ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਸ਼ਹੀਦ ਭਾਈ ਸੁਖਵੰਤ ਸਿੰਘ ਤੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਸ਼ਹੀਦੀ ਦਿਹਾੜਾ

ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਸ਼ਹੀਦ ਭਾਈ ਸੁਖਵੰਤ ਸਿੰਘ ਤੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਸ਼ਹੀਦੀ ਦਿਹਾੜਾ

ਖ਼ਾਲਿਸਤਾਨੀ ਸੰਘਰਸ਼ 'ਚ ਦਮਦਮੀ ਟਕਸਾਲ ਨੇ ਸ਼ਹੀਦੀਆਂ ਦਾ ਹੜ੍ਹ ਲਿਆ ਦਿੱਤਾ ਸੀ : ਭਾਈ ਰਣਜੀਤ ਸਿੰਘ

ਅੰਮ੍ਰਿਤਸਰ, 15 ਫਰਵਰੀ , ਗੁਰਮੀਤ ਸਿੰਘ ਵਲਟੋਹਾ

ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਸੁਖਵੰਤ ਸਿੰਘ ਉਸਮਾਨਵਾਲਾ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਉਸਮਾਨਵਾਲਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ 'ਚ ਦੀਵਾਨ ਸਜੇ ਜਿਸ ਵਿੱਚ ਰਾਗੀਆਂ, ਢਾਡੀਆਂ ਤੇ ਕਥਾਵਾਚਕਾਂ ਨੇ ਹਰ ਜੱਸ ਅਤੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਦੇ ਪਿਤਾ ਭਾਈ ਤਰਸੇਮ ਸਿੰਘ ਜੱਲੂਪੁਰ ਖੈੜਾ, ਸੰਤ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲ ਉਤਾੜ, ਹੈੱਡ ਗ੍ਰੰਥੀ ਗਿਆਨੀ ਕਰਨਬੀਰ ਸਿੰਘ, ਕਵੀਸ਼ਰ ਗਿਆਨੀ ਗਗਨਦੀਪ ਸਿੰਘ, ਬੀਬੀ ਸਿਮਰਜੀਤ ਕੌਰ ਦਮਦਮੀ ਟਕਸਾਲ ਬੁੱਕਣ ਖਾਂ ਨੇ ਹਾਜ਼ਰੀ ਭਰੀ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵਿਚਾਰਾਂ ਦੀ ਸਾਂਝ ਕਰਦਿਆਂ ਸ਼ਹੀਦ ਭਾਈ ਸੁਖਵੰਤ ਸਿੰਘ ਉਸਮਾਨਵਾਲਾ ਤੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਵਾਲਾਵਾਲਾ ਦੀ ਤੁਲਨਾ ਪੁਰਾਤਨ ਸ਼ਹੀਦਾਂ ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ ਸਿੰਘ ਨਾਲ ਕੀਤੀ। ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ ਤੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਦਾ ਖ਼ਿਤਾਬ ਦਿੱਤਾ। ਉਹਨਾਂ ਕਿਹਾ ਕਿ ਭਾਈ ਮਨੀ ਸਿੰਘ ਵਾਂਗ ਭਾਈ ਮਨਬੀਰ ਸਿੰਘ ਚਹੇੜੂ ਅਤੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਬੰਦ-ਬੰਦ ਕੱਟਿਆ ਗਿਆ। ਭਾਈ ਦਿਆਲਾ ਜੀ ਵਾਂਗ ਭਾਈ ਗੁਰਦੇਵ ਸਿੰਘ ਦੇਬੂ ਨੂੰ ਉਬਾਲਿਆ ਗਿਆ। ਭਾਈ ਮਤੀ ਦਾਸ ਵਾਂਗ ਬਾਬਾ ਚਰਨ ਸਿੰਘ ਕਾਰਸੇਵਾ ਵਾਲਿਆਂ ਨੂੰ ਦੋਫਾੜ ਕੀਤਾ ਗਿਆ, ਭਾਈ ਤਾਰੂ ਸਿੰਘ ਵਾਂਗ ਭਾਈ ਅਨੋਖ ਸਿੰਘ ਬੱਬਰ ਨੇ ਖੋਪੜੀ ਉਤਰਵਾਈ।

ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਦਮਦਮੀ ਟਕਸਾਲ ਨੇ ਸ਼ਹੀਦੀਆਂ ਦਾ ਹੜ੍ਹ ਲਿਆ ਦਿੱਤਾ ਸੀ। ਉਹਨਾਂ ਨੇ ਦਮਦਮੀ ਟਕਸਾਲ ਦੇ 15 ਮੁਖੀਆਂ ਦਾ ਸ਼ਾਨਾਮੱਤਾ ਇਤਿਹਾਸ ਵੀ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਦੀ ਬਾਦਲਾਂ ਤੇ ਭਾਜਪਾ ਨਾਲ ਸਾਂਝ ਤੇ ਕੁੰਭ ਦੇ ਇਸ਼ਨਾਨ ਨੂੰ ਲੈ ਕੇ ਭਾਰੀ ਰੋਸ ਵੀ ਜ਼ਾਹਰ ਕੀਤਾ। ਉਹਨਾਂ ਦੱਸਿਆ ਕਿ ਦਮਦਮੀ ਟਕਸਾਲ ਅਤੇ ਖਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਰਾਹੀਂ ਜੂਝਦੇ ਹੋਏ ਭਾਈ ਸੁਖਵੰਤ ਉਸਮਾਨਵਾਲਾ 6 ਫਰਵਰੀ 1989 ਨੂੰ ਅਸਲੀ ਪੁਲਿਸ ਮੁਕਾਬਲੇ 'ਚ ਸ਼ਹਾਦਤ ਦਾ ਜਾਮ ਪੀ ਗਏ ਸਨ। ਉਹਨਾਂ ਦੱਸਿਆ ਕਿ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਨੇ 29 ਅਪ੍ਰੈਲ 1986 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਖਾਲਿਸਤਾਨ ਦਾ ਐਲਾਨ ਕੀਤਾ ਸੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਤੇ ਖਾਲਿਸਤਾਨ ਦੀ ਆਜ਼ਾਦੀ ਦਾ ਸੁਪਨਾ ਸਾਕਾਰ ਕਰੀਏ। ਇਸ ਮੌਕੇ ਸ਼ਹੀਦ ਸੁਖਵੰਤ ਸਿੰਘ ਉਸਮਾਨਵਾਲਾ ਦੇ ਭਰਾਤਾ ਭਾਈ ਰਣਧੀਰ ਸਿੰਘ ਤੇ ਭਤੀਜੇ ਅਨਮੋਲਕ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਸ਼ਹੀਦ ਭਾਈ ਦੁਰਗਾ ਸਿੰਘ ਆਰਫਕੇ ਦੀ ਬੀਬੀ ਤਾਰ ਕੌਰ, ਸ਼ਹੀਦ ਬਗੀਚਾ ਸਿੰਘ ਕਾਲੀਆ ਸਕੱਤਰਾ ਦੇ ਭਾਈ ਪ੍ਰਤਾਪ ਸਿੰਘ ਫੌਜੀ, ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦੇ ਸਪੁੱਤਰ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ। ਗੁਰੂ ਕੇ ਲੰਗਰ ਅਤੁੱਟ ਵਰਤੇ।