ਸੱਜਣ ਕੁਮਾਰ ਦੋਸ਼ੀ ਸਾਬਿਤ ਹੋਣ ਵਿਚ ਚਾਰ ਦਹਾਕੇ ਲੱਗਣਾ ਨਿਆਂਪਾਲਿਕਾ ’ਤੇ ਸਵਾਲ -ਐਮ.ਪੀ. ਭਾਈ ਖ਼ਾਲਸਾ

ਸੱਜਣ ਕੁਮਾਰ ਦੋਸ਼ੀ ਸਾਬਿਤ ਹੋਣ ਵਿਚ ਚਾਰ ਦਹਾਕੇ ਲੱਗਣਾ ਨਿਆਂਪਾਲਿਕਾ ’ਤੇ ਸਵਾਲ -ਐਮ.ਪੀ. ਭਾਈ ਖ਼ਾਲਸਾ

ਸੱਜਣ ਕੁਮਾਰ ਦੋਸ਼ੀ ਸਾਬਿਤ ਹੋਣ ਵਿਚ ਚਾਰ ਦਹਾਕੇ ਲੱਗਣਾ ਨਿਆਂਪਾਲਿਕਾ ’ਤੇ ਸਵਾਲ -ਐਮ.ਪੀ. ਭਾਈ ਖ਼ਾਲਸਾ

ਫਰੀਦਕੋਟ, 13 ਫਰਵਰੀ  , ਨਜ਼ਰਾਨਾ ਟਾਈਮਜ ਬਿਊਰੋ 

ਦਿੱਲੀ ਦੀ ਇੱਕ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋ ਸਿੱਖਾਂ ਦੇ ਕਤਲ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਦਕਿ ਸੱਜਣ ਕੁਮਾਰ 1984 ਸਿੱਖ ਨਸਲਕੁਸ਼ੀ ਲਈ ਸਿੱਧਾ ਜ਼ਿੰਮੇਵਾਰ ਹੈ। ਕੇਵਲ ਦੋ ਸਿੱਖਾਂ ਦੇ ਕਤਲ ਲਈ ਦੋਸ਼ੀ ਸਾਬਿਤ ਕਰਨ ਵਿਚ ਵੀ ਭਾਰਤੀ ਨਿਆਂਪਾਲਿਕਾ ਨੂੰ ਚਾਰ ਦਹਾਕੇ ਤੋਂ ਵੱਧ ਸਮਾਂ ਲੱਗਿਆ ਹੈ ਜਿਸ ਕਾਰਨ ਨਿਆਪਾਲਿਕਾ ਉੱਪਰ ਸਵਾਲ ਖੜ੍ਹੇ ਹੁੰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।

ਐਮ.ਪੀ. ਭਾਈ ਖ਼ਾਲਸਾ ਨੇ ਕਿਹਾ ਕਿ 1984 ਵਿਚ ਹੋਈ ਸਿੱਖ ਨਸਲਕੁਸ਼ੀ ਭਾਰਤੀ ਲੋਕਤੰਤਰ ਉੱਪਰ ਵੱਡੇ ਕਾਲੇ ਧੱਬੇ ਵਜੋਂ ਸਦਾ ਕਾਇਮ ਰਹੇਗਾ ਅਤੇ ਪੀੜ੍ਹਤਾਂ ਨੂੰ ਇਨਸਾਫ ਨਾ ਦਿੱਤੇ ਜਾਣ ਲਈ ਨਿਆਂਪਾਲਿਕਾ ਉੱਪਰ ਵੀ ਸਵਾਲ ਖੜ੍ਹੇ ਹੁੰਦੇ ਰਹਿਣਗੇ ਕਿਉਂਕਿ ਨਿਆਂਪਾਲਿਕਾ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਫਾਸਟ ਟ੍ਰੈਕ ਅਦਾਲਤਾਂ ਰਾਹੀਂ ਇਨਸਾਫ ਦੇਣ ਤੋਂ ਮੁਨਕਰ ਹੈ। ਉਨ੍ਹਾਂ ਕਿਹਾ ਕਿ ਇਨਸਾਫ ਦੇਣ ਵਿਚ ਦੇਰੀ ਕਰਨਾ ਇਨਸਾਫ ਕਰਨ ਤੋਂ ਮੁਨਕਰ ਹੋਣ ਦੇ ਬਰਾਬਰ ਹੈ। ਭਾਈ ਖ਼ਾਲਸਾ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਨਸਾਫ ਲਈ ਅਦਾਲਤਾਂ ਦੇ ਧੱਕੇ ਖਾਂਦਿਆਂ ਅਨੇਕਾਂ ਸਿੱਖ ਅਕਾਲ ਚਲਾਣਾ ਕਰ ਚੁੱਕੇ ਹਨ ਜਦਕਿ ਉਨ੍ਹਾਂ ਪੀੜ੍ਹਤ ਸਿੱਖਾਂ ਨੂੰ ਜਿਊਂਦੇ-ਜੀਅ ਇਨਸਾਫ ਮਿਲਣਾ ਚਾਹੀਦਾ ਸੀ।