ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰਾਂ ਨਾਲ ਕੀਤੇ ਦੁਰਵਿਹਾਰ ਖ਼ਿਲਾਫ਼ ਇਕੱਤਰ ਹੋਵੇ ਪੰਥ : ਬੀਬੀ ਕੁਲਵਿੰਦਰ ਕੌਰ ਖਾਲਸਾ
- ਧਾਰਮਿਕ/ਰਾਜਨੀਤੀ
- 09 Mar,2025

ਅੰਮ੍ਰਿਤਸਰ, 9 ਮਾਰਚ ( ਜੁਗਰਾਜ ਸਿੰਘ ਸਰਹਾਲੀ )
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਦਾਸਪੁਰ ਯੂਨਿਟ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾਉਣਾ ਮੰਦਭਾਗੀ ਕਾਰਵਾਈ ਹੈ। ਸੁਖਬੀਰ ਸਿੰਘ ਬਾਦਲ ਤੇ ਬਾਦਲ ਜੁੰਡਲੀ ਦੇ ਖ਼ਿਲਾਫ਼ 2 ਦਸੰਬਰ ਨੂੰ ਤਖ਼ਤ ਸਾਹਿਬ ਤੋਂ ਹੋਏ ਫ਼ੈਸਲਿਆਂ ਕਾਰਨ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਹੈ, ਇਸੇ ਕਾਰਨ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਦੋਸ਼ ਲਗਾ ਕੇ ਬਦਲਿਆ ਗਿਆ ਸੀ। ਉਹਨਾਂ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਖਾਲਸਾ ਪੰਥ ਦੇ ਮੁਜ਼ਰਿਮ ਸੁਖਬੀਰ ਸਿੰਘ ਬਾਦਲ ਨੂੰ ਸੋਧਣ ਦਾ ਫੈਸਲਾ ਬਿਲਕੁਲ ਸਹੀ ਸੀ। ਉਹਨਾਂ ਕਿਹਾ ਕਿ ਨਵੇਂ ਜਥੇਦਾਰਾਂ ਰਾਹੀਂ ਹੁਣ ਬਾਦਲਕੇ 2 ਦਸੰਬਰ ਵਾਲੇ ਫੈਸਲੇ ਬਦਲਾਉਣਗੇ, ਭਰਤੀ ਲਈ ਬਣਾਈ ਕਮੇਟੀ ਦਾ ਵੀ ਭੋਗ ਪਵੇਗਾ, ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ ਕਾਇਮ ਹੋਏਗੀ, ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ ਏ ਕੌਮ ਵੀ ਬਹਾਲ ਕੀਤਾ ਜਾ ਸਕਦਾ ਹੈ ਤੇ ਬਾਦਲਕਿਆਂ ਦੀ ਅਯੋਗ ਲੀਡਰਸ਼ਿਪ ਨੂੰ ਪੰਥ ਦੇ ਸਿਰ ਬਿਠਾਉਣ ਦੇ ਯਤਨ ਹੋਣਗੇ ਪਰ ਖ਼ਾਲਸਾ ਪੰਥ ਇਸ ਖਿਲਾਫ ਝੰਡਾ ਬੁਲੰਦ ਕਰੇਗਾ। ਬੀਬੀ ਕੁਲਵਿੰਦਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰਾਂ ਨਾਲ ਕੀਤੇ ਦੁਰਵਿਹਾਰ ਖ਼ਿਲਾਫ਼ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ।
Posted By:

Leave a Reply