ਹਰਦੇਵ ਸਿੰਘ ਤੋਂ, ਮਾਸਟਰ ਹਰਦੇਵ ਸਿੰਘ, ਮਾਸਟਰ ਹਰਦੇਵ ਸਿੰਘ, ਤੋਂ ਕਹਾਣੀਕਾਰ ਹਰਦੇਵ ਸਿੰਘ, ਕਹਾਣੀਕਾਰ ਹਰਦੇਵ ਸਿੰਘ ਤੋਂ, ਹਰਦੇਵ ਦਿਲਗੀਰ, ਹਰਦੇਵ ਦਿਲਗੀਰ ਤੋਂ, ਦੇਵ ਥਰੀਕੇ ਵਾਲਾ,

ਹਰਦੇਵ ਸਿੰਘ ਤੋਂ, ਮਾਸਟਰ ਹਰਦੇਵ ਸਿੰਘ, ਮਾਸਟਰ ਹਰਦੇਵ ਸਿੰਘ, ਤੋਂ ਕਹਾਣੀਕਾਰ ਹਰਦੇਵ ਸਿੰਘ, ਕਹਾਣੀਕਾਰ ਹਰਦੇਵ ਸਿੰਘ ਤੋਂ, ਹਰਦੇਵ ਦਿਲਗੀਰ, ਹਰਦੇਵ ਦਿਲਗੀਰ ਤੋਂ, ਦੇਵ ਥਰੀਕੇ ਵਾਲਾ,

ਹਰਦੇਵ ਸਿੰਘ ਤੋਂ, ਮਾਸਟਰ ਹਰਦੇਵ ਸਿੰਘ, ਮਾਸਟਰ ਹਰਦੇਵ ਸਿੰਘ, ਤੋਂ ਕਹਾਣੀਕਾਰ ਹਰਦੇਵ ਸਿੰਘ, ਕਹਾਣੀਕਾਰ ਹਰਦੇਵ ਸਿੰਘ ਤੋਂ, ਹਰਦੇਵ ਦਿਲਗੀਰ, ਹਰਦੇਵ ਦਿਲਗੀਰ ਤੋਂ, ਦੇਵ ਥਰੀਕੇ ਵਾਲਾ,

ਪੰਜਾਬੀ ਗੀਤਾਂ ਨੂੰ ਪਿਆਰ ਕਰਨ ਵਾਲਾ ਬੱਚਾ ਬੱਚਾ 'ਦੇਵ ਥਰੀਕੇ ਵਾਲੇ' ਦੇ ਨਾਮ ਤੋਂ ਭਲੀ ਭਾਂਤ ਜਾਣੂੰ ਹੈ ਪਰ 'ਹਰਦੇਵ ਸਿੰਘ' ਤੋਂ 'ਦੇਵ ਥਰੀਕੇ ਵਾਲੇ' ਦਾ ਪੈਂਡਾ ਕਾਫੀ ਲੰਮਾਂ ਤੇ ਔਖਾ ਹੈ ।

ਕਿਸ ਗੀਤ ਦੇ ਹਵਾਲੇ ਨਾਲ ਮੈਂ ਦੇਵ ਦੀ ਗੱਲ ਸ਼ੁਰੂ ਕਰਾਂ ? ਇਹ ਬੇਇਨਸਾਫ਼ੀ ਵੀ ਹੋਵੇਗੀ ਤੇ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਕਹਾਵਤ ਵੀ ਬਣ ਜਾਵੇਗੀ, ਕਿਉਂਕਿ ਮੈਂ ਕਿਸ ਗੀਤ ਦਾ ਹਵਾਲਾ ਦੇਵਾਂ, ਦੇਵ ਦੇ ਤਾਂ ਇਕ ਤੋਂ ਵੱਧਕੇ ਇਕ ਗੀਤ ਪੰਜਾਬੀਆਂ ਦੇ ਦਿਲਾਂ 'ਚ ਵਸੇ ਪਏ ਐ

ਦੇਵ ਦਾ ਜਨਮ 19 ਸਤੰਬਰ 1939 ਨੂੰ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣੇ ਦੀ ਵੱਖੀ 'ਚ ਵਸਦੇ ਪਿੰਡ ਥਰੀਕੇ ਵਿੱਚ ਪਿਤਾ ਸ੍ਰ ਰਾਮ ਸਿੰਘ ਦੇ ਘਰ ਮਾਤਾ ਸ਼੍ਰੀ ਮਤੀ ਅਮਰ ਕੌਰ ਦੀ ਕੁੱਖੋਂ ਹੋਇਆ। ਭਾਂਵੇ ਦੇਵ ਦਾ ਜਨਮ ਥਰੀਕੇ ਪਿੰਡ ਹੀ ਹੋਇਆ । 'ਥਰੀਕੇ' ਪਿੰਡ ਨੂੰ ਦੇਵ ਨੇ ਦੁਨਿਆਂ ਦੇ ਨਕਸ਼ੇ ਤੇ ਜਾਣ ਪਹਿਚਾਣ ਦਿੱਤੀ ਪਰ 'ਥਰੀਕੇ' ਉਹਦਾ ਜੱਦੀ ਪਿੰਡ ਨਹੀਂ।

ਅਸਲ 'ਚ ਦੇਵ ਦਾ ਜੱਦੀ ਪਿੰਡ ਤਾਂ ਸੰਗਰੂਰ ਜਿਲ੍ਹੇ 'ਚ 'ਰਹੀੜਾਂ' ਐ। ਦੇਵ ਦੀ ਭੂਆ ਕਿਰਪ ਕੌਰ ਥਰੀਕੇ ਪਿੰਡ ਦੇ ਹਰੀ ਸਿੰਘ ਨੂੰ ਵਿਆਹੀ ਹੋਈ ਸੀ, ਦੇਵ ਦਾ ਫੁੱਫੜ ਹਰੀ ਸਿੰਘ ਓਵਰਸੀਅਰ ਲੱਗਾ ਹੋਇਆ ਸੀ, ਜਿਸਦੀ ਡਿਊਟੀ ਸ਼ਿਮਲੇ ਸੀ ।ਉਹਨਾਂ ਦਿਨਾਂ ਵਿੱਚ ਸ਼ਿਮਲਾ ਵੀ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ।

ਕੁਦਰਤੀ ਕਿਰਪ ਕੌਰ ਢਿੱਡੋਂ ਨਾ ਫੁੱਟੀ ਇਸਤੋਂ ਅਗਲੀ ਦੁਖਦਾਇਕ ਘਟਨਾ ਕਿ ਕਿਰਪ ਕੌਰ ਦਾ ਛੋਟਾ ਭਰਾ ਰਾਮ ਧੰਨ ਸਿੰਘ ਤੇ ਉਸਦੀ ਪਤਨੀ ਉਸਦੀ ਪਤਨੀ ਥ੍ਹੋੜੇ-ਥ੍ਹੋੜੇ ਵਕਫੇ ਵਿੱਚ ਹੀ ਅਕਾਲ ਚਲਾਣਾ ਕਰ ਗਏ। ਉਸ ਵੇਲੇ ਕਿਰਪ ਕੌਰ ਦਾ ਭਤੀਜੇ ਤੇ ਰਾਮ ਧੰਨ ਸਿੰਘ ਦੇ ਪੁੱਤਰ ਦੀ ਉਮਰ ਸਿਰਫ ਚਾਰ ਵਰ੍ਹੇ ਹੀ ਸੀ, ਜਿਸਦਾ ਨਾਮ ਰਾਮ ਸਿੰਘ ਸੀ।

ਕਿਰਪ ਕੌਰ ਨੂੰ ਆਪਣੇ ਬਾਬਲ ਦੇ ਵੇਹੜੇ ਦੇ ਚਿਰਾਗ ਰਾਮ ਸਿੰਘ ਦੇ ਯਤੀਮ ਹੋਣ ਦਾ ਡਾਹਢਾ ਦੁੱਖ ਹੋਇਆ । ਉਹ ਆਪਣੇ ਭਤੀਜੇ ਰਾਮ ਸਿੰਘ ਨੂੰ ਆਪਣੇ ਕੋਲ ਸ਼ਿਮਲੇ ਹੀ ਲੈ ਗਈ । ਹਰੀ ਸਿੰਘ ਸੇਵਾ ਮੁੱਕਤ ਹੋ ਕੇ ਪ੍ਰੀਵਾਰ ਸਮੇਤ ਆਪਣੇ ਪਿੰਡ ਥਰੀਕੇ ਆ ਗਿਆ। ਉਸਨੇ ਰਾਮ ਸਿੰਘ ਦਾ ਪਾਲਣ ਪੋਸ਼ਣ ਪੁੱਤਾਂ ਵਾਂਗੂੰ ਹੀ ਕੀਤਾ ਬਹੁਤੇ ਤਾਂ ਪਿੰਡ ਦੇ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਸੀ ਕਿ ਰਾਮ ਸਿੰਘ ਹਰੀ ਸਿੰਘ ਦਾ ਪੁੱਤਰ ਐ ਕਿ ਉਸਦੀ ਘਰ ਵਾਲੀ ਦਾ ਭਤੀਜਾ

ਰਾਮ ਸਿੰਘ ਜਵਾਨ ਹੋਇਆ ਤੇ ਭਾਈਕੇ ਦਿਆਲਪੁਰੇ ( ਜਿਲ੍ਹਾ ਬਠਿੰਡਾ) ਵਿਆਹਿਆ ਗਿਆ ਰਾਮ ਸਿੰਘ ਦੇ ਘਰ ਦੋ ਬੇਟੇ ਪੈਦਾ ਹੋਏ ਹਰਦੇਵ ਸਿੰਘ ਤੇ ਗੁਰਦੇਵ ਸਿੰਘ, ਛੋਟਾ ਗੁਰਦੇਵ ਸਿੰਘ ਤੇ ਵੱਡਾ ਆਹੀ ਹਰਦੇਵ ਸਿੰਘ ਉਰਫ ਦੇਵ ਥਰੀਕੇ ਵਾਲਾ ।

ਦੇਵ ਨੇ ਪ੍ਰਾਈਮਰੀ ਵਿਦਿਆ ਪਿੰਡ ਦੇ ਸਕੂਲ ਤੋਂ ਲਈ ਤੇ ਮਿਡਲ ਨਾਲ ਦੇ ਪਿੰਡ ਲਲਤੋਂ ਤੋਂ। ਲਲਤੋ ਸਕੂਲ ਪੜ੍ਹਦੇ ਸਮੇਂ ਉਸਨੂੰ ਮਾਸਟਰ ਹਰੀ ਸਿੰਘ ਦਿਲਬਰ ਤੋਂ ਸਾਹਿਤਕ ਜਾਗ ਲਗ ਗਈ ਜੋ ਵਧੀਆ ਕਹਾਣੀਕਾਰ ਤੇ ਨਾਵਲਕਾਰ ਸਨ। ਦੇਵ ਵੀ ਕਹਾਣੀਆਂ ਲਿਖਣ ਲੱਗ ਪਿਆ, ਪਰ ਜੋ ਲਿਖਦਾ ਉਹ ਹਰੀ ਸਿੰਘ ਦਿਲਬਰ ਹੋਰਾਂ ਨੂੰ ਦਿਖਾਉਂਦਾ । ਦੇਵ ਦੀਆਂ ਲਿਖਤਾਂ ਪੜ੍ਹ ਕੇ ਇਕ ਦਿਨ ਦਿਲਬਰ ਦੇ ਮੂੰਹੋਂ ਅਚਨਚੇਤ ਹੀ ਨਿਕਲਿਆ ਕਿ "ਕਾਕਾ ਤੂੰ ਇਕ ਦਿਨ ਵੱਡਾ ਲਿਖਾਰੀ ਬਣੇਂਗਾ"

ਦੇਵ ਨੇ ਜਗਰਾਓਂ ਤੋਂ ਜੇ ਬੀ ਟੀ ਕਰ ਲਈ,ਇਸੇ ਸਮੇਂ ਦੌਰਾਨ ਹੀ ਉਹਦਾ ਵਿਆਹ ਪਿੰਡ ਸਹੌਲੀ ਦੇ ਸ੍ਰ ਅਰਜਨ ਸਿੰਘ ਦੀ ਧੀ ਪ੍ਰੀਤਮ ਕੌਰ ਨਾਲ ਹੋ ਗਿਆ । 1960 ਵਿੱਚ ਦੇਵ ਮਲਟੀ ਪਰਪਜ਼ ਸਕੂਲ ਲੁਧਿਆਣਾ ਵਿੱਚ ਅਧਿਆਪਕ ਲੱਗ ਗਿਆ

ਦੇਵ ਦਾ ਇਕ ਮਿੱਤਰ ਹੁੰਦਾ ਸੀ ਪਰੇਮ ਕੁਮਾਰ ਸ਼ਰਮਾਂ ਜੋ ਸਿਓੜੇ ਪਿੰਡ ਤੋਂ ਸੀ, ਤੇ ਇਕ ਹੋਰ ਮਿੱਤਰ ਸੀ ਡਾ ਦੱਤਾ ਜੋ ਘੁਮਾਰ ਮੰਡੀ ਲੁਧਿਆਣਾ ਤੋਂ ਸੀ। ਇਹ ਗੱਲ ਤਕਰੀਬਨ 1961 ਦੀ ਹੈ, ਪਰੇਮ ਕੁਮਾਰ ਸ਼ਰਮਾ ਚੰਗਾ ਗਾਉਂਦਾ ਸੀ, ਉਸਦੀ ਸਿਲੇਕਸ਼ਨ ਐਚ ਐਮ ਵੀ ਕੰਪਨੀ ਵਿੱਚ ਹੋ ਗਈ, ਹੁਣ ਪਰੇਮ ਕੁਮਾਰ ਨੂੰ ਗੀਤ ਚਾਹੀਦੇ ਸਨ ਉਹਨਾਂ ਦਿਨਾਂ ਵਿੱਚ ਥਰੀਕਿਆਂ ਦੇ ਨਾਲ ਦੇ ਪਿੰਡ ਹਸਨਪੁਰ ਦਾ ਇੰਦਰਜੀਤ ਗੀਤਕਾਰ ਵੱਜੋਂ ਚਰਚਾ 'ਚ ਆ ਚੁੱਕਾ ਸੀ, ਪ੍ਰੇਮ ਨੇ ਦੇਵ ਨੂੰ ਕਿਹਾ ਕਿ ਤੂੰ ਮੈਨੂੰ ਹਸਨਪੁਰੀ ਤੋਂ ਗੀਤ ਲੈ ਕੇ ਦੇਹ ਕਿਊਂਕਿ ਇੰਦਰਜੀਤ ਤੇਰੇ ਗੁਆਂਢੀ ਪਿੰਡ ਦਾ ਐ,

ਦੇਵ ਨੇ ਦੋ ਤਿੰਨ ਵਾਰ ਹਸਨਪੁਰੀ ਕੋਲ ਚੱਕਰ ਲਾਏ ਪਰ ਹਸਨਪੁਰੀ ਨੇ ਉਸਨੂੰ ਕੋਈ ਗੀਤ ਨਾ ਦਿੱਤਾ ਸਗੋਂ ਟਾਲ ਦਿਆ ਕਰੇ,ਸ਼ਾਇਦ ਉਹ ਨਵੇਂ ਗਾਇਕ ਨੂੰ ਗੀਤ ਦੇਣੇ ਹੀ ਨਹੀਂ ਚਾਹੁੰਦਾ ਸੀ।

ਉਧਰੋਂ ਪ੍ਰੇਮ ਕੁਮਾਰ ਦੀ ਰਿਕਾਰਡਿੰਗ ਦੀ ਤਾਰੀਖ ਨੇੜੇ ਆ ਰਹੀ ਸੀ , ਪ੍ਰੇਮ ਕੁਮਾਰ ਤੇ ਡਾ ਦੱਤਾ ਘੁਮਾਰ ਮੰਡੀ ਵਾਲੇ ਸਮੇਤ ਹੋਰ ਮਿਤਰਾਂ ਨੇ ਆਖਿਆ "ਕਿ ਜੇ ਹਸਨਪੁਰੀ ਗੀਤ ਨਹੀਂ ਦਿੰਦਾ, ਦੇਵ ਤੂੰ ਆਪ ਈ ਲਿੱਖ ਲੈ, ਐਡੀ ਵਧੀਆ ਕਹਾਣੀ ਲਿਖਦੈਂ, ਗੀਤ ਵੀ ਲਿੱਖ ਸਕਦੈਂ, ਕਹਾਣੀਕਾਰ ਲਈ ਗੀਤ ਲਿਖਣੇ ਕੋਈ ਵੱਡੀ ਗੱਲ ਨਹੀਂ "

ਬੱਸ ਦੇਵ ਦੇ ਅੰਦਰ ਬੈਠਾ ਗੀਤਕਾਰ ਜਾਗ ਪਿਆ, ਪੈਂਦੀ ਸੱਟੇ ਦੇਵ ਨੇ ਚਾਰ ਗੀਤ ਲਿੱਖ ਧਰੇ, ਦੇਵ ਦੀ ਕਿਸਮਤ ਦੇਖੋ ਐਚ ਐਮ ਵੀ ਦੇ ਮੈਨੇਜਰ ਸੰਤ ਰਾਮ ਨੇ ਚਾਰੇ ਹੀ ਗੀਤ ਸਲੈਕਟ ਕਰ ਲਏ,ਤੇ ਪ੍ਰੇਮ ਕੁਮਾਰ ਸ਼ਰਮੇਂ ਦੀ ਰਿਕਾਰਡਿੰਗ ਸੰਪੂਰਨ ਹੋ ਗਈ, ਗਾਇਕ ਵੀ ਨਵਾਂ ਤੇ ਗੀਤਕਾਰ ਵੀ ਨਵਾਂ, ਐਚ ਐਮ ਵੀ ਨੇ ਦੋ ਦੋ ਗੀਤਾਂ ਦੇ ਤਵੇ ਬਣਾ ਕੇ ਰੀਲੀਜ਼ ਕੀਤੇ। ਇਹ ਗੀਤ ਸਨ


ਹੌਲੀ ਹੌਲੀ ਨੱਚ ਪੱਤਲੋ, ਤੇਰੀ ਗੁੱਤ ਗਿੱਟਿਆਂ ਵਿੱਚ ਵੱਜਦੀ


ਭਾਬੀ ਤੇਰੀ ਧੌਣ ਦੇ ਉੱਤੇ, ਗੁੱਤ ਮੇਹਲਦੀ ਨਾਗ ਬਣ ਕਾਲਾ


ਤੇਰੀ ਜੁੱਤੀ ਦੇ ਛਣਕਦੇ ਬੋਰ, ਪੈਰਾਂ 'ਚ ਪੰਜੇਬਾਂ ਵਾਲੀਏ


ਹਾਕਾਂ ਮਾਰਦੇ ਬੱਕਰੀਆਂ ਵਾਲੇ,


ਬੱਸ ਇੱਥੋਂ ਈ ਸ਼ੁਰੂ ਹੰਦਾ ਹੈ ਦੇਵ ਦੀ ਗੀਤਕਾਰੀ ਦਾ ਸਫਰ, ਪ੍ਰੇਮ ਕੁਮਾਰ ਤਾ ਬੰਬਈ ਚਲਾ ਗਿਆ ਪਰ ਪੰਜਾਬ ਨੂੰ ਇਕ ਉੱਤਮ ਗੀਤਕਾਰ ਦੇ ਗਿਆ । ਇਸਤੋਂ ਬਾਅਦ ਜਮਾਲਪੁਰ ਵਾਲੇ ਕਰਨੈਲ ਗਿੱਲ ਨੇ ਦੇਵ ਦੇ ਦੋ ਗੀਤ ਰਿਕਾਰਡ ਕਰਵਾਏ

ਅੰਬੀਆਂ ਨੂੰ ਤਰਸੇਂਗੀ ਛੱਡਕੇ ਦੇਸ਼ ਦੁਆਬਾ

ਗੱਡੀ ਚੜ੍ਹਦੀ ਭੰਨਾ ਲਏ ਗੌਡੇ ਚਾਅ ਮੁਕਲਾਵੇ ਦਾ

ਉਸ ਤੋਂ ਬਾਅਦ ਚੱਲ ਸੋ ਚੱਲ ਦੇਵ ਨੇ ਕਦੀ ਪਿਛਾਂਹ ਮੁੜ ਕੇ ਨਹੀਂ ਤੱਕਿਆ, ਪੰਜਾਬ ਦੇ ਹਰ ਚੋਟੀ ਦੇ ਗਾਇਕ ਨੇ ਦੇਵ ਦੇ ਗੀਤ ਗਾਏ, ਇਕ ਵਾਰੀ ਦੇਵ ਨਰਿੰਦਰ ਬੀਬਾ ਦੇ ਘਰ ਗਿਆ ਤਾਂ ਮਹਿਸੂਸ ਕੀਤਾ ਕਿ ਨਰਿੰਦਰ ਬੀਬਾ ਤੇ ਉਸਦਾ ਪਤੀ ਹਰਪਾਲ ਸਿੰਘ ਪਾਲੀ ਵਿਚਕਾਰ ਕੋਈ ਮਾਮੂਲੀ ਜਿਹਾ ਪਤੀ-ਪਤਨੀ ਦਾ ਝਗੜਾ ਹੋ ਕੇ ਹਟਿਐ ਤੇ ਬੀਬਾ ਦੀਆਂ ਅੱਖਾਂ ਸਿੱਲ੍ਹੀਆਂ ਨੇ, ਕੁੱਝ ਕਹੇ ਤੇ ਪੁੱਛੇ ਬਿਨਾਂ ਦੇਵ ਨੇ ਇਕ ਗੀਤ ਲਿਖਿਆ ਜੋ ਬੀਬਾ ਆਪਣੇ ਪਤੀ ਪਾਲੀ ਨੂੰ ਸੰਬੋਧਨ ਕਰਕੇ ਗਾਉਂਦੀ ਐ ਦੇਵ ਦਾ ਲਿਖਿਆ ਇਹ ਗੀਤ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਸੁਪਰ ਹਿੱਟ ਹੋਇਆ, ਜਿਸ ਦੇ ਬੋਲ ਹਨ


ਕਾਹਨੂੰ ਮਾਰਦੈਂ ਚੰਦਰਿਆ ਛਮਕਾਂ

ਮੈਂ ਕੱਚ ਦੇ ਗਲਾਸ ਵਰਗੀ

ਫੇਰ ਰੋਵੇਂਗਾ ਢਿੱਲੇ ਜਹੇ ਬੁੱਲ੍ਹ ਕਰਕੇ

ਵੇ 'ਪਾਲੀ' 'ਬੀਬਾ' ਜਦੋਂ ਮਰ ਗਈ


ਕਾਲਾ ਘੱਗਰਾ ਸੰਦੂਕ ਵਿੱਚ ਮੇਰਾ

ਤੂੰ ਦੇਖ ਦੇਖ ਰੋਵੇਂਗਾ ਜੱਟਾ

ਵੈਣ ਪਾਈਂ ਕਿੱਕਰਾਂ ਦੇ ਗਲ ਲੱਗ ਕੇ

ਤੂੰ ਦੇਖ ਮੇਰਾ ਡੋਰੀਆ ਖੱਟਾ

ਲਾਲੀ ਖਾ ਗਿਆ ਬੁਲ੍ਹਾਂ ਦੀ ਗ਼ਮ ਮੇਰੀ

ਪਤਾਸੇ ਵਾਂਗੂੰ "ਦੇਵ" ਖੁਰ ਗਈ


ਫੇਰ ਰੋਵੇਂਗਾ ਢਿੱਲੇ ਜਹੇ ਬੁਲ੍ਹ ਕਰਕੇ

'ਵੇ ਪਾਲੀ' ' ਬੀਬਾ' ਜਦੋਂ ਮਰ ਗਈ


ਦੇਵ ਦੇ ਲਿੱਖੇ ਹੋਏ ਗੀਤ ਪੰਜਾਬ ਦੇ ਚੋਟੀ ਦੇ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਣ ਲੱਗ ਪਏ ਪਰ ਉਸਨੂੰ ਆਪਣੇ ਆਪ ਨੂੰ ਇਕ ਕਮੀਂ ਜਿਹੀ ਮਹਿਸੂਸ ਹੋ ਰਹੀ ਸੀ ਜਿਸਨੂੰ ਦੂਰ ਕਰਨ ਲਈ ਦੇਵ ਉਸਤਾਦ ਗੀਤਕਾਰ ਸ੍ਰ ਗੁਰਦੇਵ ਸਿੰਘ ਮਾਨ ਦੇ ਚਰਨੀਂ ਜਾ ਲੱਗਾ 'ਮਾਨ' ਸਾਹਿਬ ਨੂੰ ਪੱਗ ਦੇ ਕੇ ਉਹਨਾਂ ਨਾਲ ਬਾਕਾਇਦਾ ਤੌਰ ਤੇ ਉਸਤਾਦੀ ਸ਼ਗਿਰਦੀ ਕੀਤੀ, ਮਾਨ ਦੇ ਲੜ ਲੱਗ ਕੇ ਦੇਵ ਪਰਪੱਕ ਗੀਤਕਾਰ ਬਣ ਗਿਆ ਉਸਦੇ ਗੀਤ

ਆਪਣੇ ਵੇਲਿਆਂ ਦੇ ਸਾਰੇ ਪ੍ਰਸਿੱਧ ਗਾਇਕਾਂ ਨੇ ਗਾਏ ਜਿਹਨਾਂ 'ਚ ਚਾਂਦੀ ਰਾਮ ਤੇ ਸ਼ਾਂਤੀ ਦੇਵੀ, ਨਰਿੰਦਰ ਬੀਬਾ, ਸਵਰਨਲਤਾ, ਜਗਮੌਹਨ ਕੋਰ, ਸੁਰਿੰਦਰ ਕੌਰ, ਸਾਬਰ ਹੁਸੈਨ ਸਾਬਰ । ਇਕ ਗੱਲ ਹੋਰ ਦੱਸ ਦੇਵਾਂ ਕਿ ਪ੍ਰਸਿੱਧ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸਭ ਤੋਂ ਪਹਿਲਾ ਗੀਤ ਵੀ ਦੇਵ ਦਾ ਹੀ ਸੀ ਜਿਸਦੇ ਬੋਲ ਸਨ


ਵਗਦੀ ਨਦੀ ਦੇ ਵਿੱਚ ਦੋ ਜਾਣੇਂ ਨ੍ਹਾਉਂਦੇ

ਚੱਕ ਦੇ ਪੱਲਾ ਨੀ ਤੇਰੇ ਪੈਰੀਂ ਹੱਥ ਲਾਉਂਦੇ


ਵਗਦੀ ਨਦੀ ਦੇ ਵਿੱਚ ਰੰਗ ਕੀਹਨੇ ਡ੍ਹੋਲਿਆ

ਜਦੋਂ ਦੀ ਵਿਆਹੀ, ਕਦੇ ਹੱਸ ਕੇ ਨਾ ਬੋਲਿਆ


ਪੰਜਾਬੀ ਦੋ-ਗਾਣਾ ਗਾਇਕੀ ਦੇ ਬਾਦਸ਼ਾਹ ਵੱਜੋਂ ਜਾਣੇ ਜਾਂਦੇ ਜਨਾਬ ਮੁਹੰਮਦ ਸਦੀਕ ਦੀ ਆਵਾਜ਼ ਵਿੱਚ ਵੀ ਦੇਵ ਦੇ ਕਈ ਗੀਤ ਰਿਕਾਰਡ ਹੋਏ ਜਿਨ੍ਹਾਂ 'ਚ


ਕੀਹਦੀ ਖਾਤਰ ਜਿਉਣ ਜੋਗੀਆ ਲਾ ਕੇ ਗਿਆ ਨਸੂੜ੍ਹਾ

ਰਾਤੀ ਰੋਂਦੀ ਦਾ ਭਿੱਜ ਜਾਏ ਲਾਲ ਪੰਘੂੜਾ


ਅਤੇ


ਆਹ ਲੈ ਲੌਂਗ ਨੀ ਬਿਸ਼ਨੀਏ ਤੇਰਾ

ਨਰਮੇਂ 'ਚੋਂ ਸਾਨੂੰ ਲੱਭਿਆ


ਸ਼ਾਮਲ ਹਨ।


ਕਰਮਜੀਤ ਸਿੰਘ ਧੂਰੀ ਦੀ ਆਵਾਜ਼ ਵਿੱਚ ਦੇਵ ਦੇ ਦੋ ਧਾਰਮਿਕ ਗੀਤ ਰਿਕਾਰਡ ਹੋਏ ਉਹ ਗੀਤ ਪੰਜਾਬੀ ਧਾਰਮਿਕ ਗੀਤਕਾਰੀ ਦਾ ਸਰਮਾਇਆ ਹਨ ਉਹ ਗੀਤ ਐਸੇ ਹਨ ਕਿ ਪੰਜਾਬ ਦੇ ਹਰ ਪਿੰਡ ਵਿੱਚ, ਹਰ ਗੁਰੂਘਰ ਵਿੱਚ, ਹਰਇਕ ਅਖੰਡ ਪਾਠ ਦੇ ਭੋਗ ਸਮੇਂ ਹਰ ਇੱਕ ਵਿਆਹ ਸ਼ਾਦੀ ਵਿੱਚ ਅੰਮ੍ਰਿਤ ਵੇਲੇ ਸੱਭ ਤੋਂ ਵੱਧ ਸਪੀਕਰਾਂ 'ਚ ਵੱਜਣ ਵਾਲੇ ਗੀਤ ਕਹੇ ਜਾ ਸਕਦੇ ਹਨ, ਜਿਹਨਾਂ ਦੇ ਬੋਲ ਹਨ


ਹੁੰਦੀਆਂ ਸ਼ਹੀਦ ਜੋੜੀਆਂ

ਦਾਦੀ ਦੇਖਦੀ ਦੀ ਬੁਰਜ ਤੇ ਖੜ੍ਹਕੇ

ਘੋੜੀ ਗਾਵੇ ਪੋਤਿਆਂ ਦੀ

ਬੈਠੀ ਕਾਲਜਾ ਹੱਥਾਂ ਦੇ ਵਿੱਚ ਫੜਕੇ


ਅਤੇ


ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ

ਦਿਨ ਰਾਤ ਪਾਪਾਂ 'ਚ ਗੁਜ਼ਾਰੇਂ ਬੰਦਿਆ


ਸੱਤਰਵਿਆਂ ਦੇ ਕਰੀਬ ਦੇਵ ਗਿਆਸਪੁਰੇ ਦੇ ਸਰਕਾਰੀ ਸਕੂਲ 'ਚ ਪੜ੍ਹਾਉਂਦਾ ਸੀ, ਉਸ ਵੇਲੇ ਤੱਕ ਦੇਵ ਦੇ ਬਹੁਤ ਗੀਤ ਰਿਕਾਰਡ ਹੋ ਕੇ ਹਿੱਟ ਹੋ ਚੁੱਕੇ ਸਨ, ਗਿਆਸਪੁਰੇ ਹੀ ਮਾਸਟਰ ਗੁਰਦਿਆਲ ਸਿੰਘ ਨੇ ਦੇਵ ਕੋਲ ਇਕ ਦਿਨ ਮਾਣਕ ਦੀ ਗੱਲ ਕੀਤੀ ਕਿ ਇਕ ਮੁੰਡਾ ਨਵਾਂ ਆਇਆ ਐ ਵਧੀਆ ਗਾਉਂਦੈ, ਗੱਲ ਆੲੀ ਗਈ ਹੋ ਗਈ, ਉਸ ਵੇਲੇ ਮੁਹੰਮਦ ਸਦੀਕ ਰਣਜੀਤ ਕੋਰ ਦੀ ਆਵਾਜ਼ ਵਿੱਚ ਮਰਾੜ੍ਹਾਂ ਵਾਲੇ ਦੇ ਗੀਤ ਖੂਬ ਚੱਲ ਰਹੇ ਸਨ, ਇਸ ਕਰਕੇ ਦੇਵ ਨੂੰ ਵੀ ਕਿਸੇ ਵਧੀਆ ਨਵੀਂ ਆਵਾਜ਼ ਦੀ ਤਾਲਾਸ਼ ਸੀ,

ਦੇਵ ਸਕੂਲੋਂ ਸਾਈਕਲ ਤੇ ਹੀ ਪਿੰਡ ਜਾਂਦਾ ਹੁੰਦਾ ਤੇ ਆਥਣੇ ਬੱਸ ਅੱਡੇ ਕੋਲ ਗਾਉਣ ਵਾਲਿਆਂ ਦੇ ਦਫਤਰਾਂ ਕੋਲ ਖੜ੍ਹ ਕੇ ਚਾਰ ਬੰਦਿਆ ਨੂੰ ਮਿਲ ਕੇ ਹਵਾ ਪਿਆਜੀ ਜਿਹਾ ਹੋ ਕੇ ਹੀ ਘਰੇ ਅੱਪੜਦਾ, ਇਸੇ ਦੌਰਾਨ ਇਕ ਦਿਨ ਸੋਮੇ ਦੇ ਢਾਬੇ ਤੇ ਦੇਵ ਨੂੰ ਮਾਣਕ ਟੱਕਰ ਗਿਆ ਦੇਵ ਦੇ ਨਾਨਕੇ ਬਠਿੰਡੇ ਜਿਲ੍ਹੇ 'ਚ ਤੇ ਮਾਣਕ ਦਾ ਪਿੰਡ ਬਠਿੰਡੇ ਜਿਲ੍ਹੇ 'ਚ ਬੱਸ ਫੇਰ ਕੀ ਸੀ ਅਧੀਆ ਫੜ ਲਿਆ ਤੂੰ ਮੇਰਾ ਬਾਈ ਤੇ ਮੈਂ ਤੇਰਾ ਬਾਈ ਹੋਗੀ

ਦੇਵ ਦੇ ਵੀ ਪਹਿਲਾਂ ਅਨੇਕਾਂ ਈ ਗੀਤ ਰਿਕਾਰਡ ਹੋ ਚੁੱਕੇ ਸੀ ਤੇ ਮਾਣਕ ਦੇ ਵੀ ਦੋ ਕੁ ਤਵੇ ਆ ਚੁੱਕੇ ਸੀ ਇਕ ਦੋ-ਗਾਣਿਆਂ ਦਾ ਤੇ ਦੂਜਾ ਲੋਕ ਗਾਥਾਵਾਂ ਦਾ, ਦੇਵ ਨੂੰ ਮਾਣਕ ਦੀ ਆਵਾਜ਼ ਪਸੰਦ ਆਈ ।

ਦੇਵ ਨੇ ਮਾਣਕ ਨੂੰ ਚਾਰ ਲੋਕ ਗਾਥਾਵਾਂ ਦਿੱਤੀਆਂ ਜਿਹਨਾਂ ਦਾ ਐਚ ਐਮ ਵੀ ਨੇ 1973 ਵਿੱਚ ਚਾਰ ਗੀਤਾਂ ਵਾਲਾ ਤਵਾ ਬਣਾਇਆ ਜਿਸਦਾ ਨੰਬਰ ਹੈ EMOE 10543

ਇਸ ਰਿਕਾਰਡ ਵਿੱਚ


ਆਖੇ ਅਕਬਰ ਬਾਦਸ਼ਾਹ (ਜੈਮਲ ਫੱਤਾ)

ਦੁਲਿਆ ਵੇ ਟੋਕਰਾ ਚੁਕਾਈਂ ਆਣ ਕੇ(ਦੁੱਲਾ ਭੱਟੀ)

ਤੇਰੀ ਖਾਤਰ ਹੀਰੇ (ਹੀਰ ਦੀ ਕਲੀ)

ਕਹੇ ਰਸਾਲੂ ਰਾਣੀਏ (ਸ਼ਾਹਣੀਂ ਕੌਲਾਂ)


ਇਸ ਰਿਕਾਰਡ ਨਾਲ ਬਾਜ਼ਾਰ ਵਿੱਚ ਮਾਣਕ ਦੀ ਗੱਲ ਤੁਰ ਪਈ ਤੇ ਇਹਦੇ ਨਾਲ ਹੀ ਐਚ ਐਮ ਵੀ ਨੇ ਦੇਵ ਦੇ ਪੰਜ ਹੋਰ ਗੀਤਾਂ ਦਾ ਤਵਾ ਰਿਕਾਰਡ ਕਰ ਲਿਆ ਇਸ ਨਾਲ ਚਾਰੇ ਪਾਸੇ ਦੇਵ ਥਰੀਕੇ ਵਾਲਾ ਤੇ ਕੁਲਦੀਪ ਮਾਣਕ ਦੇ ਨਾਮ ਦੀ ਧੁੰਮ ਪੈ ਗਈ ਅਗਲੇ ਵਰ੍ਹੇ ਫੇਰ ਗਿਆਰਾਂ ਗੀਤਾਂ ਵਾਲਾ ਵੱਡਾ ਐਲ ਪੀ ਤਵਾ ਬਣਾਇਆ ਜੋ ਪੰਜਾਬੀ ਗੀਤਾਂ ਦਾ ਇਤਿਹਾਸਕ ਪੰਨਾ ਹੈ ਜਿਸ ਵਿੱਚ

ਤੇਰੇ ਟਿੱਲੇ ਤੋਂ ਓਹ ਸੂਰਤ ਦੀਹਂਦੀ ਐ ਹੀਰ ਦੀ


ਛੇਤੀ ਕਰ ਸਰਵਣ ਬੱਚਾ

ਚਿੱਠੀਆਂ ਸਾਹਿਬਾਂ ਜੱਟੀ ਨੇ

ਸਿਖਰ ਦੁਪਹਿਰੇ ਵਰਗੀ ਬੇਗੋ

ਯਾਰੋ ਰੰਨਾ ਚੈਂਚਲ ਹਾਰੀਆਂ

ਗੜ੍ਹਮੁਗਲਾਣੇ ਦੀਆਂ ਨਾਰਾਂ


ਸਮੇਤ ਕੁੱਲ ਗਿਆਰਾਂ ਗੀਤ ਸਨ। ਬੱਸ ਇੱਥੋਂ ਦੇਵ ਤੇ ਮਾਣਕ ਦੀ ਜੋੜੀ ਦੀ ਚਰਚਾ ਹੱਦਾਂ ਸਰਹੱਦਾਂ ਟੱਪ ਗਈ

ਇਸਤੋਂ ਬਾਅਦ 1977 ਵਿੱਚ ਜਸਵੰਤ ਭੰਵਰਾ ਜੀ ਦੇ ਸ਼ਗਿਰਦ ਸੁਰਿੰਦਰ ਛਿੰਦੇ ਨੂੰ ਚਾਰ ਲੋਕ ਗਾਥਾਵਾਂ ਨਾਲ ਲੋਕਾਂ ਦੇ ਰੂਬਰੂ ਕੀਤਾ

ਦੇਵ ਦੀਆਂ ਇਹ ਚਾਰ ਲੋਕ ਗਾਥਾਵਾਂ ਐਚ ਐਮ ਵੀ ਨੇ 1977 ਵਿੱਚ ਸੁਰਿੰਦਰ ਛਿੰਦੇ ਦੀ ਆਵਾਜ਼ ਵਿੱਚ ਤੇ ਰਾਮ ਸਰਨ ਦਾਸ ਦੇ ਸੰਗੀਤ ਵਿੱਚ ਰਿਕਾਰਡਿੰਗ ਕਰਕੇ ਚਾਰ ਗੀਤਾਂ ਵਾਲਾ ਤਵਾ ਬਣਾਇਆ ਜਿਸਦਾ ਲੜੀ ਨੰਬਰ ਐ

7 EPE 2023 (1977)

ਇਸ ਵਿੱਚ ਚਾਰ ਗੀਤ ਇੰਝ ਸਨ


ਉੱਚਾ ਬੁਰਜ ਲਾਹੌਰ ਦਾ (ਹੀਰ ਦੀ ਕਲੀ)

ਰੂਪ ਬਸੰਤ

ਰਾਣੀ ਇੱਛਰਾਂ

ਦਹੂਦ ਬਾਦਸ਼ਾਹ

ਇਸ ਰਿਕਾਰਡ ਨਾਲ ਦੇਵ ਦੀ ਬਦੌਲਤ ਲੋਕ ਗਾਥਾਵਾਂ ਦੇ ਪਿੜ ਵਿੱਚ ਇਕ ਹੋਰ ਕਲਾਕਾਰ "ਸੁਰਿੰਦਰ ਛਿੰਦੇ" ਦਾ ਪ੍ਰਵੇਸ਼ ਹੋਇਆ

ਇੰਜ "ਦੇਵ" ਦਾ ਲਿਖਿਆ "ਸੁਰਿੰਦਰ ਛਿੰਦੇ" ਦਾ ਗਾਇਆ ਤੇ "ਚਰਨਜੀਤ ਆਹੂਜਾ" ਦਾ ਸੰਗੀਤਬੱਧ ਕੀਤਾ ਉਪੇਰਾ 'ਜਿਉਣਾ ਮੌੜ' ਵੀ ਪੰਜਾਬੀ ਗੀਤਕਾਰੀ ਤੇ ਗਾਈਕੀ ਦਾ ਇਤਿਹਾਸਕ ਪੰਨਾ ਹੈ

ਦੇਵ ਦੇ ਗੀਤ ਕਈ ਪੰਜਾਬੀ ਫਿਲਮਾਂ 'ਚ ਵੀ ਰਿਕਾਰਡ ਹੋਏ, ਦੇਵ ਦੇ ਕਈ ਗੀਤ ਤਾਂ ਐਸੇ ਹਨ ਜੋ ਇਕ ਇਕ ਗੀਤ ਨੂੰ ਹੀ ਬੜੇ ਕਲਾਕਾਰ ਰਿਕਾਰਡ ਕਰਵਾ ਗਏ ਜਿਵੇਂ


ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ

ਕੁਲਦੀਪ ਮਾਣਕ, ਸੁਰਿੰਦਰ ਕੌਰ ਤੇ ਕਰਮਜੀਤ ਸਿੰਘ ਧੂਰੀ ਨੇ ਵਾਰੋ ਵਾਰੀ ਰਿਕਾਰਡ ਕਰਵਾਇਆ

ਸੁਰਿੰਦਰ ਕੌਰ ਦੀ ਆਵਾਜ਼ ਵਿੱਚ


ਦੀਵਿਆਂ ਵੇਲੇ ਦਰ ਆਪਣੇ ਦਾ

ਕਿਸ ਕੁੰਡਾ ਖੜਕਾਇਆ

ਨੀ ਉੱਠ ਵੇਖ ਨਨਾਣੇ

ਕੌਣ ਪ੍ਰਾਹੁਣਾ ਆਇਆ


ਫੁੱਲਾਂ ਵਰਗੀ ਮਹਿਕ ਜਹੀ

ਕੀ ਬੀਹੀ ਵਿੱਚੋਂ ਆਵੇ

ਰਾਤ ਵਾਲਾ ਰੱਬ ਕਰਕੇ ਨੀ

ਸੁਪਨਾ ਸੱਚਾ ਹੋ ਜਾਵੇ

ਚੁਲ੍ਹੇ ਮੂਹਰੇ ਬੈਠੀ ਦਾ ਨੀ

ਮੇਰਾ ਅੰਗ ਅੰਗ ਨਸ਼ਿਆਇਆ

ਨੀ ਉੱਠ ਦੇਖ ਨਨਾਣੇ, ਕੌਣ ਪ੍ਰਾਹੁਣਾ ਆਇਆ


ਭੁੱਲ ਭੁਲੇਖੇ ਸ਼ੀਸ਼ੇ ਮੂਹਰੇ

ਜਦ ਬੈਠਾਂ ਮੈਂ ਜਾਕੇ

ਪੁੱਠੀਆਂ ਸਿੱਧੀਆਂ ਗੱਲਾਂ ਨੀ

ਪਾ ਲੈਂਦੀਆਂ ਘੇਰਾ ਆਕੇ

ਪਰਸੋਂ ਰੋਂਦੀਆਂ ਰੀਝਾਂ ਨੂੰ ਮੈਂ

ਲਾਰਿਆਂ ਨਾਲ ਮਨਾਇਆ

ਨੀ ਉੱਠ ਦੇਖ ਨਨਾਣੇ, ਕੌਣ ਪ੍ਰਾਹੁਣਾ ਆਇਆ


ਨੀ ਨਣਦੇ ਨੀ ਬੀਬੀਏ ਨਣਦੇ

ਬਿੜਕ ਪੈਰਾਂ ਦੀ ਆਈ

ਇਊਂ ਜਾਪੇ ਜਿਉਂ ਬਾਹਰ ਖਲੋਤਾ

ਚੰਨ ਵਰਗਾ ਤੇਰਾ ਭਾਈ

ਮੇਰਾ ਨਾਉਂ ਲੈ ਕੇ ਨੀ

ਮੈਨੂੰ ਕਿਸਨੇ ਹੋਰ ਬੁਲਾਇਆ

ਨੀ ਉੱਠ ਦੇਖ ਨਨਾਣੇ, ਕੌਣ ਪ੍ਰਾਹੁਣਾ ਆਇਆ


ਲੋਕ ਗੀਤਾਂ ਦਾ ਹਾਣੀ ਹੋ ਚੁੱਕਿਐ,ਇਹ ਦੇਵ ਦੀ ਲੇਖਣੀ ਕਮਾਲ ਹੀ ਹੈ , ਗੀਤ ਦੀ ਰੂਹ ਨੂੰ ਮਾਣਦੇ ਹੋਏ ਦੇਵ ਨੇ ਗੀਤ ਵਿੱਚ ਆਪਣਾ ਨਾਮ ਵੀ ਨਹੀਂ ਪਾਇਆ ਇਹ ਉਹਦਾ ਗੀਤਕਾਰੀ ਪ੍ਰਤੀ ਸਮਰਪਣ ਐ,

ਦੇਵ ਦੇ ਕਈ ਗੀਤ ਐਸੇ ਹਨ ਜਿਨ੍ਹਾਂ ਤੇ ਕੱਲੇ ਕੱਲੇ ਗੀਤ ਤੇ ਵੀ ਪੀ ਐਚ ਡੀ ਕੀਤੀ ਜਾਵੇਗੀ ਜਿਵੇਂ

ਆ ਸੱਜਣਾ ਆ ਗਲ ਲੱਗ ਮਿਲੀਏ

ਮਿਲੀਏ ਤੇ ਮਰ ਜਾਈਏ ਵੇ

ਕੀ ਪਤਾ ਫਿਰ ਦੁਨੀਆਂ ਉੱਤੇ

ਆਈਏ ਜਾਂ ਨਾ ਆਈਏ ਵੇ

ਜਾਂ

ਮਾਂ ਦੀ ਪੂਜਾ ਰੱਬ ਦੀ ਪੂਜਾ

ਮਾਂ ਤਾਂ ਰੱਬ ਦਾ ਰੂਪ ਹੈ ਦੂਜਾ

ਮਾਂ ਹੈ ਰੱਬ ਦਾ ਨਾਂ ਓ ਦੁਨਿਆ ਵਾਲਿਓ

ਮਾਂ ਬਿਨਾਂ ਕੋਈ ਨਾਂ ਲਾਡ ਲਡਾਉਂਦਾ

ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ

ਖੋਹ ਲੈਂਦੇ ਟੁੱਕ ਕਾਂ ਓ ਦੁਨੀਆਂ ਵਾਲਿਓ

ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ

ਗਿੱਲੀ ਥਾਂ ਤੇ ਆਪ ਹੈ ਪੈਂਦੀ

ਪਾਉਂਦੀ ਸੁੱਕੀ ਥਾਂ ਓ ਦੁਨੀਆਂ ਵਾਲਿਓ


ਦੇਵ ਸਮਰੱਥ ਗੀਤਕਾਰ ਸੀ, ਦੋ-ਗਾਣੇ, ਲੋਕ-ਗਾਥਾਵਾਂ, ਲੋਕ-ਤੱਥ, ਵਾਰਾਂ, ਕਲੀਆਂ, ਸੱਦ,ਧਾਰਮਿਕ ਗੀਤ, ਉਦਾਸ ਗੀਤ, ਉਪੇਰੇ, ਬੀਰ ਰਸ, ਸ਼ਿੰਗਾਰ ਰਸ, ਵਿਛੋੜੇ ਤੇ ਵਸਲ ਤੇ ਦੇਵ ਨੇ ਕਮਾਲ ਦਾ ਲਿਖਿਆ ਗੱਲ ਕੀ ਪੰਜਾਬੀ ਗੀਤਾਂ ਦੀ ਹਰ ਵਿਧਾ ਨੂੰ ਉਸਨੇ ਬਾਖੂਬੀ ਲਿਖਿਆ।

ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਗੀਤਕਾਰ ਦੇ ਜਿਉਂਦੇ ਜੀਅ ਉਹਦੇ ਨਾਮ ਤੇ ਸੋਸਾਇਟੀ ਬਣਾਈ ਗਈ ਹੋਵੇ ਇਹ ਸ਼ਰਫ ਸਿਰਫ ਦੇਵ ਨੂੰ ਹੀ ਹਾਸਲ ਹੋਇਆ ਹੈ ਕਿ ਇੰਗਲੈਂਡ ਵਸਦੇ ਦੇਵ ਦੇ ਗੀਤਾਂ ਦੇ ਆਸ਼ਕ ਸੋਖਾ ਉਦੇਪੁਰੀਆ ਨੇ ਦੇਵ ਥਰੀਕੇ ਵਾਲਾ ਐਪਰੀਸੀਏਸ਼ਨ ਸੋਸਾਇਟੀ ਬਣਾ ਕੇ ਮਿਸਾਲ ਪੈਦਾ ਕਰ ਦਿੱਤੀ,

ਦੇਵ ਦੀ ਕਲਮ ਦਾ ਜਲੌਅ ਅੰਤ ਤੱਕ ਬਰਕਰਾਰ ਰਿਹਾ, ਮੈਂ ਦੇਵ ਨੂੰ ਇਕ ਨਹੀਂ ਅਨੇਕਾਂ ਵਾਰ ਮਿਲਿਆ ਹਮੇਸ਼ਾਂ ਹੀ ਦੇਵ ਚੜ੍ਹਦੀ ਕਲਾ'ਚ ਈ ਮਿਲਿਆ ਕਦੇ ਪੈਸੇ ਦੀ ਭੁੱਖ ਨਹੀਂ ਦੇਖੀ,ਕਦੇ ਕੋਈ ਲਾਲਚ ਨਹੀਂ ਦੇਖਿਆ,

25 ਜਨਵਰੀ 2022 ਦੀ ਮਨਹੂਸ ਸਵੇਰੇ ਦੇਵ ਦੇ ਤੁਰ ਜਾਣ ਦੀ ਖ਼ਬਰ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਪੰਜਾਬੀ ਗੀਤਕਾਰੀ ਲਈ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ। ਭਾਵੇਂ ਦੇਵ ਥਰੀਕੇ ਵਾਲਾ ਜਿਸਮਾਨੀ ਤੌਰ ਤੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ , ਪਰ ਉਸ ਦੇ ਗੀਤ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ਵਿੱਚ ਧੜਕਣ ਬਣ ਕੇ ਧੜਕਦੇ ਰਹਿਣਗੇ।


ਅਸ਼ੋਕ ਬਾਂਸਲ ਮਾਨਸਾ