ਗਲੋਬਲ ਸਿੱਖ ਕੌਂਸਲ ਨੇ ਦੁਨੀਆਂ ਭਰ ਵਿੱਚ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਇੱਕ ਸੂਤਰ ਵਿੱਚ ਪਰੋਣ ਲਈ ਮੂਲ ਨਾਨਕਸ਼ਾਹੀ ਕੈਲੰਡਰ ਦੇ ਤਿੰਨ ਸੰਸਕਰਣ ਜਾਰੀ ਕੀਤੇ।

ਗਲੋਬਲ ਸਿੱਖ ਕੌਂਸਲ ਨੇ ਦੁਨੀਆਂ ਭਰ ਵਿੱਚ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਇੱਕ ਸੂਤਰ ਵਿੱਚ ਪਰੋਣ ਲਈ ਮੂਲ ਨਾਨਕਸ਼ਾਹੀ ਕੈਲੰਡਰ ਦੇ ਤਿੰਨ ਸੰਸਕਰਣ ਜਾਰੀ ਕੀਤੇ।

ਇੰਗਲੈਂਡ 21 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ 

ਗਲੋਬਲ ਸਿੱਖ ਕੌਂਸਲ (ਜੀਐਸਸੀ) ਵਲੋਂ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਦੁਆਰਾ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਇੱਕ ਹੀ ਤਾਰੀਖ ਨੂੰ ਮਨਾਉਣ ਦੀ ਵੱਧ ਰਹੀ ਮੰਗ ਕਾਰਨ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ। ਇਹ ਕੈਲੰਡਰ, ਸਿੱਖ ਕੈਲੰਡਰ ਮਾਹਿਰਾਂ ਦੀ ਮੱਦਦ ਨਾਲ ਬਹੁਤ ਹੀ ਧਿਆਨਪੂਰਵਕ ਤਿਆਰ ਕੀਤਾ ਗਿਆ ਹੈ, ਜੋ ਸਿੱਖ ਸਮਾਗਮਾਂ ਲਈ ਨਿਸ਼ਚਿਤ ਅਤੇ ਇਤਿਹਾਸਕ ਤੌਰ ‘ਤੇ ਸਹੀ ਤਾਰੀਖਾਂ ਨੂੰ ਯਕੀਨੀ ਬਣਾਉਂਦਾ ਹੈ।ਇਸ ਕੈਲੰਡਰ ਨੂੰ ਜਾਰੀ ਕਰਦਿਆਂ ਗਲੋਬਲ ਸਿੱਖ ਕੌਂਸਲ ਬਹੁਤ ਹੀ ਮਾਣ ਅਤੇ ਖੁਸ਼ੀ ਮਹਿਸੂਸ ਕਰਦੀ ਹੈ।

ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਜੀਐਸਸੀ ਨੇ ਕੈਲੰਡਰ ਦੇ ਤਿੰਨ ਵੱਖ ਵੱਖ ਸੰਸਕਰਣ ਤਿਆਰ ਕੀਤੇ ਹਨ:
1. ਬੱਚਿਆਂ ਲਈ ਇੱਕ ਵਿਸ਼ੇਸ਼ ਕੈਲੰਡਰ – ਸਿੱਖ ਇਤਿਹਾਸ ਬਾਰੇ ਜਾਨਣ ਅਤੇ ਸਿੱਖਣ ਲਈ ਛੋਟੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਰੰਗਦਾਰ ਅਤੇ ਦਿਲਚਸਪੀ ਭਰਪੂਰ ਕੈਲੰਡਰ ਤਿਆਰ ਕੀਤਾ ਗਿਆ ਹੈ।
2. ਇੱਕ ਪੰਨੇ ਦਾ ਕੈਲੰਡਰ – ਆਸਾਨ ਜਾਣਕਾਰੀ ਲਈ ਇੱਕ ਬਹੁਤ ਹੀ ਸਰਲ ਸੰਸਕਰਣ ਹੈ।
3. 15 ਪੰਨਿਆਂ ਦਾ ਪੂਰਾ ਕੈਲੰਡਰ – ਸਿੱਖ ਇਤਿਹਾਸਕ ਤਾਰੀਖਾਂ ਦੀ ਡੂੰਘੀ ਸਮਝ ਲਈ ਇੱਕ ਵਿਸਤ੍ਰਿਤ ਸੰਸਕਰਣ ਹੈ।

ਇਹ ਕੈਲੰਡਰ ਸਾਡੀ ਵੈੱਬਸਾਈਟ: www.globalsikhcouncil.org ‘ਤੇ ਮੁਫ਼ਤ ਡਾਊਨਲੋਡ ਲਈ ਉਪਲਬਧ ਹਨ। ਇਸ ਤੋਂ ਇਲਾਵਾ, ਸਿੱਖ ਗੁਰਦੁਆਰੇ, ਸੰਸਥਾਵਾਂ ਅਤੇ ਵਿਅਕਤੀ ਜੋ ਵੀ ਇਸ ਨੂੰ ਵੰਡਣ ਲਈ ਕਾਪੀਆਂ ਛਾਪਣਾ ਚਾਹੁੰਦੇ ਹਨ, ਉਹ [email protected] ‘ਤੇ ਈਮੇਲ ਕਰਕੇ ਪ੍ਰਿੰਟਿੰਗ ਫਾਈਲ ਦੀ ਬੇਨਤੀ ਕਰ ਸਕਦੇ ਹਨ।

ਜੀਐਸਸੀ ਜਿੱਥੇ ਦੁਨੀਆ ਭਰ ਦੇ ਸਾਰੇ ਸਿੱਖਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਪਣਾਉਣ ਅਤੇ ਪਾਲਣਾ ਕਰਨ ਲਈ ਉਤਸ਼ਾਹਿਤ ਕਰਦੀ ਹੈ ਉਥੇ ਨਾਲ ਹੀ ਸਿੱਖ ਇਤਿਹਾਸਕ ਘਟਨਾਵਾਂ ਨੂੰ ਮਨਾਉਣ ਵਿੱਚ ਇਕਸਾਰਤਾ ਨੂੰ ਯਕੀਨੀ ਵੀ ਬਣਾਉਂਦੀ ਹੈ। ਆਓ ਇੱਕ ਵਿਸ਼ਵਵਿਆਪੀ ਭਾਈਚਾਰੇ ਵਜੋਂ ਇਕੱਠੇ ਹੋਈਏ ਤਾਂ ਜੋ ਆਪਣੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਇਸਨੂੰ ਬਰਕਰਾਰ ਰੱਖਿਆ ਜਾ ਸਕੇ।