ਢਾਡੀ ਗਿਆਨੀ ਕੁਲਜੀਤ ਸਿੰਘ ਦਿਲਬਰ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਸਮੇਤ ਵੱਖ ਵੱਖ ਜਥੇਬੰਦੀਆਂ ਅਤੇ ਪੰਥਕ ਸ਼ਖਸ਼ੀਅਤਾਂ ਨੇ ਪ੍ਰਗਟਾਇਆ ਦੁੱਖ
- ਗੁਰਬਾਣੀ-ਇਤਿਹਾਸ
- 26 Feb,2025

ਅੰਮ੍ਰਿਤਸਰ, 26 ਫਰਵਰੀ,ਗੁਰਮੀਤ ਸਿੰਘ ਵਲਟੋਹਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਕੁਲਜੀਤ ਸਿੰਘ ਦਿਲਬਰ ਦੇ ਅਕਾਲ ਚਲਾਣੇ 'ਤੇ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਅਤੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਢਾਡੀ ਸਾਂਝ ਦੀ ਇਹ ਵੱਡੀ ਹਾਨੀ ਦੱਸਦਿਆਂ ਕਿਹਾ ਕਿ ਗਿਆਨੀ ਦਿਲਬਰ ਦੇ ਸਿੱਖੀ ਪ੍ਰਚਾਰ ਵਿਚਲੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਗਿਆਨੀ ਦਇਆ ਸਿੰਘ ਦਿਲਬਰ ਦੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ, ਗਿਆਨੀ ਕੁਲਜੀਤ ਸਿੰਘ ਦਿਲਬਰ ਨੇ ਵੀ ਦੇਸ਼-ਵਿਦੇਸ਼ 'ਚ ਢਾਡੀ ਕਲਾ ਰਾਹੀਂ ਸਿੱਖੀ ਦੀ ਚਮਕ ਫੈਲਾਈ। ਉਨ੍ਹਾਂ ਦੀ ਪਵਿੱਤਰ ਸੇਵਾ ਅਤੇ ਪ੍ਰਚਾਰਕ ਯਤਨਾਂ ਨੇ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ।
ਸ਼੍ਰੋਮਣੀ ਕਮੇਟੀ ਤੋਂ ਇਲਾਵਾ, ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਖ਼ਾਲਸਾ, ਸਕੱਤਰ ਭਾਈ ਸੰਗਤ ਸਿੰਘ ਜੀ, ਸੀਨੀਅਰ ਮੀਤ ਪ੍ਰਧਾਨ ਭਾਈ ਕਸ਼ਮੀਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਗੁਰਭੇਜ ਸਿੰਘ ਅਨੰਦਪੁਰੀ, ਖ਼ਜ਼ਾਨਚੀ ਭਾਈ ਰਣਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁੱਖ ਪ੍ਰਚਾਰਕ ਗਿਆਨੀ ਜਗਦੇਵ ਸਿੰਘ ਲਹੁਕਾ, ਉੱਘੇ ਸਿੱਖ ਪ੍ਰਚਾਰਕ ਬੀਬੀ ਸਰਬਜੀਤ ਕੌਰ ਅਨੰਦਪੁਰੀ ,ਢਾਡੀ ਗਿਆਨੀ ਬਿਮਲਜੀਤ ਸਿੰਘ ਖ਼ਾਲਸਾ, ਢਾਡੀ ਗਿਆਨੀ ਜਸਵੀਰ ਸਿੰਘ ਮੋਹਲੇਕੇ, ਅਤੇ ਬਹੁਤ ਸਾਰੇ ਹੋਰ ਉੱਘੇ ਸਿੱਖ ਪ੍ਰਚਾਰਕਾਂ ਨੇ ਵੀ ਦੁੱਖ ਪ੍ਰਗਟਾਇਆ।
ਉਨ੍ਹਾਂ ਨੇ ਗਿਆਨੀ ਦਿਲਬਰ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ, ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਉਨ੍ਹਾਂ ਨੇ ਕਿਹਾ ਕਿ ਗਿਆਨੀ ਦਿਲਬਰ ਦੀ ਢਾਡੀ ਕਲਾ, ਅਤੇ ਸਿੱਖੀ ਪ੍ਰਚਾਰ ਲਈ ਕੀਤੀਆਂ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ।
Posted By:

Leave a Reply