ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਦੀ ਤਾਜਪੋਸ਼ੀ 'ਤੇ ਵਿਵਾਦ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਲੋਂ ਵਿਰੋਧ
- ਧਾਰਮਿਕ/ਰਾਜਨੀਤੀ
- 10 Mar,2025

ਅੰਮ੍ਰਿਤਸਰ, 10 ਮਾਰਚ ਸੋਧ ਸਿੰਘ ਬਾਜ਼
ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨੂੰ ਲੈ ਕੇ ਸਿੱਖ ਪੰਥ 'ਚ ਭਾਰੀ ਵਿਰੋਧ ਪੈਦਾ ਹੋ ਗਿਆ ਹੈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਸ ਤਾਜਪੋਸ਼ੀ ਨੂੰ "ਚੋਰਪੋਸ਼ੀ" ਕਰਾਰ ਦਿੰਦੇ ਹੋਏ ਕਿਹਾ ਕਿ ਇਹ ਪੰਥਕ ਰਵਾਇਤਾਂ ਅਤੇ ਮਰਯਾਦਾ ਦੇ ਉਲਟ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਤਾਜਪੋਸ਼ੀ ਦੌਰਾਨ ਗੁਰੂ ਮਰਯਾਦਾ ਦੀ ਉਲੰਘਣਾ ਕੀਤੀ ਹੈ, ਕਿਉਂਕਿ ਇਹ ਪ੍ਰਕਿਰਿਆ ਗੁਰਮਤਿ ਪ੍ਰੰਪਰਾਵਾਂ ਦੇ ਅਨੁਸਾਰ ਨਹੀਂ ਕੀਤੀ ਗਈ। ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸੰਪਰਦਾਵਾਂ ਨੇ ਇਸ ਕਾਰਵਾਈ ਦਾ ਖੁਲ੍ਹਾ ਵਿਰੋਧ ਕੀਤਾ ਹੈ।
ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ 'ਤੇ ਦੋਸ਼ ਲਗਾਇਆ ਕਿ ਇਹਨਾਂ ਫੈਸਲਿਆਂ ਪਿੱਛੇ ਬਾਦਲ ਪਰਿਵਾਰ ਦੀ ਰਾਜਨੀਤਿਕ ਹਸਤਕਸ਼ੇਪ ਹੈ। ਉਨ੍ਹਾਂ ਕਿਹਾ ਕਿ ਪੰਥ ਨੂੰ ਹੁਣ ਇਕੱਠੇ ਹੋ ਕੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਨਵੀਂ ਨੀਤੀ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ।
ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ ਅੰਮ੍ਰਿਤਸਰ ਵਿਖੇ ਇੱਕ ਵੱਡਾ ਪੰਥਕ ਇਕੱਠ ਸੱਦਿਆ ਜਾਵੇਗਾ, ਜਿਸ ਵਿੱਚ ਅਗਲੇ ਕਦਮਾਂ ਬਾਰੇ ਫੈਸਲਾ ਲਿਆ ਜਾਵੇਗਾ। ਦਮਦਮੀ ਟਕਸਾਲ ਨੇ ਸਿੱਖ ਪੰਥ ਨੂੰ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਇਹ ਸੰਘਰਸ਼ ਹੋਰ ਵਧੇਗਾ।
Posted By:

Leave a Reply