ਮਹਾਂਦਾਨੀ ਮਰਹੂਮ ਕਾਮਰੇਡ ਗੱਜਣ ਸਿੰਘ ਚੋਹਲਾ ਸਾਹਿਬ ਨੂੰ ਕੀਤਾ ਯਾਦ
- ਸਮਾਜ ਸੇਵਾ
- 10 Feb,2025

ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੰਡ ਖੇਤਰ ਦੇ ਪੱਛੜੇ ਇਲਾਕੇ ਵਿੱਚ ਸਕੂਲ ਖੋਲ੍ਹਣ ਲਈ ਆਪਣੀ ਸਾਰੀ ਜ਼ਮੀਨ ਕਰ ਦਿੱਤੀ ਸੀ ਦਾਨ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,10 ਫਰਵਰੀ
ਮਰਹੂਮ ਕਾਮਰੇਡ ਗੱਜਣ ਸਿੰਘ ਚੋਹਲਾ ਸਾਹਿਬ ਜਿੰਨਾਂ ਵਲੋਂ ਆਪਣੀ ਸਾਰੀ ਜ਼ਮੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ)ਚੋਹਲਾ ਸਾਹਿਬ ਨੂੰ ਦਾਨ ਕਰ ਦਿੱਤੀ ਗਈ ਸੀ,ਨੂੰ ਸਕੂਲ ਦੇ ਪੁਰਾਣੇ ਰਹੇ ਵਿਦਿਆਰਥੀਆਂ ਅਤੇ ਇਲਾਕੇ ਦੇ ਮੋਹਤਬਰਾਂ ਵਲੋਂ ਸਕੂਲ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਯਾਦ ਕੀਤਾ ਗਿਆ।
ਦੇਸ਼ ਦੀ ਅਜ਼ਾਦੀ ਉਪਰੰਤ ਚੋਹਲਾ ਸਾਹਿਬ ਦੇ ਪਛੜੇ ਇਲਾਕੇ ਵਿੱਚ ਪੜ੍ਹਾਈ ਦਾ ਸੁਚਾਰੂ ਪ੍ਰਬੰਧ ਨਾ ਹੋਣ ਕਾਰਨ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਮੋਹਤਬਰ ਲੋਕਾਂ ਵੱਲੋਂ ਇਕੱਤਰ ਹੋਕੇ ਚੰਗੀ ਵਿਦਿਅਕ ਸੰਸਥਾ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ ਸਨ ਤੇ ਮਸ਼ਵਰਾ ਕੀਤਾ ਗਿਆ ਕਿ ਚੋਹਲਾ ਸਾਹਿਬ ਤੇ ਨੇੜੇ ਦੇ ਮੰਡ ਖੇਤਰ ਦੇ ਬੱਚਿਆਂ ਲਈ ਹਾਈ ਸਕੂਲ ਬਣਾਇਆ ਜਾਵੇ ਤਾਂ ਇਸ ਸਮੇਂ ਕਾਮਰੇਡ ਗੱਜਣ ਸਿੰਘ,ਜਿੰਨਾ ਦੀ ਜ਼ਮੀਨ ਚੋਹਲਾ ਸਾਹਿਬ,ਰੱਤੋਕੇ,ਧੁੰਨ, ਰੂੜੀਵਾਲਾ,ਚੰਬਾ ਕਲਾਂ ਤੇ ਕਰਮੂਵਾਲਾ ਪਿੰਡਾਂ ਦੇ ਵਿਚਕਾਰ ਪੈਂਦੀ ਸੀ,ਨੇ ਆਪਣੀ ਸਾਰੀ ਜ਼ਮੀਨ ਇਸ ਸਾਂਝੇ ਕੰਮ ਲਈ ਦਾਨ ਕਰ ਦਿੱਤੀ ਤੇ ਇਲਾਕੇ ਦੇ ਸਹਿਯੋਗ ਨਾਲ 1952 ਵਿਚ ਖ਼ਾਲਸਾ ਹਾਈ ਸਕੂਲ ਬਣਿਆ ਜਿਹੜਾ ਬਾਅਦ ਵਿੱਚ ਸਰਕਾਰ ਵੱਲੋਂ ਗ੍ਰਹਿਣ ਕਰਕੇ ਸਰਕਾਰੀ ਹੱਥਾਂ ਵਿੱਚ ਲੈਕੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਜੋਂ ਮਸ਼ਹੂਰ ਹੋਇਆ ਤੇ ਇਸ ਸਕੂਲ ਨੇ ਵੱਖ ਵੱਖ ਖੇਤਰਾਂ ਵਿੱਚ ਕਈ ਮੱਲਾਂ ਮਾਰੀਆਂ ਤੇ ਇੱਥੋਂ ਦੇ ਪੜ੍ਹੇ ਹੋਏ ਵਿਦਿਆਰਥੀ ਵੱਡੀਆਂ ਪਦਵੀਆਂ ਤੇ ਪਹੁੰਚੇ।
ਅੱਜ ਕਾਮਰੇਡ ਗੱਜਣ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਦਾ ਇਕੱਠ ਸਕੂਲ ਵਿੱਚ ਕੀਤਾ ਗਿਆ ਤੇ ਸਕੂਲ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਵਿਚਾਰ ਚਰਚਾ ਕੀਤੀ ਗਈ।ਇਸ ਸਮੇਂ ਕਾਮਰੇਡ ਗੱਜਣ ਸਿੰਘ ਦੇ ਸਪੁੱਤਰ ਗੁਰਪਾਲ ਸਿੰਘ ਵਲੋਂ ਤਿਆਰ ਕਰਕੇ ਲਿਆਂਦੀ ਗਈ ਤਸਵੀਰ ਦਫਤਰ ਵਿੱਚ ਲਗਾਈ ਗਈ ਤੇ ਇਸ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਗਿਆ।ਜਿਨ੍ਹਾਂ ਵਿੱਚ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਵਿਦਿਆਰਥੀਆਂ ਨੂੰ ਗੰਭੀਰ ਹੋਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ।ਮੁਲਾਜ਼ਮ ਆਗੂ ਬਲਕਾਰ ਸਿੱਘ ਵਲਟੋਹਾ ਨੇ ਬੋਲਦਿਆਂ ਹੋਇਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜਨ ਦੀਆਂ ਸੁੱਖ ਸਹੂਲਤਾਂ ਬਹੁਤ ਹਨ ਪਰ ਵਿਦਿਆਰਥੀਆਂ ਵੱਲੋਂ ਪੜਨ ਵੱਲ ਧਿਆਨ ਘੱਟ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਜਿੰਦਗੀ ਵਿੱਚ ਸਫਲ ਹੋਣ ਲਈ ਪੜਨਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਵਿੱਚ ਬਹੁਤ ਸਾਰੇ ਖੇਤਰ ਹਨ ਜਿਨ੍ਹਾਂ ਵਿੱਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।ਵਲਟੋਹਾ ਵੱਲੋਂ ਸਕੂਲ ਦੀ ਲਾਇਬ੍ਰੇਰੀ ਦਾ ਨਾਮ ਕਾਮਰੇਡ ਗੱਜਣ ਸਿੰਘ ਦੇ ਨਾਮ 'ਤੇ ਰੱਖਣ ਲਈ ਵੀ ਅਪੀਲ ਕੀਤੀ ਗਈ। ਇਸ ਸਮੇਂ ਰਿਟਾਇਰਡ ਜਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਾਵਾਲੀਆ ਨੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਡੇ ਵਡੇਰਿਆਂ ਨੇ ਆਪਣਾ ਆਪਾ ਵਾਰ ਕੇ ਬੜੀਆਂ ਘਾਲਣਾ ਘਾਲ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਉਪਰੰਤ ਅਜਿਹੇ ਵਿਦਿਅਕ ਅਦਾਰੇ ਸਥਾਪਿਤ ਕੀਤੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਪੜ੍ਹ ਸਕਣ ਤੇ ਆਪਣਾ ਭਵਿੱਖ ਬਣਾ ਸਕਣ। ਉਨ੍ਹਾਂ ਕਿਹਾ ਕਿ ਕਾਮਰੇਡ ਗੱਜਣ ਸਿੰਘ ਦੀ ਇਹ ਬਹੁਤ ਵੱਡੀ ਦੇਣ ਹੈ ਜਿੰਨਾ ਆਪਣੀ ਸਾਰੀ ਜ਼ਮੀਨ ਹੀ ਭਵਿੱਖ ਦੇ ਵਾਰਸਾਂ ਹਵਾਲੇ ਕਰ ਦਿੱਤੀ।
ਇਸ ਸਮੇਂ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਸੂਬੇਦਾਰ ਲਖਮੀਰ ਸਿੰਘ ਪੱਖੋਪੁਰ , ਮਾਸਟਰ ਦਲਬੀਰ ਸਿੰਘ,ਬਲਬੀਰ ਸਿੰਘ,ਗੁਰਨਾਮ ਸਿੰਘ਼,ਰਿਟਾਇਰਡ ਡੀਆਰ ਤਰਲੋਚਨ ਸਿੰਘ ਸੰਧੂ, ਰਿਟਾਇਰਡ ਸਬ ਇੰਸਪੈਕਟਰ ਮਨਮੋਹਨ ਸਿੰਘ ਸੰਧੂ,ਪਰਮਜੀਤ ਸਿੰਘ ਚੋਹਲਾ ਸਾਹਿਬ,ਗੁਰਪਾਲ ਸਿੰਘ,ਸੁਖਵੰਤ ਸਿੰਘ ਜੇਈ,ਕਾਮਰੇਡ ਦਵਿੰਦਰ ਕੁਮਾਰ ਸੋਹਲ,ਕਾਮਰੇਡ ਬਲਵਿੰਦਰ ਸਿੰਘ ਦਦੇਹਰ,ਕਾਮਰੇਡ ਚਰਨ ਸਿੰਘ ਤਰਨ ਤਾਰਨ,ਮਨਜੀਤ ਸਿੰਘ ਚੰਬਾ ਕਲਾਂ, ਬਲਵਿੰਦਰ ਸਿੰਘ ਚੋਹਲਾ,ਸਕੂਲ ਮੁਖੀ ਦਿਲਬਾਗ ਸਿੰਘ ਅਤੇ ਸਾਰਾ ਸਟਾਫ ਹਾਜ਼ਰ ਸਨ।ਸਟੇਜ ਸਕੱਤਰ ਦੀ ਭੂਮਿਕਾ ਸਕੂਲ ਦੇ ਪੁਰਾਣੇ ਵਿਦਿਆਰਥੀ ਤੇ ਸਾਬਕਾ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਵਲੋਂ ਬਾਖੂਬੀ ਨਿਭਾਈ ਗਈ।
Posted By:

Leave a Reply