ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਵਿਸ਼ੇਸ਼ ਸਨਮਾਨ
- ਧਾਰਮਿਕ/ਰਾਜਨੀਤੀ
- 09 Mar,2025

ਤਰਨ ਤਾਰਨ, 9 ਮਾਰਚ (ਜੁਗਰਾਜ ਸਿੰਘ ਸਰਹਾਲੀ )
ਪੰਜਾਬ ਦੀ ਧਰਤੀ ’ਤੇ ਪਿਛਲੇ ਸਾਲ ਆਏ ਹੜ੍ਹਾਂ ਨਾਲ ਬਹੁਤ ਭਾਰੀ ਨੁਕਸਾਨ ਹੋਇਆ। ਗੁਰਸਿੱਖੀ ਦੀ ਪ੍ਰਤੱਖ ਮੂਰਤ ਬਾਬਾ ਸੁੱਖਾ ਸਿੰਘ ਵਲੋਂ ਹੜ੍ਹਾਂ ਵਿਚ ਕੀਤੀ ਗਈ ਸੇਵਾ ਦੀ ਸ਼ਲਾਘਾ ਪੂਰੀ ਦੁਨੀਆ ਵਿਚ ਹੋ ਰਹੀ ਹੈ। ਹੜ੍ਹਾਂ ਵੇਲੇ ਜਿੱਥੇ ਇਕ ਪਾਸੇ ਕਿਸਾਨ ਆਪਣੀਆਂ ਡੁੱਬੀਆਂ ਫ਼ਸਲਾਂ ਵੇਖ ਚਿੰਤਤ ਹੁੰਦੇ ਸਨ, ਉੱਥੇ ਦੂਜੇ ਪਾਸੇ ਮਹਾਂਪੁਰਖਾਂ ਨੂੰ ਬੰਨ੍ਹਾਂ ਉੱਤੇ ਹੱਥੀਂ ਸੇਵਾ ਕਰਦਿਆਂ ਵੇਖ ਕੇ ਚੜ੍ਹਦੀ ਕਲਾ ਵਿਚ ਆ ਜਾਂਦੇ ਸਨ। ਸਾਲ 2023 ਵਿਚ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਅਤੇ ਮਾਨਵਤਾ ਦੀ ਭਲਾਈ ਹਿੱਤ ਵਿਸ਼ਵ ਭਰ ਵਿਚ ਲਗਾਤਾਰ ਚੱਲਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। ਬੀਤੇ ਸਾਲ ਦੌਰਾਨ ਸੰਤ ਬਾਬਾ ਸੁੱਖਾ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਗੁਰੂ ਕਾਂਸ਼ੀ), ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕੈਨੇਡਾ ਵਿਚ ਅਲਬਰਟਾ ਵਿਧਾਨ ਸਭਾ ਅਤੇ ਉੱਘੀਆਂ ਕੈਨੇਡੀਅਨ ਰਾਜਨੀਤਿਕ ਹਸਤੀਆਂ, ਸਿਰਮੌਰ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਵੱਖ-ਵੱਖ ਪਿੰਡਾਂ-ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਗਤਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਹਜ਼ੂਰੀ ਕਥਾਵਾਚਕ ਗਿਆਨੀ ਸੁਖਦੇਵ ਸਿੰਘ ਨੇ ਆਖਿਆ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਵਲੋਂ ਦੇਸ਼ ਭਰ ਗੁਰੂ ਘਰਾਂ ਦੀਆਂ ਸੇਵਾਵਾਂ ਦੇ ਨਾਲ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ ਚੱਲ ਰਹੀ ਹੈ, ਜੋ ਅਤਿਅੰਤ ਲੋੜੀਂਦਾ ਕਾਰਜ ਹੈ, ਕਿਉਂਕਿ ਬੰਗਲਾਦੇਸ਼ ਵਿਚ ਸਿੱਖ ਸੰਗਤ ਦੀ ਗਿਣਤੀ ਬਹੁਤ ਘੱਟ ਹੈ। ਅੱਜ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ ਹੈ, ਜੋ ਉਹਨਾਂ ਵਲੋਂ ਕੀਤੀ ਗਈ ਮਹਾਨ ਸੇਵਾ ਦਾ ਸਨਮਾਨ ਹੈ। ਇਸ ਸਮੇਂ ਬਾਬਾ ਜੀ ਨਾਲ ਬਾਬਾ ਬਲਦੇਵ ਸਿੰਘ ਹੈਡ ਗ੍ਰੰਥੀ ਬਾਬਾ ਰਾਮ ਸਿੰਘ ਜੀ, ਸਟਾਲਿਨਜੀਤ ਸਿੰਘ ਸਰਪੰਚ ਠੱਟਾ, ਅਵਤਾਰ ਸਿੰਘ ਸਰਹਾਲੀ ਅਤੇ ਹੋਰ ਸੰਗਤਾਂ ਨੇ ਵੀ ਬਾਬਾ ਜੀ ਨਾਲ ਤਖ਼ਤ ਸਾਹਿਬ ਹਾਜ਼ਰੀ ਭਰੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
Posted By:

Leave a Reply