480 ਨਸ਼ੀਲੀਆਂ ਗੋਲੀਆਂ ਸਮੇਤ ਇਕ ਮੁਲਜਮ ਪੁਲਿਸ ਅੜਿੱਕੇ

480 ਨਸ਼ੀਲੀਆਂ ਗੋਲੀਆਂ ਸਮੇਤ ਇਕ ਮੁਲਜਮ ਪੁਲਿਸ ਅੜਿੱਕੇ

ਗੁਰਮੀਤ ਸਿੰਘ, ਨਜ਼ਰਾਨਾ ਟਾਈਮਜ਼  ਵਲਟੋਹਾ 


ਆਈਪੀਐਸ ਅਧਿਕਾਰੀ ਅਭਿਮੰਨਿਊ ਰਾਣਾ ਐਸਐਸਪੀ ਤਰਨ ਤਾਰਨ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਚਰਨ ਸਿੰਘ ਭੁੱਲਰ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸ ਤਹਿਤ ਥਾਣਾ ਵਲੋਟਹਾ ਦੀ ਪੁਲਿਸ ਪਾਰਟੀ ਮੋੜ ਟੀ-ਪੁਆਇੰਟ ਰੱਤੋਕੇ ਮੋਜੂਦ ਸੀ ਕਿ ਪਿੰਡ ਰੱਤੋਕੇ ਵਾਲੀ ਸਾਈਡ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ,ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜ ਕੇ ਭੱਜਣ ਲੱਗਾ। ਜਿਸਨੂੰ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸਤੇ ਉਕਤ ਵਿਅਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਾਜ ਸਿੰਘ ਵਾਸੀ ਰੱਤੋਕੇ ਥਾਣਾ ਖੇਮਕਰਨ ਦੱਸਿਆ। ਜੋ ਉਕਤ ਵਿਅਕਤੀ ਪਾਸੋਂ ਕੁੱਲ 480 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਥਾਣਾ ਮੁਖੀ ਇੰਸਪੈਕਟਰ ਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।