ਪ੍ਰੋਫੈਸਰ ਵਲਟੋਹਾ ਨੇ ਲਾਈਵ ਹੋ ਕੇ ਸਿੰਘ ਸਾਹਿਬਾਨ ਨੂੰ ਕੀਤੀ ਅਪੀਲ

ਪ੍ਰੋਫੈਸਰ ਵਲਟੋਹਾ ਨੇ ਲਾਈਵ ਹੋ ਕੇ ਸਿੰਘ ਸਾਹਿਬਾਨ ਨੂੰ ਕੀਤੀ ਅਪੀਲ

ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਰਖਾਸਤ ਕੀਤੇ ਜਾਣ ਦੇ ਫੈਸਲੇ ਤੇ ਮੁੜ ਚਰਚਾ ਕਰਨ ਦੀ ਕੀਤੀ ਅਪੀਲ 

 ਗੁਰਮੀਤ ਸਿੰਘ, ਨਜ਼ਰਾਨਾ ਟਾਈਮਜ਼  ਵਲਟੋਹਾ 


ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਰਖਾਸਤ ਕੀਤੇ ਜਾਣ ਸਬੰਧੀ ਲਏ ਫੈਸਲੇ ਉੱਪਰ ਮੁੜ ਵਿਚਾਰ ਕਰਨ। ਪ੍ਰੋਫੈਸਰ ਵਲਟੋਹਾ ਨੇ ਕਿਹਾ ਕਿ ਉਹਨਾਂ ਦੇ ਖੂਨ ਦੇ ਇੱਕ ਇੱਕ ਕਤਰੇ ਵਿੱਚ ਅਕਾਲੀ ਦਲ ਹੈ ਅਤੇ ਉਨਾਂ ਦਾ ਰੋਮ ਰੋਮ ਵੀ ਅਕਾਲੀ ਦਲ ਦਾ ਕਰਜਾਈ ਹੈ। ਉਹਨਾਂ ਕਿਹਾ ਕਿ ਲੰਬੇ ਅਰਸੇ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਉਹਨਾਂ ਦਾ ਸਾਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਲਈ ਹਮੇਸ਼ਾ ਤਤਪਰ ਹੈ। ਲੇਕਿਨ ਪਿਛਲੇ ਸਮੇਂ ਦੌਰਾਨ ਜੋ ਵਿਰੋਧੀ ਤਾਕਤਾਂ ਵੱਲੋਂ ਉਹਨਾਂ ਦੇ ਖਿਲਾਫ ਸਾਜ਼ਿਸ਼ ਘੜੀ ਗਈ ਅਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕਢਵਾ ਦਿੱਤਾ ਗਿਆ ਜਿਸ ਕਰਕੇ ਉਹ ਬੇਹਦ ਨਿਰਾਸ਼ ਹਨ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਹਨ ਅਤੇ ਹਮੇਸ਼ਾ ਪਾਰਟੀ ਦੀ ਚੜਦੀ ਕਲਾ ਲਈ ਯਤਨਸ਼ੀਲ ਹਨ। ਪ੍ਰੋ. ਵਲਟੋਹਾ ਨੇ ਕਿਹਾ ਕਿ ਬੇਸ਼ੱਕ ਉਹ ਇਸ ਸਮੇਂ ਪਾਰਟੀ ਵਿੱਚ ਨਹੀਂ ਹਨ ਪਰ ਉਹਨਾਂ ਦਾ ਧਿਆਨ ਹਰ ਸਮੇਂ ਪਾਰਟੀ ਦੀ ਮਜਬੂਤੀ ਵੱਲ ਹੈ ਅਤੇ ਉਹ ਕਦੇ ਵੀ ਅਕਾਲੀ ਦਲ ਨਾਲੋਂ ਜੁਦਾ ਨਹੀਂ ਹੋ ਸਕਦੇ। ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ਉੱਪਰ ਇੱਕ ਵਾਰ ਫਿਰ ਤੋਂ ਦੁਬਾਰਾ ਧਿਆਨ ਦੇਣ ਅਤੇ ਉਹਨਾਂ ਨੂੰ ਅਕਾਲੀ ਦਲ ਨਾਲ ਜੋੜਨ ਤਾਂ ਜੋ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜਬੂਤ ਬਣਾ ਸਕਣ ਅਤੇ ਆਪਣੀਆਂ ਸੇਵਾਵਾਂ ਪਾਰਟੀ ਨੂੰ ਦੇ ਸਕਣ।