ਧਰਮ ਪ੍ਰਚਾਰ ਕਮੇਟੀ ਦੇ ਪੁਰਾਣੇ ਮਤਿਆਂ ਨੂੰ ਵਾਇਰਲ ਕਰਕੇ ਦੁਬਿਧਾ ਫੈਲਾਉਣ ਦੀ ਕੋਸ਼ਿਸ਼ – SGPC ਮੁੱਖ ਸਕੱਤਰ
- ਧਾਰਮਿਕ/ਰਾਜਨੀਤੀ
- 25 Feb,2025

ਅੰਮ੍ਰਿਤਸਰ, 25 ਫਰਵਰੀ,ਸੋਧ ਸਿੰਘ ਬਾਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਕਿਹਾ ਹੈ ਕਿ ਕੁਝ ਲੋਕ 1999 ਵਿੱਚ ਰੱਦ ਹੋਏ ਇੱਕ ਮਤੇ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਸਿੱਖ ਜਗਤ ਵਿੱਚ ਦੁਬਿਧਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
SGPC ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇੱਕ ਬਿਆਨ ਜਾਰੀ ਕਰਦਿਆਂ ਸਪੱਸ਼ਟੀਕਰਨ ਦਿੱਤਾ ਕਿ ਧਰਮ ਪ੍ਰਚਾਰ ਕਮੇਟੀ ਦੀ 20 ਫਰਵਰੀ 1999 ਦੀ ਇਕੱਤਰਤਾ ’ਚ ਪਾਸ ਹੋਇਆ ਮਤਾ ਨੰ: 1457 ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਜਾ ਰਿਹਾ ਹੈ, ਜੋ ਕਿ 30 ਮਾਰਚ 1999 ਨੂੰ SGPC ਦੇ ਜਨਰਲ ਇਜਲਾਸ ’ਚ ਮਤਾ ਨੰ: 201 ਰਾਹੀਂ ਰੱਦ ਕਰ ਦਿੱਤਾ ਗਿਆ ਸੀ।
ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ ਇਹ ਮਤਾ
ਕੁਲਵੰਤ ਸਿੰਘ ਮੰਨਣ ਨੇ ਕਿਹਾ, SGPC ਦੀਆਂ ਅੰਤ੍ਰਿੰਗ ਕਮੇਟੀਆਂ ਵੱਲੋਂ ਪਾਸ ਕੀਤੇ ਮਤੇ ਜਨਰਲ ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਹੀ ਅੰਤਿਮ ਮੰਜ਼ੂਰੀ ਲਈ ਜਾ ਸਕਦੇ ਹਨ। ਜੇਕਰ ਕੋਈ ਮਤਾ ਨੀਤੀ ਨਾਲ ਸੰਗਤ ਨਹੀਂ ਰੱਖਦਾ, ਤਾਂ SGPC ਜਨਰਲ ਹਾਊਸ ਨੂੰ ਉਹਨੂੰ ਰੱਦ ਕਰਨ ਦਾ ਅਧਿਕਾਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ 20 ਫਰਵਰੀ 1999 ਨੂੰ SGPC ਧਰਮ ਪ੍ਰਚਾਰ ਕਮੇਟੀ ਵੱਲੋਂ ਪਾਸ ਕੀਤਾ ਗਿਆ ਉਕਤ ਮਤਾ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਸੀ ਆਉਂਦਾ, ਜਿਸ ਕਾਰਨ 30 ਮਾਰਚ 1999 ਨੂੰ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਇਹ ਮਤਾ ਰੱਦ ਕਰ ਦਿੱਤਾ ਗਿਆ ਸੀ।
ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀ ਨਾ ਫੈਲਾਉਣ ਦੀ ਅਪੀਲ
ਮੁੱਖ ਸਕੱਤਰ ਨੇ ਸਿੱਖ ਸੰਗਤ ਨੂੰ ਸੋਸ਼ਲ ਮੀਡੀਆ ’ਤੇ ਅਣਜਾਣੇ ਤਰੀਕੇ ਨਾਲ ਜਾਣਕਾਰੀ ਫੈਲਾਉਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ਮੌਜੂਦਾ ਪੰਥਕ ਹਾਲਾਤ ਦੇ ਮੱਦੇਨਜ਼ਰ, ਅਜਿਹੀਆਂ ਸ਼ਰਾਰਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਸਿੱਖ ਸੰਸਥਾਵਾਂ ਨਾਲ ਜੁੜੇ ਕਿਸੇ ਵੀ ਦਸਤਾਵੇਜ਼ ਨੂੰ ਪਹਿਲਾਂ ਤਸਦੀਕ ਕੀਤੇ ਬਿਨਾਂ ਸੋਸ਼ਲ ਮੀਡੀਆ ’ਤੇ ਅੱਗੇ ਨਾ ਵਧਾਇਆ ਜਾਵੇ ।
Posted By:

Leave a Reply