ਨਸ਼ਾ ਤਸਕਰਾਂ ਦੇ ਘਰਾਂ 'ਤੇ ਚੱਲ ਰਿਹਾ ਭਗਵੰਤ ਮਾਨ ਦਾ ਬਲਡੋਜ਼ਰ ਰੁਕਣਾ ਨਹੀਂ ਚਾਹੀਦਾ - ਸਤਨਾਮ ਮਨਾਵਾਂ
- ਅਪਰਾਧ
- 26 Feb,2025

ਨਜ਼ਰਾਨਾ ਟਾਈਮਜ ਵਲਟੋਹਾ ਗੁਰਮੀਤ ਸਿੰਘ, ਵਲਟੋਹਾ
ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਮੁਖੀ ਮਾਸਟਰ ਸਤਨਾਮ ਸਿੰਘ ਮਨਾਵਾਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਸਮਗਲਰਾਂ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਹੈ ਕਿ ਮਾੜੇ ਸਮਾਜਿਕ ਅਨਸਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਥੋੜੇ ਸਮੇਂ ਵਿਚ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਪੰਜਾਬ ਦੀ ਬਹੁਤ ਮਾੜੀ ਦੁਰਦਸ਼ਾ ਕਰ ਦਿੱਤੀ ਗਈ ਹੈ, ਕਿਉਂਕਿ ਜੇਕਰ ਅਸੀਂ ਇਤਿਹਾਸ ਵੱਲ ਨੂੰ ਝਾਤ ਮਾਰੀਏ ਤਾਂ ਚਿੱਟਾ, ਹੀਰੋਇਨ, ਸਮੈਕ, ਆਦਿ ਨਸ਼ਿਆਂ ਨੂੰ ਪੰਜਾਬ ਵਿੱਚ ਆਏ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ, ਜਿਸ ਪੰਜਾਬ ਨੂੰ ਸਿਰਜਣ ਲਈ ਸਾਡੇ ਵੱਡੇ ਵਡੇਰਿਆਂ, ਸ਼ਹੀਦਾਂ ਅਤੇ ਯੋਧਿਆਂ ਨੂੰ ਸੈਂਕੜੇ ਸਾਲ ਲੱਗ ਗਏ, ਉਸ ਪੰਜਾਬ ਨੂੰ ਗਲਤ ਲੀਹਾਂ ਤੇ ਲਿਆਉਣ ਲਈ ਮਾੜੇ ਅਨਸਰਾਂ ਨੂੰ ਕੁਝ ਸਮਾਂ ਹੀ ਲੱਗਾ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਨਸ਼ਾ ਸਮਗਲਰਾਂ ਖਿਲਾਫ ਐਕਸ਼ਨ ਵਿਚ ਨਜ਼ਰ ਆ ਰਹੀ ਹੈ, ਕਿਉਂਕਿ ਨਸ਼ਾ ਤਸਕਰਾਂ ਦੇ ਘਰਾਂ 'ਤੇ ਬਲਡੋਜ਼ਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਹਨ, ਜੋ ਕਿ ਇੱਕ ਸ਼ਲਾਘਾਯੋਗ ਪਹਿਲ ਹੈ, ਪਰ ਇਹ ਕੰਮ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ। ਮਨਾਵਾਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਰਾਜਨੀਤਿਕ ਲੋਕਾਂ ਦੀ ਪੁਲਿਸ ਮਹਿਕਮੇ ਵਿੱਚ ਦਖਲ ਅੰਦਾਜ਼ੀ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ, ਤਾਂ ਜੋ ਪੁਲਿਸ ਸਹੀ ਢੰਗ ਨਾਲ ਆਪਣੀ ਡਿਊਟੀ ਨਿਭਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਪੰਚਾਇਤਾਂ ਹਨ, ਉਨ੍ਹਾਂ ਨੂੰ ਇੱਕਜੁੱਟ ਹੋ ਕੇ ਮਤਾ ਪਾਸ ਕਰਨਾ ਚਾਹੀਦਾ ਹੈ, ਕਿ ਜੇਕਰ ਉਨ੍ਹਾਂ ਦੇ ਪਿੰਡ ਦਾ ਕੋਈ ਨਸ਼ਾ ਸਮਗਲਰ ਗ੍ਰਿਫਤਾਰ ਹੁੰਦਾ ਹੈ ਤਾਂ ਉਸਦੀ ਹਿਮਾਇਤ ਵਿੱਚ ਕੋਈ ਵੀ ਪੰਚਾਇਤ ਥਾਣੇ ਨਹੀਂ ਜਾਵੇਗੀ, ਜੇਕਰ ਇਸ ਤਰ੍ਹਾਂ ਹੋ ਜਾਵੇ ਤਾਂ ਪੰਜਾਬ ਵਿੱਚ ਸੁਧਾਰ ਆਉਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ। ਸਤਨਾਮ ਸਿੰਘ ਮਨਾਵਾਂ ਨੇ ਇਹ ਵੀ ਕਿਹਾ ਕਿ ਸਾਡੇ ਨਾਲੋਂ ਜਿਆਦਾ ਹਾਲਾਤ ਉੱਤਰ ਪ੍ਰਦੇਸ਼ ਵਿੱਚ ਵਿਗੜੇ ਹੋਏ ਸਨ, ਪਰ ਯੋਗੀ ਅਦਿਤਨਾਥ ਵਰਗਾ ਮੁੱਖ ਮੰਤਰੀ ਜੇਕਰ ਉਸ ਸੂਬੇ ਵਿੱਚ ਸੁਧਾਰ ਲਿਆ ਸਕਦਾ ਹੈ, ਤਾਂ ਭਗਵੰਤ ਮਾਨ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਕਿਉਂ ਨਹੀਂ ਬਣਾ ਸਕਦੇ,ਇਸ ਲਈ ਸਰਕਾਰਾਂ ਪੰਜਾਬ ਪ੍ਰਤੀ ਆਪਣੀ ਵਫਾਦਾਰੀ ਨਿਭਾਉਣ ਅਤੇ ਜੋ ਕਾਰਵਾਈ ਨਸ਼ਾ ਸਮਗਲਰਾਂ ਖਿਲਾਫ ਕੀਤੀ ਜਾ ਰਹੀ ਹੈ, ਉਸ ਨੂੰ ਜਾਰੀ ਰੱਖਿਆ ਜਾਵੇ।
Posted By:

Leave a Reply