ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲ਼ਾ ਨੂੰ ਸਰਕਾਰਾਂ ਨੇ ਮਰਵਾਇਆ
- ਧਾਰਮਿਕ/ਰਾਜਨੀਤੀ
- 13 Feb,2025

ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲ਼ਾ ਨੂੰ ਸਰਕਾਰਾਂ ਨੇ ਮਰਵਾਇਆ
ਦੀਪ ਸਿੱਧੂ’ ਅਤੇ ‘ਸਿੱਧੂ ਮੂਸੇਵਾਲ਼ਾ’ ਨੇ ਨੌਜਵਾਨਾਂ ਦੇ ਦਿਲਾਂ ’ਚ ਆਪਣੀ ਖ਼ਾਸ ਥਾਂ ਬਣਾਈ ਹੋਈ ਹੈ। ਇਹ ਦੋਵੇਂ ਨੌਜਵਾਨ ਇੱਕੋ ਸਾਲ ’ਚ ਚੜ੍ਹਾਈ ਕੀਤੇ ਤੇ ਇਹਨਾਂ ਦੇ ਵਿਛੋੜੇ ਨੇ ਹਰ ਇੱਕ ਦੀਆਂ ਅੱਖਾਂ ਨਮ ਕਰ ਦਿੱਤੀਆਂ। ਜਦੋਂ ਵੀ ‘ਦੀਪ ਸਿੱਧੂ’ ਦੀ ਕਿਤੇ ਗੱਲ ਚਲਦੀ ਹੈ ਤਾਂ ਅਕਸਰ ਹੀ ‘ਸਿੱਧੂ ਮੂਸੇਵਾਲ਼ਾ’ ਦਾ ਜ਼ਿਕਰ ਵੀ ਛਿੜ ਪੈਂਦਾ ਹੈ, ਜਾਂ ‘ਸਿੱਧੂ ਮੂਸੇਵਾਲ਼ਾ’ ਬਾਬਤ ਕੋਈ ਚਰਚਾ ਅਤੇ ਸਰਗਰਮੀ ਹੋ ਰਹੀ ਹੋਵੇ ਤਾਂ ਓਥੇ ‘ਦੀਪ ਸਿੱਧੂ’ ਦਾ ਨਾਮ ਵੀ ਵਾਰ-ਵਾਰ ਆਉਂਦਾ ਹੈ। ਕਈ ਥਾਂਈਂ ਦੋਵਾਂ ਦੀਆਂ ਤਸਵੀਰਾਂ ਇਕੱਠੀਆਂ ਵੇਖਣ ਨੂੰ ਮਿਲ਼ਦੀਆਂ ਹਨ, ਲੋਕ ਦੋਵਾਂ ਪ੍ਰਤੀ ਇੱਕੋ ਜਿਹਾ ਪਿਆਰ ਅਤੇ ਦਰਦ ਰੱਖਦੇ ਹਨ। ਆਖ਼ਰ ਇਹ ਦੋਵੇਂ ਸੀ ਤਾਂ ਪੰਜਾਬ ਦੇ ਪੁੱਤ ਹੀ! ਤੇ ਪੰਜਾਬ ਦੀ ਮਿੱਟੀ ਪ੍ਰਤੀ ਬੇਹੱਦ ਮੋਹ ਰੱਖਦੇ ਸਨ।
ਆਖ਼ਰ ਇਹਨਾਂ ਦੋਵਾਂ ਨੂੰ ਲੋਕਾਈ ਪਿਆਰ ਕਿਉਂ ਕਰਦੀ ਹੈ ? ਇਹ ਆਮ ਗਾਇਕਾਂ ਜਾਂ ਅਦਾਕਾਰਾਂ ਵਾਂਗ ਕੇਵਲ ਗਾਉਂਦੇ ਜਾਂ ਫ਼ਿਲਮਾਂ ਹੀ ਨਹੀਂ ਸਨ ਬਣਾਉਂਦੇ ਬਲਕਿ ਆਪਣੇ ਪੰਥ ਅਤੇ ਪੰਜਾਬ ਪ੍ਰਤੀ ਸਨੇਹ ਵੀ ਰੱਖਦੇ ਸਨ ਤੇ ਹੱਕ ਅਤੇ ਅਜ਼ਾਦੀ ਦੀ ਗੱਲ ਵੀ ਠੋਕ-ਵਜਾ ਕੇ ਕਰਦੇ ਸਨ। ਤਾਂ ਹੀ ਤਾਂ ਦੋਹਾਂ ਨੂੰ ਸਰਕਾਰਾਂ, ਏਜੰਸੀਆਂ ਅਤੇ ਵਿਰੋਧੀਆਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਇਹ ਦੋਵੇਂ ਨੌਜਵਾਨ ਪੰਜਾਬ ਕੋਲ਼ੋਂ ਖੋਹ ਲਏ। ਦੋਵਾਂ ਨੌਜਵਾਨਾਂ ਦੀ ਗੱਲ ਵੱਡੇ ਪੱਧਰ ’ਤੇ ਸੁਣੀ ਜਾਂਦੀ ਸੀ ਜਿਸ ਕਾਰਨ ਸਰਕਾਰਾਂ ਬੁਖ਼ਲਾਹਟ ਵਿੱਚ ਸਨ। ਇੱਕ ਨੂੰ ਸੜਕ ਹਾਦਸੇ ’ਚ ਤੇ ਦੂਜੇ ਨੂੰ ਗੋਲ਼ੀਆਂ ਨਾਲ਼ ਮਰਵਾ ਦਿੱਤਾ।
ਸਾਡਾ ਦੁਸ਼ਮਣ ਬੜਾ ਮੱਕਾਰ, ਸ਼ਾਤਰ, ਅਹਿਸਾਨ-ਫਰਾਮੋਸ਼, ਨਿਰਦਈ ਅਤੇ ਅਕ੍ਰਿਤਘਣ ਹੈ। ਜਦੋਂ ਵੀ ਸਾਡੀ ਕੌਮ ਦਾ ਕੋਈ ਨੌਜਵਾਨ ਸਿਰ ਚੁੱਕਦਾ ਹੈ, ਨਿੱਖਰ ਕੇ ਸਾਹਮਣੇ ਆਉਂਦਾ ਹੈ, ਕੌਮੀ ਅਜ਼ਾਦੀ ਦੀ ਗੱਲ ਕਰਦਾ ਹੈ ਅਤੇ ਪੰਜਾਬ ਨਾਲ਼ ਹੋ ਰਹੇ ਧੱਕਿਆਂ, ਵਿਤਕਰਿਆਂ ਤੇ ਬੇਇਨਸਾਫ਼ੀਆਂ ਵਿਰੁੱਧ ਸੰਘਰਸ਼ਸ਼ੀਲ ਹੁੰਦਾ ਹੈ ਤਾਂ ਸਰਕਾਰਾਂ ਉਸੇ ਸਮੇਂ ਫੰਨ੍ਹ ਚੁੱਕ ਲੈਂਦੀਆਂ ਹਨ ਤੇ ਉਸ ਨੂੰ ਡੰਗਣ ਲਈ ਜਾਲ਼ ਵਿਛਾਉਣਾ ਸ਼ੁਰੂ ਕਰ ਦਿੰਦੀਆਂ ਹਨ। ਸਾਡੇ ਤੋਂ ਭਾਵੇਂ ਸਮੇਂ ਸਿਰ ਸਹੀ ਪਛਾਣ ਨਾ ਹੋਵੇ, ਪਰ ਸਾਡਾ ਦੁਸ਼ਮਣ ਸਮੇਂ ਤੋਂ ਪਹਿਲਾਂ ਹੀ ਸਹੀ ਪਛਾਣ ਕਰ ਕੇ ਉਸ ਨੂੰ ਮੌਤ ਦੇ ਮੂੰਹ ’ਚ ਧੱਕ ਦਿੰਦਾ ਹੈ। ਭਾਣਾ ਵਾਪਰਨ ਮਗਰੋਂ ਅਸੀਂ ਸਿਰਫ਼ ਸ਼ਰਧਾਂਜਲੀਆਂ ਦੇਣ ਜੋਗੇ ਰਹਿ ਜਾਂਦੇ ਹਾਂ ਤੇ ਹੰਝੂਆਂ ਨੂੰ ਸੰਘਰਸ਼ ਦਾ ਸੈਲਾਬ ਵੀ ਨਹੀਂ ਬਣਾ ਪਾਉਂਦੇ।
ਜੇਕਰ ਕੌਮੀ ਯੋਧੇ ਭਾਈ ਸੰਦੀਪ ਸਿੰਘ ‘ਦੀਪ ਸਿੱਧੂ’ ਦੀ ਗੱਲ ਕਰੀਏ ਤਾਂ ਉਹ ਲੰਡਨ ਤੋਂ ਵਕਾਲਤ ਕਰ ਕੇ ਆਇਆ ਸੀ ਅਤੇ ਫਿਲਮੀ ਨਗਰੀ ਦਾ ਇੱਕ ਸਮਰੱਥ ਅਦਾਕਾਰ ਸੀ। ‘ਕੋਰੋਨਾ ਕਾਲ’ ਵੇਲ਼ੇ ਉਸ ਨੇ ਸੋਸ਼ਲ ਮੀਡੀਆ ਉੱਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ। ਫਿਰ ਜਦ ਅਚਾਨਕ ‘ਕਿਸਾਨ ਸੰਘਰਸ਼’ ਦੌਰਾਨ ਉਹ ਪਹਿਲੀ ਵਾਰ ਸ਼ੰਭੂ ਮੋਰਚੇ ’ਚ ਗਰਜਿਆ ਤਾਂ ਉਸ ਦੀ ਦਮਦਾਰ ਤਕਰੀਰ ਅਤੇ ਚੁੰਬਕੀ ਸ਼ਖ਼ਸੀਅਤ ਨੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ ਤੇ ਹੁਣ ਉਹ ਇੱਕ ਨਵੇਂ ਰੂਪ ਅਤੇ ਅੰਦਾਜ ’ਚ ਸਾਡੇ ਸਭ ਦੇ ਸਾਹਮਣੇ ਸੀ। ਸ਼ੰਭੂ ਮੋਰਚੇ ਤੋਂ ਲੈ ਕੇ ਦਿੱਲੀ ਕਿਸਾਨ ਮੋਰਚੇ ਤਕ ਉਹ ਹਰ ਦਿਨ ਚਰਚਾ ਵਿੱਚ ਰਿਹਾ ਤੇ ਦੀਪ ਦੀ ਅਗਵਾਈ ’ਚ ਨੌਜਵਾਨਾਂ ਨੇ ਇੱਕ ਨਵੀਂ ਅੰਗੜਾਈ ਲਈ ਤੇ ਪੰਜਾਬ ਦੇ ਲੋਕ ਦਿੱਲੀ ਜਿੱਤਣ ਨੂੰ ਤੁਰ ਪਏ।
ਦੀਪ ਨੇ ਕਿਹਾ ਕਿ ‘ਇਹ ਸਾਡੀ ਹੋਂਦ ਦੀ ਲੜਾਈ ਹੈ, ਪਛਾਣ ਦੀ ਲੜਾਈ ਹੈ’। ਉਸ ਨੇ ‘ਹਮ ਰਾਖਤ ਪਾਤਿਸਾਹੀ ਦਾਵਾ’ ਦਾ ਮੁੜ ਬਿਗਲ ਵਜਾਇਆ ਤੇ ਸੰਘਰਸ਼ ਪ੍ਰਚੰਡ ਕਰ ਦਿੱਤਾ। ਉਹ ਸਹਿਜੇ ਹੀ ਨੌਜਵਾਨੀ ਦਾ ਨਾਇਕ ਬਣ ਗਿਆ, ਕਿਸਾਨ ਸੰਘਰਸ਼ ਦੇ ਮੁੱਖ ਚਿਹਰੇ ਵਜੋਂ ਉਭਰ ਆਇਆ, ਉਸ ਨੇ ਕਿਸਾਨੀ ਸੰਘਰਸ਼ ਦੀ ਵੱਡੀ ਵਿਆਖਿਆ ਕੀਤੀ ਅਤੇ ਭਾਰਤੀ ਬਿਰਤਾਂਤ ਦੇ ਸਾਹਮਣੇ ਸਿੱਖ ਬਿਰਤਾਂਤ ਖੜ੍ਹਾ ਕੀਤਾ। ‘ਦੀਪ ਸਿੱਧੂ’ ਵਿੱਚ ਐਨੀ ਤਾਕਤ, ਸਮਰੱਥਾ ਅਤੇ ਦਿੜ੍ਹਤਾ ਸੀ ਕਿ ਉਹ ਇੱਕੋਂ ਸਮੇਂ ਹੀ ਦਿੱਲੀ ਦਰਬਾਰ, ਮੋਦੀ ਸਰਕਾਰ, ਭਗਵੇਂ ਬ੍ਰਿਗੇਡ, ਕਾਮਰੇਡਾਂ ਅਤੇ ਅਖੌਤੀ ਕਿਸਾਨ ਯੂਨੀਅਨਾਂ ਨੂੰ ਡਟਵੀਂ ਟੱਕਰ ਦੇ ਗਿਆ। ‘ਦੀਪ ਸਿੱਧੂ’ ਦਾ ਮੋਰਚਾ ਕਿਸਾਨੀ ਸੰਘਰਸ਼ ਦੀ ਰੂਹ ਸੀ ਜੋ ਨੌਜਵਾਨਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਖਿੱਚ ਕੇ ਲਿਆ ਰਿਹਾ ਸੀ ਤੇ ਇਹ ਨੌਜਵਾਨ ਹੀ ਕਿਸਾਨ ਸੰਘਰਸ਼ ਦੀ ਰੀੜ ਦੀ ਹੱਡੀ ਸਨ।
ਜਦੋਂ ਲਾਲ ਕਿਲ੍ਹੇ ਉੱਤੇ ਖ਼ਾਲਸਾਈ ਝੰਡਾ (ਨਿਸ਼ਾਨ ਸਾਹਿਬ) ਝੁੱਲਿਆ ਤਾਂ ਦੀਪ ਨੇ ਵੀ ਇਹਨਾਂ ਇਤਿਹਾਸਕ ਪਲਾਂ ਨੂੰ ਮਾਣਿਆ ਅਤੇ ਉਸ ਨੇ ‘ਝੂਲਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ’ ਆਖਦਿਆਂ ਇਸ ਕਾਰਵਾਈ ਨੂੰ ਪ੍ਰਵਾਨਗੀ ਦਿੱਤੀ ਤੇ ਸਿੱਖ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿੱਖਾਂ ਅਤੇ ਪੰਜਾਬ ਦੀ ਜਿੱਤ ਵਜੋਂ ਪ੍ਰਚਾਰਿਆ। ਇਸ ਸੁਨਹਿਰੇ ਵਰਤਾਰੇ ਮਗਰੋਂ ਦੀਪ ਨੂੰ ਢਾਈ ਮਹੀਨੇ ਲਈ ਜੇਲ੍ਹ ਜਾਣਾ ਪਿਆ ਪਰ ਉਹ ਝੁਕਿਆ, ਲਿਫ਼ਿਆ ਤੇ ਵਿਕਿਆ ਨਹੀਂ ਸਗੋਂ ਆਪਣੇ ਨਿਸ਼ਾਨੇ ਪ੍ਰਤੀ ਹੋਰ ਦ੍ਰਿੜ ਹੁੰਦਾ ਗਿਆ। ਫਿਰ ਦੀਪ ਨੇ ਪਿੰਡਾਂ ਦੀਆਂ ਸੱਥਾਂ ’ਚ ਵਿਚਰ ਕੇ ਆਪਣੇ ਲੋਕਾਂ ਨੂੰ ਜਗਾਉਣ ਲਈ ਧੂੰਆਂਧਾਰ ਪ੍ਰਚਾਰ ਕੀਤਾ ਤੇ ਸਰਕਾਰਾਂ ਨੂੰ ਮੂਧੇ-ਮੂੰਹ ਸੁੱਟਿਆ ਤੇ ਆਖ਼ਰ ਤਿੰਨ ਕਾਲ਼ੇ ਖੇਤੀ ਕਨੂੰਨ ਰੱਦ ਹੋਏ ਤੇ ਮੋਰਚਾ ਜਿੱਤਿਆ ਗਿਆ ਜਿਸ ਦਾ ਸਿਹਰਾ ‘ਦੀਪ ਸਿੱਧੂ’ ਨੂੰ ਹੀ ਜਾਂਦਾ ਹੈ।
ਦੀਪ ਸਿੱਧੂ ਕਹਿੰਦਾ ਸੀ ਕਿ ‘ਸਾਨੂੰ ਆਪਣੇ ਜਰਨੈਲਾਂ ਅਤੇ ਦੁਸ਼ਮਣਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ’। ਉਸ ਨੇ ਖੁਦ ਵੀ ਆਪਣੀ ਕੌਮ ਦੇ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਦੀ ਪਹਿਚਾਣ ਕਰ ਲਈ ਸੀ ਤੇ ਉਹ ਭਾਰਤੀ ਸਟੇਟ ਨੂੰ ਆਪਣਾ ਦੁਸ਼ਮਣ ਸਮਝਣ ਲਗ ਪਿਆ ਸੀ। ਜਦ ਵਿਧਾਨ ਸਭਾ ਦੀਆਂ ਚੋਣਾਂ ’ਚ ਦੀਪ ਨੇ ਸ. ਸਿਮਰਨਜੀਤ ਸਿੰਘ ਮਾਨ ਲਈ ਅਮਰਗੜ੍ਹ ਇਲਾਕੇ ’ਚ ਪ੍ਰਚਾਰ ਕੀਤਾ ਤਾਂ ਜਵਾਨੀ ਉਸ ਵੱਲ ਉੱਲਰ ਗਈ ਤੇ ਹਾਸ਼ੀਏ ਉੱਤੇ ਧੱਕੀ ਪਾਰਟੀ ਉਸ ਨੇ ਚਰਚਿਤ ਪਾਰਟੀਆਂ ਦੇ ਬਰਾਬਰ ਲਿਆ ਦਿੱਤੀ। ਉਸ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ, ਜੁਝਾਰੂ ਸਿੰਘਾਂ, ਖ਼ਾਲਿਸਤਾਨ, ਸਿੱਖੀ ਅਤੇ ਪੰਜਾਬ ਦੀਆਂ ਖੁੱਲ੍ਹ ਕੇ ਬਾਤਾਂ ਪਾਈਆਂ ਜੋ ਰੂਹਾਨੀਅਤ ਨਾਲ਼ ਭਰਪੂਰ ਸਨ। ਜਦ ਦੀਪ ਨੇ ਇੱਕ ਹੱਥ ’ਚ ਕਿਰਪਾਨ ਅਤੇ ਦੂਜੇ ’ਚ ਝਾੜੂ ਫੜ ਕੇ ਲੋਕਾਂ ਨੂੰ ਹਲੂਣਿਆ ਤਾਂ ਬਣੇ ਹੋਏ ਸਿਆਸੀ ਸਮੀਕਰਨ ਹੀ ਹਿੱਲ ਗਏ। ਦੀਪ ਵਿੱਚ ਐਨੀ ਰਫ਼ਤਾਰ ਸੀ ਕਿ ਉਹ ਸਾਰੇ ਚਿੰਤਕਾਂ, ਬੁੱਧੀਜੀਵੀਆਂ, ਵਿਸ਼ਲੇਸ਼ਕਾਂ ਅਤੇ ਸਿਆਸੀ ਮਾਹਰਾਂ ਨੂੰ ਗ਼ਲਤ ਸਾਬਤ ਕਰ ਗਿਆ। ਉਸ ਨੇ ਪੰਥ ਅਤੇ ਪੰਜਾਬ ਦੀ ਸਿਆਸਤ ਦੇ ਖੜ੍ਹੇ ਪਾਣੀ ’ਚ ਪੱਥਰ ਮਾਰ ਕੇ ਸਿਆਸੀ ਹਲਚਲ ਪੈਦਾ ਕਰ ਦਿੱਤੀ, ਇੱਕ ਸੁਨਾਮੀ ਛੇੜ ਦਿੱਤੀ ਜਿਸ ਕਾਰਨ ਵਿਰੋਧੀਆਂ ’ਚ ਹਾਹਾਕਾਰ ਮੱਚ ਗਈ, ਉਸ ਦਾ ਜਲਵਾ ਵੇਖ ਕੇ ਹਿੰਦ ਸਟੇਟ ਵੀ ਘਾਬਰ ਗਈ।
ਪਰ ਕੁਝ ਦਿਨਾਂ ਬਾਅਦ 15 ਫਰਵਰੀ 2022 ਨੂੰ ਦਿੱਲੀ ਤੋਂ ਪੰਜਾਬ ਵਾਪਸ ਆਉਂਦਿਆ ਸਾਡੇ ਪੰਥ ਦਾ ਪਿਆਰਾ ਅਤੇ ਪੰਜਾਬ ਦਾ ਦੁਲਾਰਾ ‘ਦੀਪ ਸਿੱਧੂ’ ਸਰੀਰਕ ਰੂਪ ’ਚ ਸਾਥੋਂ ਵਿਛੜ ਗਿਆ। ਸਰਕਾਰਾਂ ਅਤੇ ਏਜੰਸੀਆਂ ਨੇ ਉਸ ਨੂੰ ਸੜਕ ਹਾਦਸੇ ਰਾਹੀਂ ਮਾਰ ਕੇ ਆਪਣਾ ਕੰੰਮ ਕਰ ਲਿਆ। ਦੀਪ ਇੱਕ ਇਤਿਹਾਸ ਬਣ ਗਿਆ, ਦੀਪ ਦੀ ਰੌਸ਼ਨੀ ਸਾਨੂੰ ਰਾਹ ਵਿਖਾ ਰਹੀ ਹੈ, ਦੀਪ ਨੂੰ ਸਾਡਾ ਵਾਰ-ਵਾਰ ਪ੍ਰਣਾਮ ਹੈ, ਸਮੁੱਚੀ ਕੌਮ ਉਸ ਤੋਂ ਵਾਰੇ-ਵਾਰੇ ਜਾਂਦੀ ਹੈ, ਵਰਲਡ ਸਿੱਖ ਪਾਰਲੀਮੈਂਟ ਸਮੇਤ ਵਿਦੇਸ਼ਾਂ ਦੀਆਂ 209 ਗੁਰਦੁਆਰਾ ਕਮੇਟੀਆਂ ਵੱਲੋਂ ‘ਦੀਪ ਸਿੱਧੂ’ ਨੂੰ ਕੌਮੀ ਯੋਧਾ ਐਲਾਨਿਆ ਗਿਆ। ਇਹ ਉਸ ਦੀ ਕਮਾਈ ਹੈ, ਪੰਥ ਅਤੇ ਪੰਜਾਬ ਪ੍ਰਤੀ ਵਫ਼ਾਦਾਰੀ ਦਾ ਹੀ ਇਹ ਸਬੂਤ ਸੀ ਕਿ ਉਸ ਦੇ ਅਰਦਾਸ ਸਮਾਗਮ ’ਚ ਲੱਖਾਂ ਦਾ ਇਕੱਠ ਹੋਇਆ ਤੇ ਉਹ ਪੰਜਾਬ ਦਾ ਵਾਰਸ ਹੋ ਨਿਬੜਿਆ।
ਸ਼ੁੱਭਦੀਪ ਸਿੰਘ ‘ਸਿੱਧੂ ਮੂਸੇਵਾਲ਼ਾ’ ਨੇ ਵੀ ਆਪਣੇ ਇੱਕ ਗੀਤ ’ਚ ‘ਦੀਪ ਸਿੱਧੂ’ ਦਾ ਜ਼ਿਕਰ ਕੀਤਾ ਤੇ ਉਹ ਅਕਸਰ ਹੀ ਦੀਪ ਦੀਆਂ ਤਕਰੀਰਾਂ ਵੀ ਸੁਣਦਾ ਸੀ ਅਤੇ ਦੀਪ ਦੇ ਚਲਾਣੇ ਪਿੱਛੋਂ ਭੁੱਬਾਂ ਮਾਰ ਰੋਇਆ ਸੀ। ਸਿੱਧੂ ਮੂਸੇਵਾਲ਼ਾ ਨੂੰ ਪਤਾ ਸੀ ਕਿ ਦੀਪ ਨੂੰ ਗਵਾ ਕੇ ਪੰਜਾਬ ਨੇ ਕੀ ਗਵਾਇਆ ਹੈ! ਉਹ ਉਸ ਦੀ ਸ਼ਖ਼ਸੀਅਤ ਤੋਂ ਬਾਖ਼ੂਬੀ ਜਾਣੂੰ ਸੀ। ਮੂਸੇਵਾਲ਼ਾ ਨੂੰ ਅਹਿਸਾਸ ਹੋ ਗਿਆ ਸੀ ਕਿ ਜੋ ਦੀਪ ਨਾਲ਼ ਵਾਪਰਿਆ ਹੈ ਅਜਿਹਾ ਉਸ ਨਾਲ਼ ਵੀ ਸਰਕਾਰਾਂ ਅਤੇ ਵਿਰੋਧੀਆਂ ਵੱਲੋਂ ਵਪਰਾਇਆ ਜਾ ਸਕਦਾ ਹੈ। ਸੰਦੀਪ ਸਿੰਘ ‘ਦੀਪ ਸਿੱਧੂ’ ਤੋਂ ਸੇਧ ਲੈਂਦਿਆਂ ‘ਸਿੱਧੂ ਮੂਸੇਵਾਲ਼ਾ’ ਨੇ ਵੀ ਖ਼ਾਲਿਸਤਾਨੀ ਜਰਨੈਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਲਈ ਹਮਾਇਤ ਕਰ ਦਿੱਤੀ ਸੀ ਪਰ ਅਗਲੇ ਦਿਨ ਹੀ 29 ਮਈ 2022 ਨੂੰ ‘ਸਿੱਧੂ ਮੂਸੇਵਾਲ਼ਾ’ ਗੋਲ਼ੀਆਂ ਦਾ ਨਿਸ਼ਾਨਾ ਬਣ ਗਿਆ। ਸਰਕਾਰਾਂ ਨੂੰ ਪੰਥਕ ਅਵਾਜ਼ਾਂ ਬਰਦਾਸ਼ਤ ਨਹੀਂ ਹਨ, ਉਹਨਾਂ ਨੂੰ ਅਣਖ਼ੀਲੇ ਪੰਜਾਬੀ ਨੌਜਵਾਨ ਚੁੱਭਦੇ ਹਨ। ਸਿੱਧੂ ਮੂਸੇਵਾਲ਼ਾ ਦੇ ਕਤਲ ਨੂੰ ਗੈਂਗਸਟਰਾਂ ਤਕ ਸੀਮਤ ਕਰ ਦੇਣਾ ਸਿਰੇ ਦੀ ਚਲਾਕੀ ਹੈ। ਸਟੇਟ ਕਿਵੇਂ ਕੰਮ ਕਰਦੀ ਹੈ ਇਸ ਨੂੰ ਸਮਝਣ ਦੀ ਲੋੜ ਹੈ।
ਸਿੱਧੂ ਮੂਸੇਵਾਲ਼ਾ ਨੂੰ ਕਿਉਂ ਮਾਰਿਆ ਗਿਆ ? ਇਸ ਦੀ ਪੜਚੋਲ ਕਰਨੀ ਬਣਦੀ ਹੈ। ਉਹ ਸਰਕਾਰ ਦੀਆਂ ਅੱਖਾਂ ’ਚ ਕਿਉਂ ਰੜਕਦਾ ਸੀ ? ਉਸ ਨੂੰ ਮਾਰ ਕੇ ਸਰਕਾਰ ਨੂੰ ਕੀ ਹਾਸਲ ਹੋਇਆ! ਇਹ ਗੱਲ ਯਾਦ ਰੱਖੋ ਕਿ ਸਰਕਾਰ ਨੇ ਇੱਕ ਉੱਚੀ ਕੋਟੀ ਦੇ ਗਾਇਕ ਨੂੰ ਹੀ ਨਹੀਂ ਮਾਰਿਆ ਸਗੋਂ ਪੰਜਾਬ ਦੇ ਇੱਕ ਵਫ਼ਾਦਾਰ ਅਤੇ ਹੋਣਹਾਰ ਪੁੱਤ ਨੂੰ ਮਾਰਿਆ ਹੈ ਜਿਸ ਦੇ ਬੋਲਾਂ ਵਿੱਚ ਅਣਖ਼, ਦਲੇਰੀ ਅਤੇ ਜ਼ੁਰਅਤ ਸੀ।
ਜਦੋਂ ‘ਸਿੱਧੂ ਮੂਸੇਵਾਲ਼ਾ’ ਆਪਣੀ ਬੇਬਾਕ ਆਵਾਜ਼ ’ਚ ਗਾਉਂਦਾ ਸੀ ਕਿ, “ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨੀਂ, ਧੱਕੇ ਨਾਲ਼ ਜਿੰਨੇ ਦੱਬ ਲਉਗੇ ਕਸ਼ਮੀਰ ਦੇ ਵਰਗਾ ਨੀਂ, ਏ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ।” ਤਾਂ ਉਸ ਦੇ ਇਹਨਾਂ ਬੋਲਾਂ ਨੂੰ ਹਿੰਦ ਸਟੇਟ ਕਿਵੇਂ ਸਹਾਰ ਸਕਦੀ ਸੀ! ਇਸ ਗਾਣੇ ਦੀ ਵੀਡੀਓ ’ਚ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੀ ਵੀਡੀਓ ਵੀ ਵਿਖਾਈ ਗਈ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀਆਂ ਸਿਫ਼ਤਾਂ ਵੀ ਕੀਤੀਆਂ ਗਈਆਂ, ਕਿਸਾਨੀ ਸੰਘਰਸ਼ ਦੀ ਧੜੱਲੇ ਨਾਲ਼ ਹਮਾਇਤ ਕੀਤੀ ਗਈ, ਦਿੱਲੀ ਨੂੰ ਅਠਾਰ੍ਹਵੀਂ ਸਦੀ ਦੇ ਸਿੰਘਾਂ-ਸੂਰਮਿਆਂ ਵੱਲੋਂ ਨੱਪਣ ਅਤੇ ਜਿੱਤਣ ਦੀ ਗੱਲ ਕਰਦਿਆਂ ਮੁੜ ਤੋਂ ਚੜ੍ਹ ਕੇ ਆਉਣ ਦਾ ਸੁਨੇਹਾ ਦਿੱਤਾ ਗਿਆ, ਪੰਜਾਬ ਦੀ ਤਾਸੀਰ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਪੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲ਼ਾ ਨੂੰ ਲੱਖਾਂ ਨਹੀਂ, ਬਲਕਿ ਕਰੋੜਾਂ ਲੋਕ ਸੁਣਦੇ ਸਨ, ਸੰਸਾਰ ਭਰ ’ਚ ਉਸ ਦੇ ਪ੍ਰਸ਼ੰਸਕ-ਸ੍ਰੋਤੇ ਬੈਠੇ ਸਨ। ਉਹ ਆਪਣੇ ਗੀਤਾਂ ’ਚ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਗੱਲ ਕਰਦਾ ਸੀ। ਉਸ ਦੇ ‘ਪੰਜਾਬ’ ਨਾਮੀ ਗਾਣੇ ਦੀ ਸ਼ੁਰੂਆਤ ਵਿੱਚ ਧਰਮ ਯੁੱਧ ਮੋਰਚੇ ਦੇ ਸੰਘਰਸ਼ਸ਼ੀਲ ਸਿੱਖ ਆਗੂ ਸ. ਭਰਪੂਰ ਸਿੰਘ ਬਲਬੀਰ ਦੀ ਤਕਰੀਰ ਦੇ ਬੋਲ ਚੱਲਦੇ ਹਨ ਕਿ “ਅਸੀਂ ਪੰਜਾਬ ਦੀ ਗੱਲ ਕਿਉਂ ਨਾ ਕਰੀਏ! ਅਸੀਂ ਮਾਲ਼ਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ੍ਰੀ ਮੁਖਵਾਕ ਭਨਿਓ ਗਰੀਬ ਨਿਵਾਜ਼। ਸ਼ਸਤ੍ਰਨ ਕੇ ਅਧੀਨ ਹੈ ਰਾਜ। ਰਾਜ ਬਿਨਾ ਨਹਿ ਧਰਮ ਚਲੇ ਹੈਂ। ਧਰਮ ਬਿਨਾਂ ਸਭ ਦਲੇਂ ਮਲੇਂ ਹੈ।” ਉਸ ਦੇ ਗੀਤਾਂ ’ਚ ਸਾਡੀ ਕੌਮ ਦੀ ਅਜ਼ਾਦੀ ਭਾਵ ਖ਼ਾਲਿਸਤਾਨ ਦੀ ਗੱਲ ਸੀ, ਸ਼ਸਤਰਾਂ-ਹਥਿਆਰਾਂ ਅਤੇ ਸ਼ਹੀਦਾਂ-ਸੂਰਮਿਆਂ ਦੀ ਗੱਲ ਸੀ।
ਐੱਸ.ਵਾਈ.ਐੱਲ. ਗਾਣੇ ’ਚ ‘ਸਿੱਧੂ ਮੂਸੇਵਾਲ਼ਾ’ ਦੇ ਬੋਲ ਹਨ ਕਿ:-
“ਓ ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ,
ਓ ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ,
ਓ ਜਿੰਨਾ ਚਿਰ ਸਾਨੂੰ ‘ਸੌਵਰਨਟੀ’ ਦਾ ਰਾਹ ਨਹੀਂ ਦਿੰਦੇ,
ਓਨਾ ਚਿਰ ਪਾਣੀ, ਛੱਡੋ ਤੁਪਕਾ ਨੀਂ ਦਿੰਦੇ।”
ਇੱਥੇ ਉਹ ਮਹਾਂ-ਪੰਜਾਬ ਦੀ ਗੱਲ ਕਰਦਾ ਹੈ, 1947 ਅਤੇ 1966 ’ਚ ਵੰਡੇ ਪੰਜਾਬ ਦੀ ਗੱਲ ਕਰਦਾ ਹੈ, ਉਹ ਪੰਜਾਬੀ ਬੋਲਦੇ ਇਲਾਕਿਆਂ ਨੂੰ ਵਾਪਸ ਪੰਜਾਬ ਨੂੰ ਦੇਣ ਦੀ ਗੱਲ ਕਰਦਾ ਹੈ, ਰਾਜਧਾਨੀ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ। ਉਹ ਪੰਜਾਬ ਦੀ ਅਜ਼ਾਦੀ-ਪ੍ਰਭੂਸੱਤਾ ਅਤੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਹੈ ਕਿ ਇਹ ਸਾਡਾ ਹੱਕ ਹੈ ਤੇ ਅਸੀਂ ਸਤਲੁਜ-ਯਮੁਨਾ ਲਿੰਕ ਨਹਿਰ ਨਹੀਂ ਬਣਨ ਦਿਆਂਗੇ। ਸਿੱਧੂ ਮੂਸੇਵਾਲ਼ਾ ਵੀ ਸਮਝ ਗਿਆ ਸੀ ਕਿ ਖ਼ਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਗੁਜਾਰਾ ਨਹੀਂ, ਖ਼ਾਲਿਸਤਾਨ ਸਿੱਖਾਂ ਅਤੇ ਪੰਜਾਬੀਆਂ ਦੀ ਲੋੜ ਹੈ। ਸਿੱਖਾਂ ਦਾ ਇਸ਼ਟ, ਧਰਮ, ਬੋਲੀ, ਸੱਭਿਆਚਾਰ ਅਤੇ ਪਹਿਰਾਵਾ ਖ਼ਾਲਿਸਤਾਨ ਬਣਨ ’ਤੇ ਹੀ ਸੁਰੱਖਿਅਤ ਰਹਿ ਸਕਦਾ ਹੈ।
“ਓ ਕੌਣ ਸੀ ਅੱਤ ਤੇ ਅੱਤਵਾਦੀ ਗਵਾਹੀ ਦੇ ਦਿਓ,
ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ,
ਓ ਜਿੰਨਾ ਚਿਰ ਸਾਡੇ ਹੱਥੋਂ ਹੱਥਕੜੀਆਂ ਲਾਹ ਨੀਂ ਦਿੰਦੇ,
ਓਨਾ ਚਿਰ ਪਾਣੀ ਛੱਡੋ ਤੁਪਕਾ ਨੀਂ ਦਿੰਦੇ।”
ਉੱਪਰਲੀਆਂ ਸਤਰਾਂ ’ਚ ‘ਸਿੱਧੂ ਮੂਸੇਵਾਲ਼ਾ’ ਹਿੰਦ ਸਰਕਾਰ ਨੂੰ ਕਹਿੰਦਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲ਼ੀ ਸਿੱਖ ਕੌਮ ਨੂੰ ਤੁਸੀਂ ਅੱਤਵਾਦੀ ਆਖਦੇ ਓ, ਜਦਕਿ ਅੱਤਵਾਦੀ ਤਾਂ ਹਿੰਦ ਸਰਕਾਰ ਹੈ ਜਿਸ ਨੇ ਸਾਡੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ-ਤੋਪਾਂ ਨਾਲ਼ ਢਾਹਿਆ, ਦਿੱਲੀ ’ਚ ਸਾਡੀ ਨਸਲਕੁਸ਼ੀ ਕੀਤੀ, ਪੰਜਾਬ ’ਚ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ’ਚ ਮਾਰਿਆ ਤੇ ਜੁਝਾਰੂ ਸਿੰਘਾਂ ਨੂੰ ਬੰਦੀ ਬਣਾ ਲਿਆ ਤੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਜਾ ਰਹੀ। ਉਹ ਹਿੰਦੂ ਸਾਮਰਾਜ ਨੂੰ ਵੰਗਾਰਦਾ ਹੈ ਕਿ ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਹੱਥਕੜੀਆਂ ਲਾਹੀਆਂ ਜਾਣ, ਉਹਨਾਂ ਦੇ ਵੀ ਤਾਂ ਮਨੁੱਖੀ ਹੱਕ ਹਨ। ਸਰਕਾਰ ਸਾਡੇ ਪਾਣੀ ਲੁੱਟਣ ਨੂੰ ਕਾਹਲੀ ਹੈ ਪਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ ? ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈੜਾ ਆਦਿ 25-30 ਸਾਲਾਂ ਤੋਂ ਜੇਲ੍ਹਾਂ ’ਚ ਨਜ਼ਰਬੰਦ ਹਨ।
“ਓ ਵੱਡਾ ਸੋਚ ਤੂੰ ਵੱਡਾ, ਨੀਅਤ ਛੋਟੀ ਵਾਲ਼ਿਆ,
ਕਿਉਂ ਪੱਗਾਂ ਨਾਲ਼ ਖਹਿੰਨਾ ਫਿਰਦਾਂ ਟੋਪੀ ਵਾਲ਼ਿਆ,
ਓ ਮੂਸੇਵਾਲ਼ਾ ਬਿਨਾਂ ਮੰਗਿਉਂ ਸਲਾਹ ਨੀਂ ਦਿੰਦੇ,
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ।”
ਸਿੱਧੂ ਮੂਸੇਵਾਲ਼ਾ ਫਿਰ ਉਹਨਾਂ ਟੋਪੀ ਵਾਲ਼ਿਆਂ ਭਾਵ ਹਿੰਦੂ ਹਾਕਮਾਂ ਤੇ ਫ਼ਿਰਕੂ ਹਿੰਦੁਤਵੀਆਂ ਨੂੰ ਲਲਕਾਰਦਾ ਹੈ ਕਿ ਤੁਸੀਂ ਸਿੱਖ ਕੌਮ ਨਾਲ਼ ਪੰਗੇ ਨਾ ਲਵੋ, ਸਿੱਖਾਂ ਨੂੰ ਗ਼ੁਲਾਮ ਬਣਾਉਣ ਵਾਲ਼ੀ ਬਿਰਤੀ ਤਿਆਗ ਦਿਓ, ਸਿੱਖ ਅਣਖ਼ੀ ਅਤੇ ਬਹਾਦਰ ਕੌਮ ਹੈ ਇਹ ਆਪਣੇ ਵੈਰੀ ਨੂੰ ਨਹੀਂ ਛੱਡਦੇ ਤੇ ਬਦਲਾ ਕੈ ਕੇ ਇਨਸਾਫ਼ ਕਰਦੇ ਹਨ।
“ਨਾਲ਼ੇ ਐੱਧਰ ਨਾਲ਼ੇ ਓੱਧਰ ਦੁਨੀਆਂ ਬੜੀ ਹਿਸਾਬੀ,
ਨਿਸ਼ਾਨ ਝੁੱਲੇ ਤੋਂ ਫੇਰ ਰੋਂਦਾ ਕਿਉਂ ਸੀ ਅੜਬ ਪੰਜਾਬੀ,
ਓ ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਂਹ ਨੀਂ ਦਿੰਦੇ,
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ।”
ਗੀਤ ਦੀਆਂ ਇਹਨਾਂ ਲਾਈਨਾਂ ’ਚ ਸਿੱਧੂ ਮੂਸੇਵਾਲ਼ਾ ਹੁਣ ਗਾਇਕ ਬੱਬੂ ਮਾਨ, ਅਖੌਤੀ ਕਿਸਾਨ ਯੂਨੀਅਨਾਂ ਅਤੇ ਕਾਮਰੇਡਾਂ ਦੀ ਗੱਲ ਕਰਦਾ ਹੈ ਜੋ 26 ਜਨਵਰੀ 2021 ਨੂੰ ਦਿੱਲੀ ਦੇ ਲਾਲ ਕਿਲ੍ਹੇ ’ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁੱਲੇ ਜਾਣ ਤੋਂ ਬਾਅਦ ਲੇਰਾਂ ਮਾਰਦੇ ਸਨ, ਰੋਂਦੇ ਸਨ, ਪਿੱਟਦੇ ਸਨ ਤੇ ਵਿਰੋਧ ਕਰਦੇ ਸਨ। ਉਹ ਉਹਨਾਂ ਨੂੰ ਦੋਗਲੇ ਕਹਿ ਕੇ ਇਹਨਾਂ ਨੂੰ ਸਬਕ ਸਿਖਾਉਣ ਦੀ ਗੱਲ ਕਰਦਾ ਹੈ।
“ਓ ਪਾਣੀ ਦਾ ਕੀ ਐ, ਪਾਣੀ ਤਾਂ ਪੁਲ਼ਾਂ ਥੱਲਿਓਂ ਵਗਣਾ,
ਸਾਨੂੰ ਨਾਲ਼ ਰਲ਼ਾ ਲੋ, ਲੱਖ ਭਾਵੇਂ, ਥੱਲੇ ਨ੍ਹੀਂ ਲੱਗਣਾ,
ਦਬਕੇ ਦੇ ਨਾਲ਼ ਮੰਗਦੇ ਓ, ਅਸੀਂ ਤਾਂ ਨ੍ਹੀਂ ਦਿੰਦੇ,
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ।”
ਸਿੱਧੂ ਮੂਸੇਵਾਲ਼ਾ ਆਖਦਾ ਹੈ ਕਿ ਅਸੀਂ ਗ਼ੁਲਾਮ ਬਣ ਕੇ ਨਹੀਂ ਰਹਿਣਾ, ਦੋ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ, ਅਸੀਂ ਬਰਾਬਰ ਦੇ ਭਾਈਵਾਲ ਬਣ ਕੇ ਰਹਿਣਾ ਹੈ, ਧੌਣ ਉੱਚੀ ਕਰ ਕੇ ਜਿਊਣਾ ਹੈ, ਅਸੀਂ ਤੁਹਾਡਾ ਦਬਕਾ ਨਹੀਂ ਸਹਿਣਾ, ਅਸੀਂ ਤਾਂ ਪਿਆਰ ਦੇ ਖਿਡਾਰੀ ਆਂ, ਸਾਡੇ ਨਾਲ਼ ਸਹੀ ਵਰਤਾਓ ਕਰੋ, ਸਾਡੇ ਹੱਕ-ਹਕੂਕ ਅਤੇ ਬਣਦਾ ਮਾਣ-ਸਨਮਾਨ ਦਿਓ, ਫੇਰ ਸਾਡੇ ਨਾਲ਼ ਪਾਣੀਆਂ ਦੀ ਗੱਲ ਕਰਿਓ।
“ਓ ਕਲਮ ਨੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ,
ਜੇ ਨਾ ਟਲੇ ਫਿਰ ਮੁੜ ਬਲਵਿੰਦਰ ਜਟਾਣਾ ਆਊ,
ਫੇਰ ਪੁੱਤ ਬੇਗਾਨੇ ਨਹਿਰਾਂ ’ਚ ਡੇਕਾ ਲਾ ਹੀ ਦਿੰਦੇ,
ਓਨਾ ਚਿਰ ਪਾਣੀਆ ਛੱਡੋ, ਤੁਪਕਾ ਨੀਂ ਦਿੰਦੇ।”
ਗੀਤ ਦੀਆਂ ਇਹ ਲਾਈਨਾਂ ਬੇਹੱਦ ਚਰਚਿਤ ਹੋਈਆਂ ਜਿਸ ਵਿੱਚ ‘ਸਿੱਧੂ ਮੂਸੇਵਾਲ਼ਾ’ ਅਖ਼ੀਰ ’ਤੇ ਖ਼ਾਲਿਸਤਾਨੀ ਜੁਝਾਰੂ ਅਤੇ ਦਰਿਆਈ ਪਾਣੀਆਂ ਦੇ ਰਾਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਕਰਦਾ ਹੈ ਜਿਨ੍ਹਾਂ ਨੇ ਐਕਸ਼ਨ ਕਰਕੇ ਐੱਸ.ਵਾਈ.ਐੱਲ. ਨਹਿਰ ਨੂੰ ਅਜਿਹਾ ਬੰਨ੍ਹ ਮਾਰਿਆ ਕਿ ਉਹ ਅੱਜ ਤਕ ਬੰਦ ਹੈ, ਮੁੜ ਕਿਸੇ ਨੇ ਨਹਿਰ ਬਣਾਉਣ ਦਾ ਹੀਆ ਨਹੀਂ ਕੀਤਾ। ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਸਰਗਰਮ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਜਗਤਾਰ ਸਿੰਘ ਪੰਜੋਲਾ, ਭਾਈ ਬਲਵੀਰ ਸਿੰਘ ਫ਼ੌਜੀ ਮਕਰੌੜ ਤੇ ਭਾਈ ਹਰਮੀਤ ਸਿੰਘ ਭਾਊਵਾਲ ਦੇ ਚੰਡੀਗੜ੍ਹ ’ਚ ਕੀਤੇ ਇਸ ਐਕਸ਼ਨ ’ਚ ਐੱਸ.ਵਾਈ.ਐੱਲ. ਨਹਿਰ ਦੇ ਚੀਫ਼ ਇੰਜੀਨੀਅਰ ਐੱਮ.ਐੱਲ. ਸੀਕਰੀ ਅਤੇ ਨਿਗਰਾਨ ਇੰਜੀਨੀਅਰ ਅਵਤਾਰ ਸਿਹੁੰ ਔਲਖ ਮਾਰੇ ਗਏ। ਮੂਸੇਵਾਲ਼ਾ ਆਪਣੇ ਗੀਤ ’ਚ ਸਰਕਾਰ ਨੂੰ ਚੇਤਾਵਨੀ ਦਿੰਦਾ ਹੈ ਕਿ ਜੇ ਤੁਸੀਂ ਸਾਡੇ ਪਾਣੀ ਲੁੱਟਣੋਂ ਬਾਜ਼ ਨਾ ਆਏ, ਐੱਸ.ਵਾਈ.ਐੱਲ. ਨਹਿਰ ਨੂੰ ਦੁਬਾਰਾ ਚਾਲੂ ਕਰਨ ਦੀ ਗੱਲ ਛੇੜੀ ਤਾਂ ਜੁਝਾਰੂ ਸਿੰਘ ਮੁੜ ਦੁਬਾਰਾ ਉੱਠਣਗੇ, ਉਹ ਪੰਜਾਬ ਨੂੰ ਬੰਜਰ ਨਹੀਂ ਹੋਣ ਦੇਣਗੇ ਤੇ ਸਰਕਾਰ ਅਤੇ ਸਿਆਸੀ ਨੇਤਾਵਾਂ ਨੂੰ ਸਬਕ ਸਿਖਾਉਣਗੇ। ਮੂਸੇਵਾਲ਼ਾ ਨੇ ਗੀਤ ਰਾਹੀਂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਸਮੇਤ ਸਮੂਹ ਖ਼ਾਲਿਸਤਾਨੀ ਯੋਧਿਆਂ ਨੂੰ ਸਤਿਕਾਰ ਭੇਟ ਕੀਤਾ। ਗੀਤ ਦੀ ਏਨੀ ਚਰਚਾ ਹੋਈ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਸਿੱਖ ਅਜਾਇਬ ਘਰ (ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ) ਵਿੱਚ ਸਥਾਪਿਤ ਕਰ ਦਿੱਤੀ। ਇਹ ਗੀਤ ਸਿੱਧੂ ਮੂਸੇਵਾਲ਼ਾ ਨੇ ਆਪਣੀ ਮੌਤ ਤੋਂ ਪਹਿਲਾਂ ਗਾ ਦਿੱਤਾ ਸੀ ਪਰ ਰਿਲੀਜ਼ ਉਸ ਦੇ ਜਾਣ ਮਗਰੋਂ ਹੋਇਆ ਜਿਸ ਨੇ ਸਭ ਪਾਸੇ ਤਰਥੱਲੀ ਮਚਾ ਦਿੱਤੀ ਤੇ ਭਾਰਤ ਸਰਕਾਰ ਨੇ ਐੱਸ.ਵਾਈ.ਐੱਲ. ਗਾਣਾ ਬੈਨ ਕਰ ਦਿੱਤਾ ਪਰ ਇਹ ਗੀਤ ਸਦਾ ਗੂੰਜਦਾ ਰਹੇਗਾ, ਸੰਘਰਸ਼ ਜਾਰੀ ਰਹੇਗਾ।
ਜਿੰਨਾ ਨੇ ‘ਸਿੱਧੂ ਮੂਸੇਵਾਲ਼ਾ’ ਦਾ ਕਿਸਾਨ ਸੰਘਰਸ਼ ਸਬੰਧੀ ‘ਪੰਜਾਬ’ ਅਤੇ ‘ਐੱਸ.ਵਾਈ.ਐੱਲ.’ ਗੀਤ ਸੁਣਿਆ ਹੈ ਉਹਨਾਂ ਨੂੰ ਤਾਂ ਪਤਾ ਲਗ ਹੀ ਗਿਆ ਹੋਵੇਗਾ ਕਿ ਉਸ ਨੂੰ ਕਿਉਂ ਮਾਰਿਆ ਤੇ ਮਰਵਾਇਆ ਗਿਆ ਹੈ। ਯੂ-ਟਿਊਬ ਉੱਤੇ ਸਿੱਧੂ ਮੂਸੇਵਾਲ਼ਾ ਦੀ ਦੋ ਕੁ ਸਾਲ ਪੁਰਾਣੀ ਇੱਕ ਵੀਡੀਓ ਵੀ ਮੌਜੂਦ ਹੈ ਜਿਸ ਵਿੱਚ ਉਹ ਕਿਸੇ ਹੋਰ ਦਾ ਗਾਇਆ ਗੀਤ ਬਿਨਾਂ ਕਿਸੇ ਮਿਊਜ਼ਿਕ ਤੋਂ ਆਪਣੀ ਮੌਜ ’ਚ ਅਨੰਦ ਨਾਲ਼ ਗਾ ਰਿਹਾ ਹੈ ਜਿਸ ਦੇ ਬੋਲ ਹਨ ਕਿ “ਜੋ ਸਾਡੀ ਨਜ਼ਰ ’ਚ ਯੋਧੇ ਨੇ, ਤੇਨੂੰ ਕਾਤਲ ਲੱਗਣ ਹਵਾਰੇ ਨੀਂ, ਬੱਸ ਏਸੇ ਕਰਕੇ ਤੇਰੇ ਨਾਲ਼ ਸਾਡੀ ਬਣਦੀ ਨਹੀਂ ਸਰਕਾਰੇ ਨੀਂ।”
ਇਸੇ ਤਰ੍ਹਾਂ ਇੱਕ ਹੋਰ ਪੁਰਾਣੀ ਵੀਡੀਓ ’ਚ ਸਿੱੱਧੂ ਮੂਸੇਵਾਲ਼ਾ ਗਾ ਰਿਹਾ ਹੈ ਜਿਸ ਦੇ ਬੋਲ ਹਨ ਕਿ “ਸਿੰਘੋ! ਚੱਕੋ ਹਥਿਆਰ, ਰੂਪ ਨਲੂਏ ਦਾ ਧਾਰ, ਅੱਤਵਾਦੀ ਸਰਕਾਰਾਂ ਤੋਂ ਨਹੀਂ ਡਰਦੇ।” ਮੂਸੇਵਾਲ਼ਾ ਨੇ ਸਿੱਖ ਕੌਮ ਦੇ ਜੁਝਾਰੂ ਜਰਨੈਲ ਸ਼ਹੀਦ ਸ. ਹਰੀ ਸਿੰਘ ਨਲੂਏ ਉੱਤੇ ਵੀ ਵਾਰ ਗਾਈ। ਉਹ ਆਪਣੀ ਕੌਮ ਦੇ ਸ਼ਹੀਦਾਂ-ਯੋਧਿਆ ਪ੍ਰਤੀ ਅਥਾਹ ਸ਼ਰਧਾ ਰੱਖਦਾ ਸੀ। ਉਹ ਸ਼ਸਤਰਾਂ ਦੀ ਮਹਾਨਤਾ ਤੋਂ ਵੀ ਜਾਣੂੰ ਸੀ ਤਾਂ ਹੀ ਤਾਂ ਉਹ ਆਪਣੇ ਗੀਤਾਂ ’ਚ ਅਕਸਰ ਹੀ ਹਥਿਆਰਾਂ ਦੀ ਗੱਲ ਕਰਦਾ ਸੀ। ਉਹ ਸਿੱਖ ਕੌਮ ਦੇ ਦੇਗ-ਤੇਗ, ਬਾਣੀ-ਬਾਣਾ, ਕਲਮ-ਕਿਰਪਾਨ, ਸ਼ਸਤਰ-ਸ਼ਾਸਤਰ ਅਤੇ ਧਰਮ ਤੇ ਰਾਜ ਦੇ ਸਿਧਾਂਤ ਤੋਂ ਜਾਣੂੰ ਸੀ। ਹਥਿਆਰਾਂ ਦੀ ਗੱਲ ਕਰਨ ਕਰਕੇ ਮੀਡੀਆ ਅਤੇ ਸਰਕਾਰ ਨੇ ਉਸ ਨੂੰ ਬੇਹੱਦ ਭੰਡਿਆ ਪਰ ਉਹ ਆਪਣੇ ਬੋਲਾਂ ’ਤੇ ਕਾਇਮ ਰਿਹਾ ਤੇ ਉਸ ਨੇ ਹਥਿਆਰਾਂ ਦੀ ਗੱਲ ਕਰਨੀ ਨਾ ਛੱਡੀ।
ਦੀਪ ਸਿੱਧੂ ਵੀ ਕਹਿੰਦਾ ਹੁੰਦਾ ਸੀ ਕਿ “ਅਗਰ ਅਸੀਂ ਜੰਗ ਦੇ ਮੈਦਾਨ ’ਚ ਤਕੜੇ ਹਾਂ ਤਾਂਹੀਂ ਅਸੀਂ ਟੇਬਲ ’ਤੇ ਤਕੜੇ ਹਾਂ। ਜੇ ਜੰਗ ਦੇ ਮੈਦਾਨ ’ਚ ਤਕੜੇ ਨਹੀਂ ਤਾਂ ਸਾਨੂੰ ਕਿਸੇ ਨੇ ਟੇਬਲ ’ਤੇ ਬੈਠਣ ਵੀ ਨਹੀਂ ਦੇਣਾ। ਓ ਸਾਡੇ ਨਾਲ਼ ਬੈਠਣਗੇ ਹੀ ਤਾਂ ਜੇ ਸਾਡਾ ਦਬਦਬਾ ਹੋਇਆ। ਤੇ ਦਬਦਬਾ ਸਾਡਾ ਹਥਿਆਰਾਂ ਤੋਂ ਬਿਨਾਂ ਨਹੀਂ ਬਣਨਾ।”
ਸਿੱਧੂ ਮੂਸੇਵਾਲ਼ਾ ਨੇ ਆਪਣੀਆਂ ਕਈ ਇੰਟਰਵਿਊਜ਼ ’ਚ ਕੌਮੀ ਘਰ ਖ਼ਾਲਿਸਤਾਨ ਦੀ ਗੱਲ ਵੀ ਕੀਤੀ। ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਉਦਾਹਰਨ ਦੇ ਕੇ ਖ਼ਾਲਿਸਤਾਨ ਦੀ ਸ਼ਾਨਦਾਰ ਵਿਆਖਿਆ ਕਰਦਾ ਸੀ। ਉਹ ਕਹਿੰਦਾ ਸੀ ਕਿ “ਖ਼ਾਲਿਸਤਾਨ ਭਾਵ ਅਜਿਹਾ ਰਾਜ ਜਿਸ ਵਿੱਚ ਗੁਰੂ ਦੀ ਭੈ-ਭਾਵਨੀ ’ਚ ਚੱਲਣ ਵਾਲ਼ੇ ਲੋਕ, ਦਸਾਂ ਨਹੁੰਆਂ ਦੀ ਸੱਚੀ-ਸੁੱਚੀ ਕਿਰਤ-ਕਮਾਈ ਕਰਨ ਵਾਲ਼ੇ ਲੋਕ, ਵਾਹਿਗੁਰੂ ਦੇ ਫ਼ੈਸਲੇ ਨੂੰ ਸਰਵਉੱਚ ਮੰਨਣ ਵਾਲ਼ੇ ਤੇ ਭਾਣੇ ਵਿੱਚ ਰਹਿਣ ਵਾਲ਼ੇ ਲੋਕ ਹੋਣ ਅਤੇ ਜਿੱਥੇ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਾਰੇ ਸੁਖੀ ਵਸਣ, ਅਜਿਹਾ ਖ਼ਾਲਿਸਤਾਨ ਮੰਗਣਾ ਕੋਈ ਮਾੜੀ ਗੱਲ ਨਹੀਂ। ਪਰ ਸਰਕਾਰਾਂ ਨੇ ਕੁਝ ਹੋਰ ਹੀ ਪ੍ਰੋਪੇਗੰਡਾ ਕੀਤਾ ਹੋਇਆ ਹੈ।”
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਸਿੱਧੂ ਮੂਸੇਵਾਲ਼ਾ ਆਪਣਾ ਪੁਰਖਾ ਮੰਨਦਾ ਸੀ ਤੇ ਉਹਨਾਂ ਦਾ ਬੇਹੱਦ ਸਤਿਕਾਰ ਕਰਦਾ ਸੀ। ਉਸ ਨੇ ਆਪਣੇ ਟਰੈਕਟਰ ਉੱਤੇ ਵੀ ਸੰਤ ਭਿੰਡਰਾਂਵਾਲ਼ਿਆਂ ਦੀ ਤਸਵੀਰ ਲਾਈ ਹੋਈ ਸੀ। ਉਹ ਕਹਿੰਦਾ ਸੀ ਕਿ “ਜੇ ਸਿੱਖ ਬਾਰਡਰਾਂ ’ਤੇ ਜਾ ਕੇ ਲੜਦੇ ਨੇ ਤਾਂ ਸਾਨੂੰ ਦੇਸ਼ ਭਗਤ ਕਹਿੰਦੇ ਨੇ ਤੇ ਜੇ ਅਸੀਂ ਧਰਨੇ ’ਚ ਆਪਣੇ ਹੱਕ ਮੰਗਦੇ ਤਾਂ ਸਰਕਾਰਾਂ ਵੱਲੋਂ ਸਾਨੂੰ ਅੱਤਵਾਦੀ ਕਿਹਾ ਜਾਂਦਾ ਏ। ਜਾਂ ਤਾਂ ਸਾਨੂੰ ਦੇਸ਼ ਭਗਤ ਮੰਨ ਲੋ ਜਾਂ ਅੱਤਵਾਦੀ ਮੰਨ ਲਓ।” ਸਿੱਧੂ ਮੂਸੇਵਾਲ਼ਾ ਕਹਿੰਦਾ ਸੀ ਕਿ ਅਸੀਂ ਸਭ ਧਰਮਾਂ ਨੂੰ ਪਿਆਰ ਕਰਦੇ ਹਾਂ ਅਤੇ ਸਤਿਕਾਰਦੇ ਹਾਂ ਪਰ ਅਸੀਂ ਕੇਵਲ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਹਾਂ, ਅਸੀਂ ਕੋਈ ਦੇਹਧਾਰੀ-ਪਖੰਡੀ ਨੂੰ ਨਹੀਂ ਮੰਨਦੇ। ਉਹ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਮਗਰੋਂ ਸਿੰਘਾਂ ਵੱਲੋਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਲੜੇ ਗਏ ਹਥਿਆਰਬੰਦ ਸੰਘਰਸ਼ ਨੂੰ ਵੀ ਸਹੀ ਮੰਨਦਾ ਸੀ।
ਦੀਪ ਸਿੱਧੂ ਵਾਂਗ ਸਿੱਧੂ ਮੂਸੇਵਾਲ਼ਾ ਵੀ ਦਿਨੋਂ-ਦਿਨ ਪੰਥਕ ਅਤੇ ਖ਼ਾਲਿਸਤਾਨੀ ਸਫ਼ਾਂ ਵੱਲ ਵਧ ਰਿਹਾ ਸੀ, ਉਹ ਆਪਣੇ ਧਰਮ ਅਤੇ ਪੰਜਾਬ ਪ੍ਰਤੀ ਕੁਝ ਕਰਨਾ ਚਾਹੁੰਦਾ ਸੀ, ਉਹ ਪੰਜਾਬ ਉੱਤੇ ਹੋ ਰਹੇ ਹਮਲਿਆਂ ਪ੍ਰਤੀ ਬੇਹੱਦ ਚਿੰਤਤ ਸੀ। ਹਿੰਦ ਸਰਕਾਰ ਨੇ ਇਹਨਾਂ ਦੋਵਾਂ ਅਣਖ਼ੀਲੇ ਨੌਜਵਾਨ ਦੀ ਨਬਜ਼ ਪਛਾਣ ਲਈ ਸੀ ਤਾਂਹੀਂ ਸਰਕਾਰਾਂ ਨੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲ਼ਾ ਨੂੰ ਮਰਵਾ ਦਿੱਤਾ। ਅੱਜ ਜਦੋਂ ਦੀਪ ਸਿੱਧੂ ਦੇ ਮਹਾਨ, ਅਣਖ਼ੀਲੇ ਅਤੇ ਦਿਲ-ਟੁੰਬਵੇਂ ਬੋਲਾਂ ਨੂੰ ਸੁਣਦੇ ਹਾਂ ਜਾਂ ਸਿੱਧੂ ਮੂਸੇਵਾਲ਼ਾ ਦੇ ਪੰਥ ਅਤੇ ਪੰਜਾਬ ਪ੍ਰਤੀ ਗਾਏ ਗੀਤ ਸਾਡੇ ਕੰਨੀਂ ਪੈਂਦੇ ਹਨ, ਉਸ ਦੇ ਮਾਪਿਆਂ ਦੀ ਪੀੜ-ਸੰਤਾਪ ਨੂੰ ਵੇਖਦੇ ਹਾਂ ਤਾਂ ਹਿੰਦ ਸਰਕਾਰ, ਮੌਜੂਦਾ ਸੂਬਾ ਸਰਕਾਰ ਅਤੇ ਗੈਂਗਸਟਰਾਂ ਨੂੰ ਹਰ ਕੋਈ ਲਾਹਣਤਾਂ ਪਾਉਂਦਾ ਨਜ਼ਰੀ ਆਉਂਦਾ ਹੈ। ਹੀਰਿਆਂ ਵਰਗੇ ਨੌਜਵਾਨ ਸਾਡੇ ਕੋਲ਼ੋਂ ਪਲਾਂ ’ਚ ਖੋਹ ਲਏ ਤੇ ਅਸੀਂ ਬਸ ਵੇਖਦੇ ਹੀ ਰਹਿ ਗਏ ਤੇ ਕੁਝ ਕਰ ਨਾ ਸਕੇ। ਗੁਰੂ ਸਾਹਿਬ ਆਪਣੇ ਪੰਥ ਅਤੇ ਪੰਜਾਬ ਉੱਤੇ ਮਿਹਰ ਕਰਨ ਤੇ ਸਾਨੂੰ ਜੂਝਣ ਦਾ ਬਲ ਬਖ਼ਸ਼ਣ।
ਲੇਖਕ। ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Posted By:

Leave a Reply