ਸਭ ਕੌਮਾਂ, ਭਾਸਾਵਾਂ ਬੋਲੀਆਂ ਨੂੰ ਸਤਿਕਾਰ ਦੇਣ ਵਾਲੀ ਜਮਾਤ ਹੀ ਇੰਡੀਆਂ ਵਿਚ ਸਹੀ ਢੰਗ ਨਾਲ ਰਾਜ ਭਾਗ ਪ੍ਰਦਾਨ ਕਰ ਸਕਦੀ ਹੈ, ਮੁਤੱਸਵੀ ਅਮਲ ਵਾਲੇ ਨਹੀ : ਮਾਨ
- ਧਾਰਮਿਕ/ਰਾਜਨੀਤੀ
- 28 Feb,2025

ਫ਼ਤਹਿਗੜ੍ਹ ਸਾਹਿਬ, 28 ਫਰਵਰੀ ( ਤਾਜੀਮਨੂਰ ਕੌਰ ਅਨੰਦਪੁਰੀ )
ਇੰਡੀਆ ਉਤੇ ਰਾਜ ਭਾਗ ਕਰਨ ਵਾਲੀ ਮੌਜੂਦਾ ਬੀਜੇਪੀ-ਆਰ.ਐਸ.ਐਸ. ਜਮਾਤ ਦੇ ਮੁੱਢੋ ਹੀ ਕਾਰਵਾਈਆ ਤੇ ਅਮਲ ਦੂਸਰੀਆਂ ਕੌਮਾਂ, ਧਰਮਾਂ ਉਤੇ ਜ਼ਬਰੀ ਤਾਨਾਸਾਹੀ ਸੋਚ ਅਧੀਨ ਫੈਸਲੇ ਠੋਸਣ ਵਾਲੇ ਹਨ । ਜਦੋਕਿ ਇੰਡੀਆ ਦਾ ਵਿਧਾਨ ਜਮਹੂਰੀਅਤ ਪੱਖੀ, ਸਭਨਾਂ ਨੂੰ ਬਰਾਬਰਤਾ ਦਾ ਇਨਸਾਫ ਅਤੇ ਹੱਕ ਪ੍ਰਦਾਨ ਕਰਨ ਵਾਲਾ ਹੈ । ਇਥੇ ਉਹੀ ਜਮਾਤ ਰਾਜ ਭਾਗ ਸਹੀ ਢੰਗ ਨਾਲ ਕਰ ਸਕਦੀ ਹੈ । ਜਿਸਦੇ ਅਮਲ ਫਿਰਕੂ ਨਾ ਹੋ ਕੇ ਸਭਨਾਂ ਕੌਮਾਂ, ਧਰਮਾਂ, ਬੋਲੀਆ, ਭਾਸਾਵਾਂ ਤੇ ਸਭ ਵਰਗਾਂ ਨੂੰ ਸਤਿਕਾਰ ਦੇਣ ਵਾਲੇ ਹੋਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਬੀਜੇਪੀ ਪਾਰਟੀ ਦੇ ਪ੍ਰੈਜੀਡੈਟ ਦੀ ਮਾਰਚ ਵਿਚ ਹੋਣ ਵਾਲੀ ਚੋਣ ਉਤੇ ਅਤੇ ਇਨ੍ਹਾਂ ਹੁਕਮਰਾਨਾਂ ਵੱਲੋ ਇੰਡੀਆ ਦੇ ਨਾਮ ਨੂੰ ‘ਭਾਰਤ’ ਰੱਖਣ ਦੇ ਕੀਤੇ ਜਾ ਰਹੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੁਕਮਰਾਨ ਸਮੁੱਚੇ ਮੁਲਕ ਨਿਵਾਸੀਆ ਉਤੇ ਕੇਵਲ ਆਪਣੀ ਸੰਸਕ੍ਰਿਤੀ ਹਿੰਦੀ ਭਾਸਾ ਨੂੰ ਹੀ ਠੋਸਣ ਦੇ ਜਮਹੂਰੀਅਤ ਵਿਰੋਧੀ ਅਮਲ ਨਹੀ ਕਰ ਰਹੇ, ਬਲਕਿ ਬੀਤੇ ਸਮੇ ਦੇ ਬਣੇ ਕਾਨੂੰਨਾਂ ਨੂੰ ਵੀ ਬਹੁਤ ਹੀ ਔਖੇ ਤੇ ਨਾ ਸਮਝਣ ਵਾਲੇ ਨਾਵਾਂ ਵਿਚ ਤਬਦੀਲ ਕਰਕੇ ਇਥੇ ਜਬਰੀ ਹਿੰਦੂਤਵ ਸੋਚ ਨੂੰ ਲਾਗੂ ਕਰਨ ਦੇ ਅਮਲ ਕਰ ਰਹੇ ਹਨ । ਇਥੋ ਤੱਕ ਕਿ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਸਮਾਜਿਕ, ਧਾਰਮਿਕ ਸਭ ਹੱਕਾਂ ਨੂੰ ਕੁੱਚਲਕੇ, ਉਨ੍ਹਾਂ ਦੇ ਧਰਮਾਂ ਨਾਲ ਸੰਬੰਧਤ ਅਤੇ ਇਤਿਹਾਸ ਨਾਲ ਸੰਬੰਧਤ ਵਿਰਸੇ-ਵਿਰਾਸਤ ਅਤੇ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਹਿੱਤ ਬੱਚਿਆ ਦੀਆਂ ਕਿਤਾਬਾਂ ਤੇ ਸਿਲੇਬਸਾਂ ਵਿਚ ਹਿੰਦੂ ਧਰਮ ਨੂੰ ਉਭਾਰਿਆ ਜਾ ਰਿਹਾ ਹੈ ਅਤੇ ਬਾਕੀ ਧਰਮਾਂ ਦੀਆਂ ਮਨੁੱਖਤਾ ਪੱਖੀ ਇਛਾਈਆ ਨੂੰ ਗਲਤ ਰੰਗਤ ਦੇ ਕੇ ਉਨ੍ਹਾਂ ਨੂੰ ਮਨਫੀ ਕਰਨ ਦੇ ਸਮਾਜ ਤੇ ਧਰਮ ਵਿਰੋਧੀ ਕਾਰਵਾਈਆ ਹੋ ਰਹੀਆ ਹਨ ਜੋ ਕਿ ਸਹਿਣ ਕਰਨ ਯੋਗ ਨਹੀ ਹਨ । ਅਸੀ ਕਦਾਚਿਤ ਇਨ੍ਹਾਂ ਵੱਲੋ ਇੰਡੀਆ ਦਾ ਨਾਮ ਬਦਲਕੇ ਭਾਰਤ ਰੱਖਣ ਦੇ ਅਮਲਾਂ ਨੂੰ ਪ੍ਰਵਾਨ ਨਹੀ ਕਰਾਂਗੇ । ਇਨ੍ਹਾਂ ਮੁਤੱਸਵੀ ਜਮਾਤਾਂ ਦੇ ਮੁੱਖੀ ਅੱਜ ਤੱਕ ਕੱਟੜਵਾਦੀ ਸੋਚ ਦੇ ਮਾਲਕ ਰਹੇ ਹਨ। ਇਹੀ ਵਜਹ ਹੈ ਕਿ ਇੰਡੀਆ ਵਿਚ ਵੱਖ-ਵੱਖ ਸੂਬਿਆਂ ਤੇ ਸਥਾਨਾਂ ਉਤੇ ਧਰਮੀ ਤੇ ਕੌਮੀ ਨਫਰਤ ਪੈਦਾ ਕਰਕੇ ਆਪਣੀ ਸਿਆਸਤ ਤੇ ਹਕੂਮਤਾਂ ਨੂੰ ਚਲਾਉਣ ਦੇ ਸਮਾਜ ਵਿਰੋਧੀ ਅਮਲ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਦੀ ਜਮਾਤ ਦੇ ਪ੍ਰਧਾਨ ਦੀ ਜੋ ਚੋਣ ਹੋਣ ਜਾ ਰਹੀ ਹੈ, ਉਹ ਪਹਿਲੇ ਮੁਤੱਸਵੀ ਪ੍ਰਧਾਨਾਂ ਦੀ ਤਰ੍ਹਾਂ ਨਹੀ ਹੋਣੀ ਚਾਹੀਦੀ ਬਲਕਿ ਇਨ੍ਹਾਂ ਦੇ ਪ੍ਰਧਾਨ ਵਾਲੀ ਸਖਸ਼ੀਅਤ ਉਹ ਹੋਣੀ ਚਾਹੀਦੀ ਹੈ ਜੋ ਇਥੇ ਸਭ ਕੌਮਾਂ ਧਰਮਾਂ ਨੂੰ ਬਰਾਬਰਤਾ ਦੀ ਸੋਚ ਨਾਲ ਵੇਖਣ ਵਾਲੀ ਅਤੇ ਸਤਿਕਾਰ ਦੇਣ ਵਾਲੀ ਹੋਣੀ ਚਾਹੀਦੀ ਹੈ । ਜੇਕਰ ਇਸ ਅਹੁਦੇ ਉਤੇ ਇਹ ਨਿਰਪੱਖਤਾ ਵਾਲੀ ਸਖਸੀਅਤ ਨੂੰ ਚੁਣਨਗੇ, ਫਿਰ ਤਾਂ ਇਸ ਮੁਲਕ ਵਿਚ ਜਮਹੂਰੀਅਤ ਅਤੇ ਅਮਨਮਈ ਮਾਹੌਲ ਕਾਇਮ ਰਹਿ ਸਕੇਗਾ, ਵਰਨਾ ਕੱਟੜਵਾਦੀ ਸੋਚ ਨਾਲ ਤਾਂ ਇਹ ਜਮਾਤਾਂ ਇਥੇ ਅਰਾਜਕਤਾ ਨੂੰ ਫੈਲਾਉਣ ਵਿਚ ਹੀ ਮੋਹਰੀ ਬਣਨਗੀਆ । ਜਿਸ ਨਾਲ ਇਥੇ ਕਤਈ ਵੀ ਅਮਨ ਚੈਨ ਕਾਇਮ ਨਹੀ ਹੋ ਸਕੇਗਾ ।
Posted By:

Leave a Reply