਾਬ ਨੂੰ ਬਚਾਇਆ ਜਾਏ, ਮੈਂ ਦੇਸ਼ ਦੀ ਸ਼ਾਂਤੀ ਦਾ ਚਾਹਵਾਨ ਹਾਂ, ਰਣਜੀਤ ਸਿੰਘ ਕਿਤਾਬਾਂ ਵੰਡ ਕੇ ਸ਼ਾਂਤੀ ਨੂੰ ਅੱਗ ਲਾਉਣ ਦੀ ਪੂਰੀ ਤਿਆਰੀ ਕਰ ਰਿਹਾ ਹੈ, ਪੁਲਿਸ ਇਸ ਗੱਲ ਤੋਂ ਅਨਜਾਣ ਹੈ ਤੇ ਰਣਜੀਤ ਸਿੰਘ ਦਮਦਮੀ ਟਕਸਾਲ ਵਿਰੁੱਧ ਕਾਰਵਾਈ ਕੀਤੀ ਜਾਵੇ।" ਸਰਕਾਰ ਨੇ ਇਸ ਬੰਦੇ ਦੀ ਚਿੱਠੀ ਉੱਤੇ ਮੈਨੂੰ ਸੀ.ਆਈ.ਏ. ਸਟਾਫ਼ ਅੰਮ੍ਰਿਤਸਰ ਸੱਦਿਆ ਤੇ ਮੇਰੇ ਤੋਂ ਪੁੱਛਗਿੱਛ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਕੰਵਰਜੀਤ ਸਿੰਘ ਯੂ.ਐਸ.ਏ. ਜੋ ਆਪਣੇ ਆਪ ਨੂੰ ਬੱਬਰ ਖ਼ਾਲਸਾ ਦੇ ਇੱਕ ਗਰੁੱਪ ਨਾਲ ਸੰਬੰਧਤ ਦੱਸਦਾ ਹੈ। ਪਰ ਉਸ ਗਰੁੱਪ ਦੀਆਂ ਵੀ ਜੜ੍ਹਾਂ ਵੱਢ ਰਿਹਾ ਹੈ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਨੂੰ ਵੀ ਇਸ ਚਿੱਠੀ ਵਿੱਚ ਨਿਸ਼ਾਨਾ ਬਣਾਇਆ ਗਿਆ, ਮੁਖਬਰੀਆਂ ਕਰ ਰਿਹਾ ਤੇ ਅਮਿਤ ਸ਼ਾਹ ਨੂੰ ਕਾਰਵਾਈ ਕਰਨ ਲਈ ਕਹਿ ਰਿਹਾ। ਇਹ ਬੰਦਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਵਧਾਵਾ ਸਿੰਘ ਬੱਬਰ ਤੇ ਭਾਈ ਗਜਿੰਦਰ ਸਿੰਘ ਹਾਈਜੈਕਰ ਦਾ ਵੀ ਵਿਰੋਧੀ ਹੈ ਤੇ ਉਹਨਾਂ ਬਾਰੇ ਚਿੱਠੀ ਵਿੱਚ ਪੇਜ ਵੀ ਲਾਏ ਹੋਏ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੈਂ ਸੰਗਤਾਂ ਨੂੰ ਇਹ ਵੀ ਦੱਸ ਦੇਵਾਂ ਕਿ ਇਹ ਬੰਦਾ ਪਹਿਲਾਂ ਪੁਲਿਸ ਵਿੱਚ ਰਿਹਾ ਸੀ ਤੇ ਫਿਰ ਖਾੜਕੂਆਂ ਵਿੱਚ ਰਲ਼ ਗਿਆ। ਇਸ ਦੀਆਂ ਪੰਥ ਵਿਰੋਧੀ ਹਰਕਤਾਂ ਤੋਂ ਅੱਜ ਪਤਾ ਲੱਗ ਰਿਹਾ ਹੈ ਕਿ ਇਸ ਨੇ ਸਿੱਖ ਕੌਮ ਤੇ ਸੰਘਰਸ਼ ਦਾ ਵੀ ਬਹੁਤ ਨੁਕਸਾਨ ਕੀਤਾ ਹੋਵੇਗਾ। ਕੰਵਰਜੀਤ ਸਿੰਘ ਯੂ.ਐਸ.ਏ. ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿਵਾਈਆਂ ਤੇ ਦਲ ਖ਼ਾਲਸਾ ਵੱਲੋਂ ਹੁਸ਼ਿਆਰਪੁਰ 'ਚ ਕੀਤੇ ਅਜ਼ਾਦੀ ਮਾਰਚ 'ਚ ਮੇਰੀ ਰੈਕੀ ਕਰਕੇ ਗੋਲ਼ੀਆਂ ਦਾ ਨਿਸ਼ਾਨਾ ਬਣਾਉਣਾ ਚਾਹਿਆ। ਇਸ ਤੋਂ ਪਹਿਲਾਂ ਮੇਰੇ ਸਾਥੀ ਭਾਈ ਭੁਪਿੰਦਰ ਸਿੰਘ ਛੇ ਜੂਨ ਨੂੰ ਮਾਰਨ ਲਈ ਉਸ ਦੇ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਤੱਕ ਹਥਿਆਰਬੰਦ ਬੰਦੇ ਭੇਜੇ। ਇਹ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਮਰਵਾਉਣਾ ਚਾਹੁੰਦਾ ਸੀ ਅਤੇ ਭਾਈ ਵਧਾਵਾ ਸਿੰਘ ਬੱਬਰ ਨੂੰ ਵੀ ਬੂੜਾ/ਬੁੱਢਾ ਆਖਦਾ ਹੈ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦਾ ਹੈ। ਇਹ ਹੋਰ ਗੁਰਸਿੱਖਾਂ ਨੂੰ ਵੀ ਬਹੁਤ ਮੰਦੀ ਭਾਸ਼ਾ ਬੋਲਦਾ ਹੈ। ਭਾਈ ਰਣਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਇਹ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ ਪੰਜੋਲਾ ਦੀ ਸਪੁੱਤਰੀ ਬੀਬੀ ਕਿਰਨਜੋਤ ਕੌਰ ਢਾਡੀ ਅਤੇ ਬੀਬੀ ਗੁਰਦੀਪ ਕੌਰ ਨੀਟੂ ਬਰਨਾਲਾ ਨੂੰ ਵੀ ਹੱਦੋਂ ਵੱਧ ਜ਼ਲੀਲ ਕਰ ਰਿਹਾ ਹੈ ਤੇ ਉਹ ਖੁਦਕੁਸ਼ੀ ਕਰਨ ਲਈ ਮਜ਼ਬੂਰ ਹਨ, ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕੰਵਰਜੀਤ ਸਿੰਘ ਯੂ.ਐਸ.ਏ. ਜੋ ਕਿਸੇ ਨੂੰ ਮਰਵਾਉਣ ਤੋਂ ਪਹਿਲਾਂ ਉਸ ਨੂੰ ਬਦਨਾਮ ਕਰਦਾ ਹੈ। ਜਿਹੜਾ ਵੀ ਕੋਈ ਨੌਜਵਾਨ ਇਸ ਦੇ ਸੰਪਰਕ ਵਿੱਚ ਹੈ ਉਹ ਸੁਚੇਤ ਹੋ ਜਾਵੇ, ਵਿਦੇਸ਼ਾਂ ਵਿਚਲੇ ਗੁਰਸਿੱਖ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਵੀ ਇਸ ਬੰਦੇ ਦੀਆਂ ਕਰਤੂਤਾਂ ਤੋਂ ਜਾਣੂੰ ਹੋਣ, ਆਪਣਾ ਖ਼ਿਆਲ ਰੱਖਣ ਤੇ ਇਸ ਦੀ ਜਵਾਬਤਲਬੀ ਕਰਨ। ਅਜਿਹੇ ਬੰਦੇ ਹੀ ਸਿੱਖ ਕੌਮ ਤੇ ਸੰਘਰਸ਼ ਦਾ ਵੱਡਾ ਨੁਕਸਾਨ ਕਰਦੇ ਹਨ। ਜੇ ਮੇਰਾ ਕੋਈ ਜਾਨੀ ਤੇ ਕਾਨੂੰਨੀ ਨੁਕਸਾਨ ਹੋਇਆ ਤਾਂ ਇਹ ਬੰਦਾ ਜ਼ਿੰਮੇਵਾਰ ਹੋਵੇਗਾ। ਸ਼ਹੀਦਾਂ ਬਾਬਤ ਲਿਖੀਆਂ ਮੇਰੀਆਂ ਕਿਤਾਬਾਂ ਤੋਂ ਸਰਕਾਰ ਅਤੇ ਹਿੰਦੂਤਵੀਆਂ ਨੂੰ ਤਕਲੀਫ਼ ਤਾਂ ਹੋ ਸਕਦੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਭ ਤੋਂ ਵੱਧ ਤਕਲੀਫ਼ ਕੰਵਰਜੀਤ ਸਿੰਘ ਯੂ.ਐਸ.ਏ. ਨੂੰ ਹੈ ਤੇ ਇਸ ਕਾਰਜਾਂ ਨੂੰ ਰੁਕਵਾਉਣ ਲਈ ਇਹ ਬੰਦਾ ਪਿਛਲੇ ਕਈ ਮਹੀਨਿਆਂ ਤੋਂ ਯਤਨ ਕਰ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਇਸ ਵਿਅਕਤੀ ਬਾਰੇ ਆਉਂਦੇ ਦਿਨਾਂ ਵਿੱਚ ਉਹ ਹੋਰ ਵੀ ਖੁਲਾਸੇ ਕਰਨਗੇ।
Posted By:

Leave a Reply