ਗੁਰੂ ਘਰ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਵਾਲੇ 'ਤੇ ਕਾਰਵਾਈ ਦੀ ਮੰਗ

ਗੁਰੂ ਘਰ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਵਾਲੇ 'ਤੇ ਕਾਰਵਾਈ ਦੀ ਮੰਗ

ਰੋਮ , 7 ਫਰਵਰੀ ਨਜ਼ਰਾਨਾ ਟਾਈਮਜ ਬਿਊਰੋ

ਇਟਲੀ ਦੇ ਸ਼ਹਿਰ ਪੋਨਤੀਨੀਆ ਦੇ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆਂ ਪਿੰਡ ਵਡਾਲਾ ਬਾਂਗਰ ਦੇ ਐਨਆਰਆਈ ਗੁਰਕੀਰਤ ਸਿੰਘ ਕਾਹਲੋਂ ਅਤੇ ਭਾਈ ਜਗਜੀਤ ਸਿੰਘ ਨੇ ਇਟਲੀ ਸਰਕਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਇਸ ਪੰਥ ਵਿਰੋਧੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਇਹ ਵਿਅਕਤੀ ਇਟਲੀ ਦੇ ਪੋਨਤੀਨੀਆ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਜੋਂ ਕੰਮ ਕਰਦਾ ਆ ਰਿਹਾ ਸੀ

ਇਲਾਕੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਇਸ ਗੁਰਦੁਆਰੇ ਤੇ 3 ਲੱਖ ਯੂਰੋ ਦੀ ਰਾਸ਼ੀ ਖਰਚ ਕੀਤੀ ਗਈ ਸੀ ਜਦਕਿ ਇਸ ਗੁਰਦੁਆਰੇ ਦੇ ਪ੍ਰਧਾਨ ਵੱਲੋ ਗੁਰਦੁਆਰੇ ਦੀ ਰਜਿਸਟਰੀ ਆਪਣੇ ਨਾਂ ਤੇ ਕਰਵਾ ਕੇ ਸੰਗਤਾਂ ਨਾਲ ਧੋਖਾਧੜੀ ਕੀਤੀ ਗਈ। ਇਸ ਸਬੰਧੀ ਇਸ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਗੁਰਕੀਰਤ ਸਿੰਘ ਕਾਹਲੋਂ ਅਤੇ ਜਗਜੀਤ ਸਿੰਘ ਨੇ ਕਿਹਾ ਕਿ ਗੁਰਦੁਆਰੇ ਦੇ ਪ੍ਰਧਾਨ ਵੱਲੋਂ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਆਪਣੇ ਨਾਂ ਕਰਵਾ ਕੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇਟਲੀ ਸਰਕਾਰ ਸਖਤ ਕਾਰਵਾਈ ਕੀਤੀ ਜਾਵੇ