ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਦੇ ਜਨਮ ਦਿਹਾੜੇ 'ਤੇ ਫੈਡਰੇਸ਼ਨ ਵੱਲੋਂ ਸਿੱਖ ਸੰਘਰਸ਼ ਜਾਰੀ ਰੱਖਣ ਦਾ ਪ੍ਰਣ

ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਦੇ ਜਨਮ ਦਿਹਾੜੇ 'ਤੇ ਫੈਡਰੇਸ਼ਨ ਵੱਲੋਂ ਸਿੱਖ ਸੰਘਰਸ਼ ਜਾਰੀ ਰੱਖਣ ਦਾ ਪ੍ਰਣ

ਅੰਮ੍ਰਿਤਸਰ, 6 ਮਾਰਚ ( ਜੁਗਰਾਜ ਸਿੰਘ ਸਰਹਾਲੀ)

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ (ਸਪੁੱਤਰ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਤੇਰ੍ਹਵੇਂ ਮੁਖੀ ਦਮਦਮੀ ਟਕਸਾਲ) ਦੇ ਜਨਮ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੌਜੂਦਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਅਸੀਂ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਵੱਲੋਂ ਅਰੰਭੇ ਸੰਘਰਸ਼ ਉੱਤੇ ਪਹਿਰਾ ਦਿੰਦੇ ਰਹਾਂਗੇ ਅਤੇ ਇਹਨਾਂ ਕੌਮੀ ਸ਼ਹੀਦਾਂ ਦਾ ਖ਼ਾਲਿਸਤਾਨ ਦਾ ਸੁਪਨਾ ਸਾਕਾਰ ਕਰਾਂਗੇ।

ਉਹਨਾਂ ਕਿਹਾ ਕਿ ਭਾਈ ਅਮਰੀਕ ਸਿੰਘ ਜੀ ਨੇ ਫੈਡਰੇਸ਼ਨ ਰਾਹੀਂ ਖਾਲਸਾ ਪੰਥ ਦੇ ਬੋਲਬਾਲੇ ਕੀਤੇ, ਸਿੱਖ ਨੌਜਵਾਨਾਂ ਵਿੱਚ ਵੱਡੀ ਜਾਗ੍ਰਿਤੀ ਲਿਆਂਦੀ, ਸਿੱਖੀ ਦਾ ਪ੍ਰਚਾਰ ਕੀਤਾ, ਵਿਦਿਆਰਥੀਆਂ ਨੂੰ ਹੱਕਾਂ ਲਈ ਪ੍ਰੇਰਿਤ ਕੀਤਾ ਅਤੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ, ਖੁਸ਼ਹਾਲੀ ਤੇ ਅਜ਼ਾਦੀ ਲਈ ਸੰਘਰਸ਼ ਦਾ ਡੰਕਾ ਵਜਾਇਆ। ਭਾਈ ਅਮਰੀਕ ਸਿੰਘ ਜੀ ਨੇ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ, ਪੰਥ ਦੋਖੀਆਂ ਨਾਲ ਟੱਕਰ ਲਈ, ਸਰਕਾਰ ਨੂੰ ਵਾਹਣੇ ਪਾਇਆ ਤੇ ਧਰਮ ਯੁੱਧ ਮੋਰਚਾ ਲੜਿਆ ਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਦੀ ਅਗਵਾਈ ਵਿੱਚ ਮੁੱਠੀ ਭਰ ਸੂਰਮਿਆਂ ਨੇ ਭਾਰਤੀ ਫ਼ੌਜ ਨੂੰ ਲੋਹੇ ਦੇ ਚਣੇ ਚਬਾਉਂਦਿਆਂ ਚਮਕੌਰ ਦੀ ਗੜ੍ਹੀ ਵਾਲਾ ਸ਼ਾਨਾਮੱਤਾ ਇਤਿਹਾਸ ਸਿਰਜ ਦਿੱਤਾ। ਉਹਨਾਂ ਕਿਹਾ ਕਿ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਅੱਜ ਅਸੀਂ ਪ੍ਰਣ ਕਰਦੇ ਹਾਂ ਕਿ ਕੌਮੀ ਸ਼ਹੀਦਾਂ ਵੱਲੋਂ ਅਰੰਭਿਆ ਸੰਘਰਸ਼ ਜਾਰੀ ਰੱਖਾਂਗੇ।