ਭਾਈ ਰਣਜੀਤ ਸਿੰਘ ਵੱਲੋਂ ਗੁਰਮਤਿ ਸਮਾਗਮ ਦੌਰਾਨ ਖਾਲਿਸਤਾਨ ਸੰਘਰਸ਼ 'ਚ ਕਾਰ ਸੇਵਾ ਵਾਲੇ ਬਾਬਿਆਂ ਦੀ ਭੂਮਿਕਾ, ਇਤਿਹਾਸਕ ਯੋਗਦਾਨ 'ਤੇ ਚਰਚਾ
- ਧਾਰਮਿਕ/ਰਾਜਨੀਤੀ
- 27 Feb,2025

ਦਸੂਹਾ 27 ਫਰਵਰੀ ,ਤਾਜੀਮਨੂਰ ਕੌਰ ਅਨੰਦਪੁਰੀ
ਸੰਤ ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਯਾਦ 'ਚ ਗੁਰਦੁਆਰਾ ਗੁਰੂ ਨਾਨਕ ਦਰਬਾਰ, ਪਿੰਡ ਕੁਰਾਲਾ (ਜਲੰਧਰ-ਪਠਾਨਕੋਟ ਹਾਈਵੇ) ਨੇੜੇ, ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਮੌਜੂਦਾ ਮੁਖੀ ਸੰਤ ਬਾਬਾ ਸਰਦਾਰਾ ਸਿੰਘ ਜੀ ਦੇ ਪ੍ਰਬੰਧ ਹੇਠ ਬਾਬਾ ਸੁਖਵੀਰ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ।
ਸਮਾਗਮ ਦੌਰਾਨ ਭੋਗ ਪਾਠ ਉਪਰੰਤ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਬਾਬਾ ਰਾਜੂ ਸਿੰਘ ਜੀ ਕਾਰ ਸੇਵਾ ਵਾਲੇ, ਢਾਡੀ ਜਥੇਦਾਰ ਭਾਈ ਸੁਲੱਖਣ ਸਿੰਘ ਚੌਧਰਪੁਰੀਆ, ਕਥਾਵਾਚਕ ਭਾਈ ਜਸਵਿੰਦਰ ਸਿੰਘ ਭੂਛਾਂ, ਪ੍ਰਚਾਰਕ ਭਾਈ ਸੁਰਜੀਤ ਸਿੰਘ ਖਾਲਸਾ, ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਸੰਦੀਪ ਸਿੰਘ ਖਾਲਸਾ ਸਮੇਤ ਹੋਰ ਵਿਅਕਤੀਗਤਾਂ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਹਵਾਲਿਆਂ ਰਾਹੀਂ ਸਿੱਖ ਸੰਗਤ ਨੂੰ ਕੇਸਾਧਾਰੀ, ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਬਣਨ ਦੀ ਪ੍ਰੇਰਨਾ ਦਿੱਤੀ।
ਉਹਨਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਿੱਖਾਂ ਨੂੰ ਦੇਹਧਾਰੀ ਗੁਰੂ, ਜਠੇਰਿਆਂ ਅਤੇ ਕਬਰਾਂ ਦੀ ਪੂਜਾ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ।ਉਹਨਾਂ ਨੇ ਕਾਰ ਸੇਵਾ ਵਾਲਿਆਂ ਦੀ ਮਹਾਨ ਭੂਮਿਕਾ ਨੂੰ ਵੀ ਉਜਾਗਰ ਕੀਤਾ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ 1984 ਦੇ ਘੱਲੂਘਾਰੇ ਦੌਰਾਨ 35 ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜ ਸਿੰਘ ਜੋਧਪੁਰ ਜੇਲ੍ਹ 'ਚ ਲੰਮਾ ਸਮਾਂ ਰਹੇ, ਅਤੇ ਕਾਰ ਸੇਵਾ ਵਾਲਿਆਂ ਨੇ ਦਰਬਾਰ ਸਾਹਿਬ ਵਿੱਚ ਮੋਰਚੇ ਬਣਾਉਣ ਦੀ ਜ਼ਿੰਮੇਵਾਰੀ ਨਿਭਾਈ।
ਇਸ ਸਮਾਗਮ ਦੌਰਾਨ ਇਹ ਵੀ ਉਭਾਰਿਆ ਗਿਆ ਕਿ ਖਾਲਿਸਤਾਨ ਹਥਿਆਰਬੰਦ ਸੰਘਰਸ਼ ਵਿੱਚ ਵੀ ਕਾਰ ਸੇਵਾ ਵਾਲਿਆਂ ਨੇ ਜੁਝਾਰੂ ਸਿੰਘਾਂ ਨੂੰ ਠਹਿਰਾਉਣ ਅਤੇ ਮਦਦ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਕਾਰ ਸੇਵਾ ਵਾਲਿਆਂ ਵੱਲੋਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸੋਨੇ ਦੇ ਮੈਡਲ ਅਤੇ ਕਿਰਪਾਨਾਂ ਦੀ ਭੇਟ ਦਿੱਤੀ ਜਾਂਦੀ ਸੀ। ਪੁਲਿਸ ਅਫਸਰਾਂ ਵੱਲੋਂ ਬਾਬਾ ਚਰਨ ਸਿੰਘ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ, ਜਿਸ ਦੀ ਵੀ ਯਾਦ ਤਾਜ਼ਾ ਕੀਤੀ ਗਈ।
ਸਮਾਗਮ ਦੀ ਸਮਾਪਤੀ 'ਤੇ ਬਾਬਾ ਸੁਖਵੀਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤੇ ਅਤੇ ਹਜ਼ਾਰਾਂ ਸੰਗਤਾਂ ਨੇ ਵਿਸ਼ਾਲ ਭਾਗੀਦਾਰੀ ਕੀਤੀ।
Posted By:

Leave a Reply