“ਰੋਜ਼ਗਾਰ ਮਹਾਕੁੰਭ ਕਦੋਂ?” – ਗੁਰਜੀਤ ਸਿੰਘ ਆਜ਼ਾਦ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਤਿੱਖਾ ਸਵਾਲ • “ਧਾਰਮਿਕ ਸਮਾਗਮਾਂ ਲਈ ਕਰੋੜਾਂ, ਪਰ ਨੌਜਵਾਨਾਂ ਲਈ ਨੌਕਰੀਆਂ ਕਿਉਂ ਨਹੀਂ?”

“ਰੋਜ਼ਗਾਰ ਮਹਾਕੁੰਭ ਕਦੋਂ?” – ਗੁਰਜੀਤ ਸਿੰਘ ਆਜ਼ਾਦ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਤਿੱਖਾ ਸਵਾਲ 	•	“ਧਾਰਮਿਕ ਸਮਾਗਮਾਂ ਲਈ ਕਰੋੜਾਂ, ਪਰ ਨੌਜਵਾਨਾਂ ਲਈ ਨੌਕਰੀਆਂ ਕਿਉਂ ਨਹੀਂ?”

ਲੁਧਿਆਣਾ 1 ਮਾਰਚ , ਤਾਜੀਮਨੂਰ ਕੌਰ ਅਨੰਦਪੁਰੀ 

ਸਮਾਜਿਕ ਕਾਰਕੁਨ ਤੇ ਆਵਾਜ਼ ਉਠਾਉਣ ਵਾਲੇ ਸਰਦਾਰ ਗੁਰਜੀਤ ਸਿੰਘ ਆਜ਼ਾਦ ਨੇ ਆਪਣੇ ਫੇਸਬੁਕ ਪੇਜ ‘ਤੇ ਇੱਕ ਤਿੱਖਾ ਬਿਆਨ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਨੂੰ ਚੁੱਕਦੇ ਹੋਏ ਪੁੱਛਿਆ ਕਿ ਜਿਵੇਂ ਪ੍ਰਯਾਗਰਾਜ ‘ਚ ਹਜ਼ਾਰਾਂ ਕਰੋੜ ਰੁਪਏ ਖਰਚ ਕਰਕੇ ਮਹਾਕੁੰਭ ਕਰਵਾਇਆ ਗਿਆ, ਉਸੇ ਤਰ੍ਹਾਂ ਦੇਸ਼ ਦੇ ਨੌਜਵਾਨਾਂ ਲਈ “ਰੋਜ਼ਗਾਰ ਮਹਾਕੁੰਭ” ਕਦੋਂ ਹੋਵੇਗਾ?

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਚੋਣਾਂ ਦੌਰਾਨ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਹਾਲਤ ਇਹ ਹੈ ਕਿ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰਕਿਰਿਆ ਸਾਲਾਂ ਤਕ ਢਿੱਲੀ ਰਹਿੰਦੀ ਹੈ ਅਤੇ ਨਿੱਜੀ ਖੇਤਰ ਵਿੱਚ ਵੀ ਪੱਕੀਆਂ ਨੌਕਰੀਆਂ ਘਟਦੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਜਦ ਧਾਰਮਿਕ ਸਮਾਗਮਾਂ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ, ਤਾਂ ਨੌਜਵਾਨਾਂ ਦੇ ਭਵਿੱਖ ਲਈ ਇੱਕ ਢੁਕਵੀਂ ਨੀਤੀ ਕਿਉਂ ਨਹੀਂ ਬਣਾਈ ਜਾਂਦੀ? ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਸਰਕਾਰ ਸਿਰਫ਼ ਆਸਥਾ ਦੀ ਰਾਜਨੀਤੀ ਕਰੇਗੀ ਜਾਂ ਫਿਰ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਕੋਈ ਹਕੀਕਤੀ ਬਦਲਾਅ ਵੀ ਲਿਆ ਜਾਵੇਗਾ?

ਉਨ੍ਹਾਂ ਨੇ ਹਾਲਾਤ ਨੂੰ ਹੋਰ ਤਿੱਖਾ ਕਰਦੇ ਹੋਏ ਪੁੱਛਿਆ ਕਿ ਜੋ ਵਿਦਿਆਰਥੀ ਅਤੇ ਨੌਜਵਾਨ ਆਪਣੇ ਹੱਕ ਦੀ ਮੰਗ ਨੂੰ ਲੈਕੇ ਸੜਕਾਂ ‘ਤੇ ਉਤਰਦੇ ਹਨ, ਉਨ੍ਹਾਂ ਦੀ ਸੁਣਵਾਈ ਕੌਣ ਕਰੇਗਾ?

ਇਹ ਬਿਆਨ ਨੌਜਵਾਨਾਂ ਵਿੱਚ ਇੱਕ ਨਵੀਂ ਚਰਚਾ ਛੇੜ ਰਿਹਾ ਹੈ, ਜਿਸ ਵਿੱਚ ਲੋਕ ਸਰਕਾਰ ਤੋਂ ਇਸ ਗੰਭੀਰ ਮੁੱਦੇ ‘ਤੇ ਸਪਸ਼ਟਤਾ ਮੰਗ ਰਹੇ ਹਨ।