“ਸੰਕਲਪ “ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸੰਬੋਧਿਤ ਕਵਿਤਾ। (ਲਿਖਤ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ)

“ਸੰਕਲਪ “ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸੰਬੋਧਿਤ ਕਵਿਤਾ।  (ਲਿਖਤ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ)

ਸੰਕਲਪ” ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸੰਬੋਧਿਤ ਕਵਿਤਾ।

ਲਿਖਤ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ 

ਮੇਰੇ ਜਿਗਰੀ ਦੋਸਤਾ! ਤੇਰਾ ਚਿਤਵਿਆ ਸੰਕਲਪ

ਮੇਰੇ ਅੰਦਰ ਲਟ ਲਟ ਬਲ ਰਿਹਾ ਹੈ।

ਤੇਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਖਾਤਰ

ਅਸੀਂ ਆਪਣੇ ਅਰਮਾਨਾਂ ਨੂੰ ਸੂਲੀ ਟੰਗ ਦਿੱਤਾ ਈ।

ਜਿਹੜੀ ਸ਼ਮ੍ਹਾ ਤੂੰ ਬਾਲ ਕੇ ਦੇ ਗਿਆਂ ਯਾਰਾ,

ਉਹ ਭਾਂਬੜ ਬਣ ਮੱਚੀ

ਤੇ ਅਸੀਂ ਉਸ ਨੂੰ ਪ੍ਰਚੰਡ ਕਰਨ ਦੇ ਵਾਸਤੇ

ਆਪਣਾ ਖ਼ੂਨ ਤੇਲ ਦੀ ਥਾਂ ਪਾ ਰਹੇ ਹਾਂ।

ਮੈਨੂੰ ਪਤਾ ਉਥੋਂ ਕਦੀ ਕੋਈ ਵਾਪਸ ਨਹੀਂ ਆਇਆ

ਜਿਸ ਜਹਾਨ ਨੂੰ ਤੂੰ ਤੁਰ ਗਿਆਂ ਯਾਰਾ!

ਐਪਰ ਮੈਂ ਮਨ ਨੂੰ ਤਸੱਲੀ ਦੇਣੀ ਚਾਹੁੰਦਾ ਹਾਂ

ਤੇ ਚਾਹੁੰਦਾ ਹਾਂ ਕਿ ਤੂੰ ਆ

ਤੇ ਆ ਕੇ ਵੇਖ ਅੱਖੀਂ

ਕਿ ਤੇਰੇ ਨਕਸ਼ੇ ਕਦਮਾਂ ਉੱਤੇ ਤੁਰ ਕੇ

ਅਸੀਂ ਕਿੰਨਾ ਪੈਂਡਾ ਤੈਅ ਕਰ ਲਿਆ ਹੈ।

ਤੇ ਨਾਲੇ ਵੇਖ ਕਿ ਘਰ ਘਰ ਵਿੱਚੋਂ ਪਤੰਗੇ

ਕਿਵੇਂ ਸ਼ਮ੍ਹਾ ’ਤੇ ਕੁਰਬਾਨ ਹੋਣ ਲਈ ਆ ਰਹੇ ਨੇ ।

ਤੇਰੀ ਸੋਚ ਤੇ ਤੇਰਾ ਸੰਕਲਪ ਮੇਰੇ ਕੋਲ ਹੈ

ਤੇ ਕਸਮ ਤੂੰ ਵੀ ਕਦੀ ਦੂਰ ਨਹੀਂ ਹੋਇਆ।

ਅਸੀਂ ਹਿਰਦੇ ਵਿੱਚ ਸਾਂਭ ਕੇ ਰੱਖੀ ਹੋਈ ਹੈ

ਤੇਰੇ ਵਿਚਾਰਾਂ ਦੀ ਸੁੱਚੀ ਜਿਹੀ ਪੱਗ ।

ਉੱਚਾ ਹੋ ਕੇ ਵੀ ਤੂੰ ਨੀਵਿਆਂ ਨੂੰ ਯਾਰ ਆਖਿਆ ਸੀ

ਇਹੋ ਤਾਂ ਤੇਰੀ ਵਡਿਆਈ ਸੀ ਯਾਰਾ।

ਅਸੀਂ ਨੀਵੇਂ ਤੇ ਨਿਮਾਣੇ ਜ਼ਰੂਰ ਹਾਂ

ਪਰ ਕਮੀਨੇ ਨਹੀਂ

ਯਾਰ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੇ।

"ਸੀਸ ਦੀਆ ਪਰ ਸਿਰਰ ਨਾ ਦੀਆ"

ਦੀ ਦੁਆ ਮੰਗਦੇ ਹਾਂ

ਆਜ਼ਿਜ਼ ਹੋ ਕੇ ਆਪਣੇ ਖੁਦਾ ਪਾਸੋਂ ।

ਤੇ ਤੈਨੂੰ ਸਾਲਸੀ ਮੰਨ ਕੇ ਦੁਹਰਾਂਉਂਦਾਂ ਮੈਂ ਪ੍ਰਣ

ਕਿ ਤੇਰੇ ਸੰਕਲਪ ਨੂੰ ਮੂਰਤੀਮਾਨ ਕਰਾਂਗਾ।


*ਸੰਕਲਪ (ਖ਼ਾਲਿਸਤਾਨ ਦੀ ਸਥਾਪਨਾ ਦਾ ਸੰਤਾਂ ਦੁਆਰਾ ਚਿਤਵਿਆ ਸੰਕਲਪ)