ਪੰਥਕ ਤਰਜ਼ਮਾਨੀ ਕਰਨ ਦਾ ਜਥੇਦਾਰਾਂ ਨੂੰ ਦਿੱਤਾ ਦੰਡ ਕਾਲਾ ਦਿਨ : ਪੰਥਕ ਤਾਲਮੇਲ ਸੰਗਠਨ
- ਧਾਰਮਿਕ/ਰਾਜਨੀਤੀ
- 07 Mar,2025
ਲੁਧਿਆਣਾ 7 ਮਾਰਚ ( ਸੋਧ ਸਿੰਘ ਬਾਜ਼ )
ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਬੇਅਦਬੀ, ਸਿੱਖ ਨੌਜਵਾਨੀ ਦਾ ਘਾਣ ਅਤੇ ਪੰਜਾਬ ਅੰਦਰ ਜ਼ਬਰ – ਜ਼ੁਲਮ ਦੇ ਘਿਨਾਉਣੇ ਕਾਰਨਾਮਿਆਂ ਦੀ ਬਦੌਲਤ ਸਿਆਸੀ ਮੌਤੇ ਮਰਨ ਤੋਂ ਬਾਅਦ ਅਕਾਲ ਤਖ਼ਤ ਦੇ ਆਸਰੇ ਦੀ ਆੜ ਵਿੱਚ ਮੁੰਧੇ ਮੂੰਹ ਡਿੱਗੇ ਅਖ਼ੌਤੀ ਅਕਾਲੀਆਂ ਨੇ ਮੁੜ ਤਖ਼ਤਾਂ ਨਾਲ ਸਿੱਧੀ ਟੱਕਰ ਲੈ ਲਈ ਹੋਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਸੇਵਾ ਤੋਂ ਹਟਾ ਕੇ ਪੰਥ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ ਅਤੇ ਅੱਜ ਦਾ ਦਿਨ ਕਾਲ਼ੇ ਅੱਖਰਾਂ ਵਿਚ ਲਿਖਿਆ ਗਿਆ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਠਨ ਕੋਰ ਕਮੇਟੀ ਵਲੋਂ ਇਸ ਵਰਤਾਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨਗੀ ਤੇ ਭਰਤੀ ਕਮੇਟੀ ਦੇ ਅਹੁਦੇਦਾਰ ਰਹਿ ਕੇ ਪੰਥਕ ਜ਼ਿੰਮੇਵਾਰੀ ਨਿਭਾਉਂਦੇ ਤਾਂ ਅੱਜ ਦਾ ਦਿਨ ਕਾਲ਼ੇ ਅੱਖਰਾਂ ਤੋਂ ਮਹਿਫੂਜ਼ ਰਹਿ ਸਕਦਾ ਸੀ।
ਉਨ੍ਹਾਂ ਕਿਹਾ ਕਿ ਪੰਥਕ ਸਿਰਮੌਰ ਸੰਸਥਾਵਾਂ ਦੇ ਨਿਘਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਜਿਸ ਲਈ ਹੁਣ ਪੰਥ – ਪ੍ਰਸਤ ਸੰਸਥਾਵਾਂ ਤੇ ਸੰਗਤਾਂ ਨੂੰ ਤੁਰੰਤ ਇਕ ਮੰਚ ਤੇ ਆ ਕੇ ਸੰਸਥਾਵਾਂ ਦੇ ਮਿਆਰ ਦੀ ਰਾਖੀ ਲਈ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਹੋਵੇਗਾ। ਤਖ਼ਤ ਸਾਹਿਬਾਨ ਦੀ ਆਨ- ਸ਼ਾਨ ਵਾਸਤੇ ਅਤੇ ਪੰਥਕ ਤਰਜ਼ਮਾਨੀ ਦਾ ਖਮਿਆਜ਼ਾ ਭੁਗਤਣ ਵਾਲੇ ਜਥੇਦਾਰਾਂ ਦੇ ਮਾਨ-ਸਨਮਾਨ ਵਾਸਤੇ ਅੱਗੇ ਆਉਣਾ ਹੋਵੇਗਾ। ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜਵਿਧੀ ਸਬੰਧੀ ਸਾਰਾ ਮਾਮਲਾ ਸਿੱਖ ਜਗਤ ਦੇ ਹੱਥ ਲੈਣ ਵਾਸਤੇ ਨਿਰਣਾਇਕ ਮੋੜ ਕੱਟਣਾ ਹੋਵੇਗਾ।ਜਥੇਦਾਰਾਂ ਨੂੰ ਮਨਮਾਨੀ ਨਾਲ ਲਾਉਣ ਤੇ ਲਾਹੁਣ ਦਾ ਪੱਕਾ ਹੱਲ ਅਕਾਲ ਤਖਤ ਸਾਹਿਬ ਦਾ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ ਵਾਲਾ ਪੰਥਕ ਨਿਜਾਮ ਸਿਰਜਣ ਵਿਚ ਹੈ।ਜਿਸਦੀ ਵਕਾਲਤ ਪੰਥਕ ਤਾਲਮੇਲ ਸੰਗਠਨ ਕਰਦਾ ਆ ਰਿਹਾ ਹੈ
ਕੋਰ ਕਮੇਟੀ ਪਰਮਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਡਾ: ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ,ਸੁਲੋਚਨਬੀਰ ਸਿੰਘ ਗਿਆਨ ਪਰਗਾਸੁ ਟਰੱਸਟ, ਜਸਬੀਰ ਸਿੰਘ ਸੁਖਮਨੀ ਸਾਹਿਬ ਸੁਸਾਇਟੀ ਪੰਜਾਬ ਤੋਂ ਇਲਾਵਾ ਅਰਵਿੰਦਰ ਸਿੰਘ ਗੁਰਸਿੱਖ ਫੈਮਿਲੀ ਕਲੱਬ, ਅੰਮ੍ਰਿਤ ਪਾਲ ਸਿੰਘ ਯੂਨਾਈਟਿਡ ਸਿੱਖ,ਪ੍ਰੋ:ਬਲਵਿੰਦਰਪਾਲ ਸਿੰਘ ਪੱਤਰਕਾਰ, ਸੁਰਿੰਦਰਪਾਲ ਸਿੰਘ ਗੋਲਡੀ ਜਲੰਧਰ ,ਸੁਰਜੀਤ ਸਿੰਘ ਪੰਥਕ ਤਾਲਮੇਲ ਸੰਗਠਨ ਜੰਮੂ, ਮਹਿੰਦਰ ਸਿੰਘ ਨਾਲਾਗੜ੍ਹ, ਡਾ: ਹਰਵਿੰਦਰਪਾਲ ਸਿੰਘ ਹਲਕਾ ਪਠਾਨਕੋਟ ਸ਼੍ਰੋਮਣੀ ਕਮੇਟੀ, ਸਰਬਜੀਤ ਸਿੰਘ ਹਲਕਾ ਅੰਮ੍ਰਿਤਸਰ ਕੇਂਦਰੀ ਸ਼੍ਰੋਮਣੀ ਕਮੇਟੀ, ਸਰਬਜੀਤ ਸਿੰਘ ਲੰਗਰ ਚਲੈ ਗੁਰ ਸ਼ਬਦ ਅਤੇ ਰਸ਼ਪਾਲ ਸਿੰਘ ਸਿੱਖ ਚਿੰਤਕ ਨੇ ਇਸ ਵਰਤਾਰੇ ਦੀ ਨਿੰਦਾ ਕੀਤੀ।
Posted By:

Leave a Reply