ਨਵੇਂ ਕਾਰਜਕਾਰੀ ਜਥੇਦਾਰ ਗੜਗੱਜ ਨੂੰ ਗਿਆਨੀ ਸੁਲਤਾਨ ਸਿੰਘ ਵੱਲੋਂ ਪੰਥਕ ਕਾਰਜਾਂ ਵਿੱਚ ਸਹਿਯੋਗ ਦਾ ਭਰੋਸਾ

ਨਵੇਂ ਕਾਰਜਕਾਰੀ ਜਥੇਦਾਰ ਗੜਗੱਜ ਨੂੰ ਗਿਆਨੀ ਸੁਲਤਾਨ ਸਿੰਘ ਵੱਲੋਂ ਪੰਥਕ ਕਾਰਜਾਂ ਵਿੱਚ  ਸਹਿਯੋਗ ਦਾ ਭਰੋਸਾ

ਅੰਮ੍ਰਿਤਸਰ, 10 ਮਾਰਚ ,ਤਾਜੀਮਨੂਰ ਕੌਰ ਅਨੰਦਪੁਰੀ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲਣ ਤੋਂ ਬਾਅਦ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਦੌਰਾਨ, ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗਿਆਨੀ ਸੁਲਤਾਨ ਸਿੰਘ ਨਾਲ ਪੰਥਕ ਮਸਲਿਆਂ ਅਤੇ ਭਵਿੱਖ ਦੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ। ਗਿਆਨੀ ਸੁਲਤਾਨ ਸਿੰਘ ਨੇ ਨਵੇਂ ਜਥੇਦਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਦੀ ਪੰਥਕ ਸੇਵਾ ਵਿੱਚ ਵਾਧੂ ਉਤਸ਼ਾਹ ਦੇਣ ਲਈ ਉਨ੍ਹਾਂ ਨੂੰ ਹੌਸਲਾ ਦਿੱਤਾ।

ਵਰਨਣਯੋਗ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਾਲ ਹੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ ਹੈ, ਜਿਸ ਨਾਲ ਪੰਥਕ ਸੰਗਠਨਾਂ ਅਤੇ ਜਥੇਦਾਰਾਂ ਵਿੱਚ ਨਵੇਂ ਸੰਬੰਧ ਬਣ ਰਹੇ ਹਨ।

ਸਿੱਖ ਜਥੇਬੰਦੀਆਂ ਅਤੇ ਪੰਥਕ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਨਿਯੁਕਤੀ 'ਤੇ ਵੱਖ-ਵੱਖ ਪ੍ਰਤੀਕਰਿਆਵਾਂ ਆ ਰਹੀਆਂ ਹਨ, ਪਰ ਗਿਆਨੀ ਸੁਲਤਾਨ ਸਿੰਘ ਵਲੋਂ ਨਵੇਂ ਜਥੇਦਾਰ ਨੂੰ ਮਿਲੇ ਸਹਿਯੋਗ ਨੇ ਇੱਕ ਨਵੀਂ ਪੰਥਕ ਚਰਚਾ ਨੂੰ ਜਨਮ ਦਿੱਤਾ ਹੈ।