ਫਰੀਦਾ ਰੋਟੀ ਮੇਰੀ ਕਾਠ ਕੀ

ਫਰੀਦਾ  ਰੋਟੀ ਮੇਰੀ ਕਾਠ ਕੀ

ਫਰੀਦਾ ਰੋਟੀ ਮੇਰੀ ਕਾਠ ਕੀ

ਪ੍ਰੋ. ਸੰਤ ਸਿੰਘ ਸੇਖੋਂ (ਪੰਜਾਬੀ ਕਾਵਿ ਸ਼ਿਰੋਮਣੀ, ਪੰਨਾ ੩੫) ਅਨੁਸਾਰ ‘ਕਾਠ’ ਸ਼ਬਦ ‘ਘਾਠ’ ਦਾ ਲੌਕਿਕ ਉਚਾਰਣ ਹੈ। ਭੁੱਜੇ ਜੌਂਆਂ ਨੂੰ ਮਾਲਵੇ ਵਿਚ ‘ਘਾਠ’ ਕਿਹਾ ਜਾਂਦਾ ਹੈ। ਸ਼ੇਖ ਫਰੀਦ ਜੀ ਵੀ ਬਹੁਤ ਸਮਾਂ ਮਾਲਵੇ ਵਿਚ ਵਿਚਰਦੇ ਰਹੇ ਹਨ। ਇਸ ਲਈ ‘ਕਾਠ’ ਸ਼ਬਦ ‘ਘਾਠ’ ਦਾ ਹੀ ਬਦਲਿਆ ਉਚਾਰਣ ਹੈ।


ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ 'ਘਾਠ' ਦਾ ਅਰਥ 'ਭੁੰਨੇ ਹੋਏ ਜੌਂ' ਹੀ ਕੀਤਾ ਹੈ।


ਪ੍ਰੋ. ਪ੍ਰੀਤਮ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ‘ਸੇਖ ਫਰੀਦ ਦੀ ਭਾਲ, ਪੰਨਾ ੫੪) ਅਨੁਸਾਰ ਪ੍ਰੋ. ਸੰਤ ਸਿੰਘ ਸੇਖੋਂ ਦਾ ਇਹ ਤੀਖਣ ਅਨੁਮਾਨ ਕਿ ਇਸ ਸਲੋਕ ਵਿਚ ਅਸਲ ਪਾਠ ‘ਕਾਠ’ ਦੀ ਥਾਂ ‘ਘਾਠ’ ਸੀ, ਪੂਰੀ ਤਰ੍ਹਾਂ ਮੰਨਣਜੋਗ ਹੈ। ਘਾਠ ਦੀ ਰੋਟੀ ‘ਗੁਲਜ਼ਾਰਿ-ਅਬਰਾਰ’ ਦੀ ਜਵਾਂ ਦੀ ਰੋਟੀ ਤੇ ‘ਸਿਅਰੁਲ-ਔਲੀਆ’ ਦੀ ਜੁਆਰ ਦੀ ਰੋਟੀ ਨਾਲ ਮੇਲ ਖਾਂਦੀ ਹੈ। ਪਰ ਮਾਮੂਲੀ ਜਿਹੇ ਧੁਨੀ-ਪਰਿਵਰਤਨ ਨਾਲ ਢੇਰ ਸਾਰਾ ਅਰਥ-ਪਰਿਵਰਤਨ ਹੋ ਗਿਆ ਹੈ। ਫਾਰਸੀ ਲਿਪੀ ਵਿਚ ‘ਕ’ (ک ) ਤੇ ‘ਗ’ (گ ) ਵਿਚ ਧੁਨੀ-ਭੁਲੇਖੇ ਦੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ।


ਉਨ੍ਹਾਂ ਅਨੁਸਾਰ ਜਿਵੇਂ ਸਾਖੀ-ਪਰਮਾਣਾਂ ਵਿਚ ਸ਼ਬਦ ਦੀ ਕਿਸੇ ਤੁਕ ਜਾਂ ਪੂਰੇ ਪਦੇ ਤੋਂ ਇਸ਼ਾਰਾ ਲੈ ਕੇ ਰਚਨਾ ਦੀ ਮੂਲਿਕ ਪ੍ਰੇਰਣਾ ਬਾਰੇ ਅਨੇਕ ਸਾਖੀਆਂ ਘੜੀਆਂ ਮਿਲਦੀਆਂ ਹਨ, ਇਥੇ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਫਰੀਦ ਜੀ ਅਲਪ ਅਹਾਰੀ ਸਨ, ਪਰ ਸਾਖੀ ਇਹ ਪ੍ਰਚਲਤ ਹੋ ਗਈ ਕਿ ਉਹ ਬਿਲਕੁਲ ਕੁਝ ਨਹੀਂ ਸਨ ਖਾਂਦੇ, ਕੇਵਲ ਜੌਂ ਦੀ ਰੋਟੀ (ਜੋ ਬਾਅਦ ਵਿਚ 'ਕਾਠ ਦੀ ਰੋਟੀ' ਵਿਚ ਬਦਲ ਗਈ) ਪੇਟ ਨਾਲ ਬੰਨ੍ਹ ਕੇ ਭੁੱਖ ਨੂੰ ਟਰਕਾਉਂਦੇ ਰਹਿੰਦੇ ਸਨ। ਇਸ ਕਹਾਣੀ ਨੂੰ ਸਿੱਧ ਕਰਨ ਲਈ ਕਾਠ ਦੀ ਰੋਟੀ ਬਾਬਾ ਫਰੀਦ ਦੇ ਮਜ਼ਾਰ ਉੱਤੇ ਰੱਖ ਦਿੱਤੀ ਗਈ। ੧੯੩੮ਈ. ਵਿਚ ਡਿਸਕਸ ਜਿੱਡੀ ਲੱਕੜ ਦੀ ਇਕ ਗੋਲ ਰੋਟੀ ਜਿਸ ਉੱਤੇ ਪੱਕੇ ਸ਼ੋਖ ਰੰਗਾਂ ਦੇ ਨਾਲ ਗੋਲ ਦਾਇਰੇ ਬਣਾਏ ਹੋਏ ਸਨ, ਬਾਬਾ ਫਰੀਦ ਦੇ ਫਰੀਦਕੋਟ ਵਾਲੇ ਅਸਥਾਨ ਉੱਤੇ ਸਾਂਭੀ ਪਈ ਮੈਂ ਆਪ ਵੇਖੀ ਸੀ। ਉਸ ਦਾ ਇਕ ਸਿਰਾ ਤੇਸੇ ਨਾਲ ਕੱਟਿਆ ਹੋਇਆ ਸੀ, ਅਖੇ ਬਾਬੇ ਨੇ ਚੱਕ ਮਾਰਿਆ ਹੋਇਆ ਹੈ। ਮਜੇਦਾਰ ਗੱਲ ਇਹ ਹੈ ਕਿ ਸਲੋਕ ਦਾ ‘ਕਾਠ ਦੀ ਰੋਟੀ’ ਵਾਲਾ ਸਭ ਤੋਂ ਪਹਿਲਾ ਲਿਖਤੀ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ, ਜਿਸ ਦਾ ਸੰਪਾਦਨ ੧੬੦੪ ਈ. ਵਿਚ ਹੋਇਆ ਤੇ ਜੀਵਨੀਆਂ ਵਿਚ ਇਸ ਦਾ ਜ਼ਿਕਰ ‘ਜ਼ਵਾਹਰਿ-ਫ਼ਰੀਦੀ’ ਤੋਂ ਪਹਿਲਾਂ ਸ਼ਾਇਦ ਕਿਤੇ ਨਹੀਂ ਮਿਲਦਾ। ਜਵਾਹਰ ਦੇ ਕਰਤਾ ਅਲੀ ਅਸਗਰ ਦੇ ਸਮੇਂ (੧੬੨੩ ਈ.) ਵਿਚ ਕਾਠ ਦੀ ਰੋਟੀ ਵਾਲੀ ਕਹਾਣੀ ਇਕ ਮੰਨੀ-ਪਰਮੰਨੀ ਮਨੌਤ ਦੀ ਪਦਵੀ ਧਾਰਨ ਕਰ ਚੁੱਕੀ ਸੀ, ਇਸ ਲਈ ਮਾਲੂਮ ਹੁੰਦਾ ਹੈ ਕਿ ਇਸ ਦਾ ਅਰੰਭ ਸੋਲ੍ਹਵੀਂ ਸਦੀ ਵਿਚ ਹੀ ਕਿਸੇ ਵੇਲੇ ਹੋਇਆ ਹੋਵੇਗਾ।


ਪ੍ਰੋ. ਪਿਆਰ ਸਿੰਘ (ਖੋਜ: ਸਿਧਾਂਤ ਤੇ ਵਿਵਹਾਰ, ਪੰਨਾ ੨੨੫) ਅਨੁਸਾਰ ਵੀ ਬਾਬਾ ਫਰੀਦ ਜੀ ਨੇ ਆਪਣੇ ਸਲੋਕ ਵਿਚ ਸੂਫੀ ਵਿਵਹਾਰ ਦੀ ਪਾਲਨਾ ਵਿਚ ਜੌਂਆਂ ਦੀ ਰੋਟੀ ਦੀ ਹੀ ਗੱਲ ਕੀਤੀ ਸੀ। ਪਰ ਫਾਰਸੀ/ਉਰਦੂ ਅੱਖਰਾਂ ਵਿਚੋਂ ਸਲੋਕ ਦਾ ਉਤਾਰਾ ਕਰਨ ਵਾਲਿਆਂ ਨੇ ‘ਘਾਠ’ ਨੂੰ ‘ਕਾਠ’ ਪੜ੍ਹ ਲਿਆ। ਕਿਉਂਕਿ ਮੁਢਲੇ ਕਾਫ ਦੀ ਫਾਰਸੀ/ਉਰਦੂ ਲਿਪੀ ਵਿਚ ਕਾਫ ਅਤੇ ਗਾਫ ਲਈ ਇਕ ਹੀ ਚਿੰਨ੍ਹ (ਕਾਫ਼) ਵਰਤਿਆ ਜਾਂਦਾ ਸੀ। ਬਾਅਦ ਦੇ ਪਾਠਕਾਂ ਨੇ ਅਸਲ ਗੱਲ ਭੁੱਲ ਕੇ ‘ਘਾਠ’ ਨੂੰ ‘ਕਾਠ’ (ਲੱਕੜੀ) ਹੀ ਮੰਨ ਲਿਆ ਤੇ ਕਾਠ ਦੀ ਰੋਟੀ ਵਾਲੀ ਮਿੱਥ ਨੇ ਇਸ ਉਪਰ ਪੱਕੀ ਮੁਹਰ ਲਾ ਦਿੱਤੀ।


ਗਿ. ਹਰਿਬੰਸ ਸਿੰਘ (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ ਤੁਲਨਾਤਮਿਕ ਅਧਿਐਨ, ਪੋਥੀ ਚਉਦਵੀਂ, ਪੰਨਾ ੪੧-੪੨) ਵੀ ‘ਰੋਟੀ ਮੇਰੀ ਕਾਠ ਕੀ’ ਦੇ ‘ਲੱਕੜ ਦੀ ਰੋਟੀ’ ਵਾਲੇ ਅਰਥਾਂ ਨਾਲ ਸਹਿਮਤ ਨਹੀਂ ਹਨ। ਇਸ ਸੰਬੰਧੀ ਉਹ ਦਲੀਲ ਦਿੰਦੇ ਹਨ ਕਿ ਲੋਕਾਂ ਨੇ ਕਾਠ ਦੀ ਰੋਟੀ ਬਾਰੇ ਬਹੁਤ ਸਾਰੀਆਂ ਕਹਾਣੀਆਂ ਘੜ ਦਿੱਤੀਆਂ ਹਨ। ਜਿਹੜੀ ਕਾਠ ਦੀ ਰੋਟੀ ਮਸ਼ਹੂਰ ਹੈ, ਉਹ ਪਾਕਪਟਨ ਵਿਚ ਇਕ ਕੱਪੜੇ ਵਿਚ ਲਪੇਟ ਕੇ ਰਖੀ ਹੋਈ ਹੈ, ਜਿਸ ਦੇ ਲੋਕਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਉਸ ਰੋਟੀ ਉੱਤੇ ਚੱਕ ਮਾਰਨ ਦਾ ਨਿਸ਼ਾਨ ਵੀ ਮੌਜੂਦ ਹੈ। ਇਹ ਸਭ ਬਨਾਵਟੀ ਅਤੇ ਵਿਖਾਵੇ ਦੀਆਂ ਖੇਡਾਂ ਹਨ। ਕਿਉਂਕਿ ਰੋਟੀ-ਪਾਣੀ ਤੋਂ ਬਿਨਾਂ ਮਨੁਖ ਜਿੰਦਾ ਨਹੀਂ ਰਹਿ ਸਕਦਾ। ਅਸਲੀਅਤ ਇਹ ਹੈ ਕਿ ‘ਕਾਠ ਕੀ’ ਤੋਂ ਭਾਵ ‘ਸੁੱਕੀ’ ਤੋਂ ਹੈ। ਅਣਚੋਪੜੀ ਰੋਟੀ ਸੁੱਕ ਕੇ ਲੱਕੜ ਵਰਗੀ ਹੋ ਜਾਂਦੀ ਹੈ। ਸੋ ਇਥੇ ਰੋਟੀ ਨੂੰ ਕਾਠ ਵਰਗੀ ਸੁੱਕੀ ਨਾਲ ਤੁਲਨਾ ਦਿੱਤੀ ਹੈ। ਕਈ ਵਾਰ ਇਹ ਵੀ ਕਹਿ ਦਿੱਤਾ ਜਾਂਦਾ ਕਿ ਮਨੁਖ ਦਾ ਸਰੀਰ ਸੁੱਕ ਕੇ ਲੱਕੜ ਜਾਂ ਤੀਲਾ ਹੋ ਗਿਆ, ਪਰ ਕੀ ਮਾਸ ਕਦੇ ਲੱਕੜ ਜਾਂ ਤੀਲਾ ਹੋ ਸਕਦਾ ਹੈ? ਇਸ ਲਈ ‘ਕਾਠ’ ਸ਼ਬਦ ਸੰਕੇਤ ਵਜੋਂ ਵਰਤਿਆ ਗਿਆ ਹੈ, ਜੋ ਸੁੱਕੇ ਤੇ ਸਖਤ ਹੋਣ ਦਾ ਪ੍ਰਤੀਕ ਹੈ।


ਵਿਚਾਰ ਅਧੀਨ ਸਲੋਕ ਇਸ ਪ੍ਰਕਾਰ ਹੈ:

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥


ਇਸ ਤੋਂ ਅਗਲੇ ਸਲੋਕ ਵਿਚ ਵਰਤਿਆ ਵਾਕੰਸ਼ ‘ਰੁਖੀ ਸੁਖੀ ਖਾਇ ਕੈ’ ਵੀ 'ਜੌਆਂ ਦੀ ਰੁੱਖੀ-ਮਿੱਸੀ ਰੋਟੀ' ਵੱਲ ਹੀ ਸੰਕੇਤ ਕਰ ਰਿਹਾ ਹੈ:

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥

ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥


-ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ ਟੀਮ