ਪਿੰਡ ਆਲਮਗੀਰ (ਲੁਧਿਆਣਾ) ਵਿਖੇ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਭਰਵਾਂ ਇਕੱਠ
- ਧਾਰਮਿਕ/ਰਾਜਨੀਤੀ
- 28 Feb,2025

ਲੁਧਿਆਣਾ 28 ਫਰਵਰੀ, ਨਜ਼ਰਾਨਾ ਟਾਈਮਜ ਬਿਊਰੋ
ਇਲਾਕੇ ਦੇ ਮੋਹਤਬਾਰ ਸੱਜਣਾ ਪੰਚ,ਸਰਪੰਚ,ਬਲਾਕ ਸੰਮਤੀ ਮੈਂਬਰਾਂ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ ਵਿਖੇ ਪ੍ਰਭਾਵਸ਼ਾਲੀ ਇਕੱਤਰਤਾ ਕੀਤੀ ਗਈ।ਇਸ ਮੌਕੇ ਕਰਨਜੋਤ ਸਿੰਘ ਜੋਤੀ ਸਰਪੰਚ,ਕੁਲਵੰਤ ਸਿੰਘ ਸਾਬਕਾ ਜ਼ਿਲਾ ਪਰਿਸ਼ਦ ਮੈਂਬਰ ਅਤੇ ਸਰਪੰਚ,ਮਲਕੀਤ ਸਿੰਘ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ,ਚਰਨ ਸਿੰਘ ਰਿਟਾਇਰ ਪਾਵਰਕਾਮ,ਮਾਸਟਰ ਸੁਰਜੀਤ ਸਿੰਘ ਗਰੇਵਾਲ,ਰਾਮ ਆਸਰਾ ਸਿੰਘ ਪੰਚ,ਹਰਜੀਤ ਸਿੰਘ ਪੰਚ, ਦੇਵ ਸਿੰਘ ਪੰਚ, ਦਰਸ਼ਨ ਸਿੰਘ ਢੀਂਡਸਾ ਪ੍ਰਧਾਨ ਭਾਈ ਨਿਗਾਹੀਆ ਸਿੰਘ ਜੀ ਕਮੇਟੀ, ਲਖਵੰਤ ਸਿੰਘ ਦਬੁਰਜੀ ਅਤੇ ਹੋਰ ਸੰਗਤਾਂ ਨੇ ਪੰਥਕ ਅਕਾਲੀ ਲਹਿਰ ਸਮਰਥਨ ਦੇਣ ਦਾ ਐਲਾਨ ਕੀਤਾ,ਯਕੀਨ ਦਵਾਇਆ ਕਿ ਸਾਰਾ ਇਲਾਕਾ ਹਰ ਤਰ੍ਹਾਂ ਉਹਨਾਂ ਦੇ ਉਮੀਦਵਾਰ ਦੀ ਮੱਦਦ ਕਰੇਗਾ।
ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਕਿ ਗੁਰੂ ਸਾਹਿਬਾਨ ਢਾਈ ਸੌ ਸਾਲ ਦੀ ਜੱਦੋ-ਜਹਿਦ ਅਤੇ ਕੁਰਬਾਨੀਆਂ ਤੋਂ ਬਾਅਦ ਜੋ ਸਾਨੂੰ ਪੰਥ ਅਤੇ ਗ੍ਰੰਥ ਦਾ ਸਿਧਾਂਤ ਸੌਂਪ ਕੇ ਗਏ ਸਨ,ਉਸ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਲਗਾਤਾਰ ਬਰਬਾਦ ਕਰੀ ਜਾ ਰਿਹਾ ਹੈ। ਅੱਜ ਉਹ ਵੀ ਸਮਾਂ ਆ ਗਿਆ ਹੈ ਜਦੋਂ ਅਕਾਲ ਤਖਤ ਸਾਹਿਬ ਤੇ ਬੈਠੇ ਪੰਜ ਪਿਆਰਿਆਂ ਨੂੰ ਬਾਦਲ ਦਲੀਆਂ ਨੇ ਜਾ ਕੇ ਕਹਿ ਦਿੱਤਾ ਹੈ ਕਿ ਤੁਸੀਂ ਸਾਡੇ ਮੁਲਾਜ਼ਮ ਹੋ ਅਤੇ ਅਸੀਂ ਤੁਹਾਨੂੰ ਕੱਢ ਸਕਦੇ ਹਾਂ। ਇਸ ਮੌਕੇ ਨਾ ਤਾਂ ਪੰਜ ਪਿਆਰਿਆਂ ਨੇ ਹੀ ਉਹਨਾਂ ਨੂੰ ਜਵਾਬ ਦੇਣ ਦੀ ਜ਼ੁਰਤ ਵਿਖਾਈ ਅਤੇ ਨਾ ਹੀ ਬਾਦਲ ਦਲੀਆਂ ਨੂੰ ਕੋਈ ਸ਼ਰਮ ਆਈ ਜਿਨਾਂ ਨੇ ਗੁਰੂ ਸਾਹਿਬ ਦੇ ਸਰੀਰ ਨੂੰ ਹੀ ਨੌਕਰ ਬਣਾ ਲਿਆ,ਇਹ ਹੁਣ ਕੌਮ ਨੇ ਹੀ ਸੋਚਣਾ ਹੈ ਕਿ ਇਹਨਾਂ ਦਾ ਕੀ ਇਲਾਜ ਕਰਨਾ ਹੈ।
ਬਾਦਲ ਦਲੀਏ ਗੁਰਧਾਮਾਂ ਦੀਆਂ ਜਾਇਦਾਦਾਂ,ਸਰਮਾਇਆ ਅਤੇ ਗੋਲਕਾਂ ਦਾ ਤਾਂ ਪਹਿਲਾਂ ਹੀ ਨਾਸ ਮਾਰ ਰਹੇ ਸਨ ਪਰ ਹੁਣ ਇਹਨਾਂ ਨੇ ਸਿਧਾਂਤਾਂ ਨੂੰ ਤਬਾਹ ਕਰਕੇ ਗੁਰੂ ਸਾਹਿਬ ਦੇ ਸਰੀਰ ਨੂੰ ਹੀ ਨੌਕਰ ਬਣਾ ਲਿਆ ਹੈ।ਇਹ ਕੌਮ ਲਈ ਮਰਨ ਮਿਟਣ ਵਾਲੀ ਗੱਲ ਹੈ ।ਸਿੰਘ ਸਾਹਿਬ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਇਹ ਮੌਕਾ ਹੈ ਕਿ ਇਹਨਾਂ ਨੂੰ ਗੁਰੂ ਘਰ ਦੇ ਪ੍ਰਬੰਧ ਵਿੱਚੋਂ ਬਾਹਰ ਕੱਢਣ ਲਈ ਪੰਥਕ ਅਕਾਲੀ ਲਹਿਰ ਨੂੰ ਸਹਿਯੋਗ ਦੇਣ।
Posted By:

Leave a Reply