ਤਰਨ ਤਾਰਨ: ਗੈਸ ਏਜੰਸੀ ਦੀ ਧੱਕੇਸ਼ਾਹੀ, ਲੋਕ ਗੈਸ ਸਿਲੰਡਰ ਲਈ ਹੋ ਰਹੇ ਖੱਜਲ

ਤਰਨ ਤਾਰਨ: ਗੈਸ ਏਜੰਸੀ ਦੀ ਧੱਕੇਸ਼ਾਹੀ, ਲੋਕ ਗੈਸ ਸਿਲੰਡਰ ਲਈ ਹੋ ਰਹੇ ਖੱਜਲ

ਤਰਨ ਤਾਰਨ, ਸਰਹਾਲੀ ਕਲਾਂ, 25 ਫਰਵਰੀ (ਜੁਗਰਾਜ ਸਿੰਘ ਸਰਹਾਲੀ) 

ਅੱਜ ਦੇ ਦੁਨੀਆ ਵਿੱਚ ਜਿੱਥੇ ਮਹਿੰਗਾਈ ਨੇ ਆਮ ਜਨਤਾ ਦੀ ਜ਼ਿੰਦਗੀ ਔਖੀ ਕਰ ਦਿੱਤੀ ਹੈ, ਉੱਥੇ ਹੀ ਸਰਕਾਰੀ ਜਾਂ ਨਿੱਜੀ ਵਿਭਾਗਾਂ ਦੀ ਬੇਇਨਸਾਫ਼ੀ ਲੋਕਾਂ ਦੀ ਤਕਲੀਫ਼ਾਂ ਨੂੰ ਹੋਰ ਵੀ ਵਧਾ ਰਹੀ ਹੈ। ਤਾਜ਼ਾ ਮਾਮਲਾ ਵਿਕਰਮ ਭਾਰਤ ਗੈਸ ਏਜੰਸੀ, ਸਰਹਾਲੀ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਲੋਕ ਘਰੇਲੂ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਭਟਕ ਰਹੇ ਹਨ।

ਲੋਕਾਂ ਮੁਤਾਬਕ, ਗੈਸ ਬੁਕਿੰਗ ਨੰਬਰ ਲੰਬੇ ਸਮੇਂ ਤੋਂ ਬੰਦ ਪਿਆ ਹੈ, ਜਿਸ ਕਰਕੇ ਉਹਨਾਂ ਨੂੰ ਖੁਦ ਏਜੰਸੀ ਜਾਣਾ ਪੈ ਰਿਹਾ ਹੈ। ਪਰ ਜਦੋਂ ਲੋਕ ਉੱਥੇ ਪਹੁੰਚਦੇ ਹਨ, ਤਾਂ ਏਜੰਸੀ ਦੇ ਅਧਿਕਾਰੀ ਅੰਦਰੋਂ ਕੈਬਿਨ ਵਿੱਚ ਬੈਠ ਕੇ ਲੋਕਾਂ ਨੂੰ ਉੱਤਰ ਦੇਣ ਦੀ ਬਜਾਏ ਬੇਇੱਜ਼ਤੀ ਕਰਦੇ ਹਨ। ਇਹੀ ਨਹੀਂ, ਇਕ ਸਫ਼ਾਈ ਕਰਮਚਾਰੀ ਵੱਲੋਂ ਵੀ ਗਾਹਕਾਂ ਨਾਲ ਮਾੜਾ ਵਰਤਾਓ ਕੀਤਾ ਗਿਆ, ਜਿਸ ਕਰਕੇ ਲੋਕ ਗੁੱਸੇ 'ਚ ਹਨ।

ਸ਼ਿਕਾਰ ਹੋਏ ਲੋਕਾਂ ਦੀ ਗੱਲਬਾਤ ਨੇ ਪ੍ਰਸ਼ਾਸ਼ਨ  ਕੋਲੋਂ ਕੀਤੀ ਕਾਰਵਾਈ ਦੀ ਮੰਗ 

ਧੱਕੇਸ਼ਾਹੀ ਦਾ ਸ਼ਿਕਾਰ ਹੋਈ ਸਤਿੰਦਰ ਕੌਰ, ਪਰਮਿੰਦਰ ਕੌਰ, ਬਲਜੀਤ ਕੌਰ, ਅਤੇ ਵੀਰ ਕੌਰ ਨੇ ਨਜ਼ਰਾਨਾ ਟਾਈਮਜ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ "ਅਸੀਂ ਇੱਥੇ ਬਹੁਤ ਸਮਾਂ ਬੈਠੇ ਰਹੇ, ਪਰ ਕਿਸੇ ਨੇ ਸਾਡੀ ਨਹੀਂ ਸੁਣੀ। ਜਦੋਂ ਪੁੱਛਿਆ, ਤਾਂ ਅਧਿਕਾਰੀਆਂ ਨੇ ਬਦਸਲੂਕੀ ਕੀਤੀ। ਇਹ ਸਮਝ ਨਹੀਂ ਆਉਂਦਾ ਕਿ ਗੈਸ ਏਜੰਸੀ ਲੋਕਾਂ ਦੀ ਸਹੂਲਤ ਲਈ ਹੈ ਜਾਂ ਅਧਿਕਾਰੀਆਂ ਦੇ ਰੌਬ ਦਿਖਾਉਣ ਲਈ?"

ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ  ਗੈਸ ਏਜੰਸੀ ਮਾਲਕਾਂ 'ਤੇ ਕਾਰਵਾਈ ਕਰੇ ਅਤੇ ਇਹ ਯਕੀਨੀ ਬਣਾਏ ਕਿ ਲੋਕਾਂ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਉਨ੍ਹਾਂ ਦੀ ਬੁਕ ਕੀਤੀ ਗੈਸ ਮਿਲੇ।