ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਸੁਖਬੀਰ ਬਾਦਲ ਦੀ ਚਾਪਲੂਸੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾਇਆ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
- ਧਾਰਮਿਕ/ਰਾਜਨੀਤੀ
- 13 Feb,2025

ਗਿਆਨੀ ਹਰਪ੍ਰੀਤ ਸਿੰਘ ਜੋ ਅਰੂੜ ਸਿੰਘ ਤੇ ਗੁਰਬਚਨ ਸਿੰਘ ਵਾਂਗ ਪੰਥ ਦੋਖੀ ਨਹੀਂ ਬਣੇ : ਭਾਈ ਰਣਜੀਤ ਸਿੰਘ/ਭਾਈ ਗੋਪਾਲਾ
ਅੰਮ੍ਰਿਤਸਰ, 13 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਦੇ ਅਹੁਦੇ ਤੋਂ ਸੇਵਾ ਮੁਕਤ ਕਰਨ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਕਰਨਪ੍ਰੀਤ ਸਿੰਘ ਵੇਰਕਾ ਅਤੇ ਭਾਈ ਅੰਗਦ ਸਿੰਘ ਕਸ਼ਮੀਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈ ਲਈ ਹੈ। ਉਹਨਾਂ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੋ ਸਾਬਕਾ ਜਥੇਦਾਰ ਅਰੂੜ ਸਿੰਘ ਅਤੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਵਾਂਗ ਪੰਥ ਦੋਖੀ ਨਹੀਂ ਬਣੇ, ਉਹ ਬਾਦਲਾਂ ਅੱਗੇ ਝੁਕੇ ਨਹੀਂ, ਉਹਨਾਂ ਨੇ 2 ਦਸੰਬਰ 2024 ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਬਦਲਣ ਵਿੱਚ ਆਪਣੀ ਭੂਮਿਕਾ ਨਹੀਂ ਨਿਭਾਈ ਤੇ ਉਹਨਾਂ ਨੇ ਅਹੁਦੇ ਦਾ ਵੀ ਮੋਹ ਨਹੀਂ ਕੀਤਾ ਸਗੋਂ ਪੰਥਕ ਹਿੱਤਾਂ ਦੀ ਡੱਟ ਕੇ ਪਹਿਰੇਦਾਰੀ ਕੀਤੀ ਹੈ, ਗਿਆਨੀ ਹਰਪ੍ਰੀਤ ਸਿੰਘ ਦੇ ਇਸ ਸਟੈਂਡ ਨਾਲ ਉਹਨਾਂ ਦਾ ਸੰਗਤਾਂ ਵਿੱਚ ਮਾਣ-ਸਤਿਕਾਰ ਕਾਇਮ ਰਹੇਗਾ ਪਰ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਕਲੰਕ ਲਵਾ ਲਿਆ ਹੈ ਹੈ। ਬਾਦਲਕਿਆਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਰਾਹ ਵਿੱਚ ਰੋੜਾ ਲੱਗਦਾ ਸੀ, ਜਥੇਦਾਰ ਨੂੰ ਬਦਨਾਮ ਕਰਨ ਲਈ ਪਹਿਲਾਂ ਉਹਨਾਂ ਦੇ ਸਾਬਕਾ ਸਾਂਢੂ ਅਤੇ ਵਿਰਸਾ ਸਿੰਘ ਵਲਟੋਹਾ ਪਾਸੋਂ ਤੇ ਆਈ.ਟੀ. ਸੈੱਲ ਰਾਹੀਂ ਕਿਰਦਾਰਕੁਸ਼ੀ ਕਰਵਾਈ ਗਈ, ਤੇ ਹੁਣ ਬਾਦਲਕਿਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਪਾਸੇ ਕਰਕੇ ਗਿਆਨੀ ਰਘਬੀਰ ਸਿੰਘ ਨੂੰ ਵੀ ਸੁਨੇਹਾ ਦਿੱਤਾ ਕਿ ਜੇਕਰ ਤੂੰ ਆਪਣੇ ਫੈਸਲੇ ਉੱਤੇ ਅੜਿਆ ਰਿਹਾ ਤਾਂ ਤੇਰੇ ਨਾਲ ਵੀ ਗਿਆਨੀ ਹਰਪ੍ਰੀਤ ਸਿੰਘ ਵਾਲੀ ਕੀਤੀ ਜਾਵੇਗੀ। ਬਾਦਲ ਦਲੀਏ ਤਖ਼ਤਾਂ ਦੇ ਜਥੇਦਾਰਾਂ ਨੂੰ ਤਨਖਾਹਦਾਰ ਮੁਲਾਜ਼ਮਾਂ ਅਤੇ ਸੀਰੀ-ਨੌਕਰਾ ਵਾਂਗ ਹੀ ਵਰਤਣਾ ਚਾਹੁੰਦੇ ਹਨ, ਬਾਦਲ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਬਾਦਲਕਿਆਂ ਦੇ ਦਬਾਅ ਹੇਠ ਹਨ, ਉਹਨਾਂ ਵੱਲੋਂ 28 ਜਨਵਰੀ ਦੀ ਮੀਟਿੰਗ ਮੁਲਤਵੀ ਕਰਨੀ, ਵਿਦੇਸ਼ ਚਲੇ ਜਾਣਾ, ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਬਾਦਲਕਿਆਂ ਵਿਰੁੱਧ ਕਾਰਵਾਈ ਨਾ ਕਰਨੀ, ਜਥੇਦਾਰ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਜਾਂਚ ਕਮੇਟੀ ਨੂੰ ਰੱਦ ਨਾ ਕਰਨਾ, ਸੱਤ ਮੈਂਬਰੀ ਕਮੇਟੀ ਦੇ ਹੱਕ ਵਿੱਚ ਠੋਸ ਫੈਸਲਾ ਨਾ ਲੈਣਾ, ਸਾਰੇ ਮਾਮਲਿਆਂ 'ਚ ਚੁੱਪੀ ਧਾਰ ਲੈਣੀ ਦਰਸਾਉਂਦਾ ਹੈ ਕਿ ਉਹ ਹੁਣ ਗਿਆਨੀ ਗੁਰਬਚਨ ਸਿੰਘ ਵਾਂਗ ਪੰਥਕ ਸਿਧਾਂਤਾਂ ਦਾ ਘਾਣ ਤੇ ਜਥੇਦਾਰ ਦੇ ਅਹੁਦੇ ਨੂੰ ਰੋਲਣਗੇ। ਉਹਨਾਂ ਕਿਹਾ ਕਿ ਬਾਦਲਕਿਆਂ ਨੇ ਪਹਿਲਾਂ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਜਥੇਦਾਰ ਰਣਜੀਤ ਸਿੰਘ ਅਤੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਵੀ ਜਥੇਦਾਰੀ ਤੋਂ ਹਟਾ ਕੇ ਆਪ-ਹੁਦਰੀਆਂ ਕੀਤੀਆਂ ਸਨ, ਲੰਬੇ ਸਮੇਂ ਤੋਂ ਸਾਡੇ ਤਖਤਾਂ ਦੇ ਜਥੇਦਾਰ ਬਾਦਲਕਿਆਂ ਦੀ ਸਿਆਸਤ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਜਥੇਦਾਰਾਂ ਦੇ ਅਹੁਦੇ ਦਾ ਕੋਈ ਵਿਧੀ ਵਿਧਾਨ ਘੜ ਕੇ ਲਾਗੂ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਕੋਈ ਜਥੇਦਾਰ ਬਾਦਲਾਂ ਦੀ ਬੋਲੀ ਨਹੀਂ ਬੋਲਦਾ ਅਤੇ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰਦਾ ਹੈ ਤਾਂ ਬਾਦਲਕੇ ਉਸਨੂੰ ਤੁਰੰਤ ਹਟਾ ਦਿੰਦੇ ਹਨ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਤੇ ਜਥੇਦਾਰ ਦੇ ਅਹੁਦੇ ਦਾ ਭਾਰੀ ਅਪਮਾਨ ਹੈ।
Posted By:

Leave a Reply