ਬਾਦਲਕਿਆਂ 'ਤੇ ਵਿਸ਼ਵਾਸ ਕਰਨਾ ਖੂਹ ਵਿੱਚ ਛਾਲ ਮਾਰਨ ਵਾਲੀ ਗੱਲ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
ਅੰਮ੍ਰਿਤਸਰ, 6 ਮਈ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਹਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਪੰਥ ਦੀਆਂ ਸੰਸਥਾਵਾਂ ਹਨ ਜਿਨ੍ਹਾਂ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਬਾਦਲਾਂ ਨੇ ਆਪਣੇ ਸਿਆਸੀ ਮੁਫ਼ਾਦਾਂ ਲਈ ਇਹਨਾਂ ਸੰਸਥਾਵਾਂ ਦੀ ਐਨੀ ਦੁਰਵਰਤੋਂ ਕੀਤੀ, ਏਨੀਆਂ ਗ਼ਲਤੀਆਂ ਕੀਤੀਆਂ, ਏਨੇ ਵੱਡੇ ਗੁਨਾਹ ਤੇ ਪਾਪ ਕੀਤੇ ਕਿ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਦਾ ਵੱਕਾਰ ਅਤੇ ਭਰੋਸੇਯੋਗਤਾ ਖ਼ਤਮ ਹੋ ਗਈ ਹੈ। ਹੁਣ ਤਾਂ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਭਾਵੇਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕਿਸੇ ਮੁੱਦੇ ਜਾਂ ਨੁਕਤੇ ਉੱਤੇ ਕੋਈ ਸਹੀ ਗੱਲ ਵੀ ਕਰਨ ਪਰ ਸਿੱਖ ਇਹਨਾਂ ਨੂੰ ਹੀ ਗਲਤ ਸਮਝਦੇ ਹਨ। ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਕੌਮ ਵਿਰੁੱਧ ਵਾਰ-ਵਾਰ ਭੁਗਤ ਕੇ ਆਪਣੀ ਹੀ ਕੌਮ ਨੂੰ ਆਪਣੇ ਖ਼ਿਲਾਫ਼ ਕਰ ਲਿਆ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖ਼ਾਲਸਾ ਪੰਥ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖ, ਬਾਦਲਕਿਆਂ ਤੋਂ ਬੇਹੱਦ ਨਫ਼ਰਤ ਕਰਦੇ ਹਨ। ਬਾਦਲਕਿਆਂ ਨੇ ਤਾਂ ਆਪਣੀ ਗੰਧਲੀ ਸਿਆਸਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਮਹਾਨ ਰੁਤਬਾ ਵੀ ਰੋਲ ਕੇ ਰੱਖ ਦਿੱਤਾ। ਜਥੇਦਾਰ ਦਾ ਰੋਅਬ, ਸ਼ਾਨ ਅਤੇ ਸਾਖ਼ ਮਿੱਟੀ ਵਿੱਚ ਮਿਲਾ ਦਿੱਤੀ। ਅੱਜ ਕੋਈ ਸਿੱਖ, ਜਥੇਦਾਰ ਦੇ ਕਹਿਣੇ 'ਤੇ ਚੱਲਣ ਨੂੰ ਤਿਆਰ ਨਹੀਂ। ਹਰ ਸਿੱਖ ਇਸ ਗੱਲ ਨੂੰ ਸਮਝਦਾ ਹੈ ਕਿ ਜਥੇਦਾਰ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਗੂ ਓਹੀ ਕੁਝ ਕਰਦੇ ਹਨ ਜੋ ਕੁਝ ਸੁਖਬੀਰ ਸਿੰਘ ਬਾਦਲ ਹੁਕਮ ਦਿੰਦਾ ਹੈ। ਬਾਦਲਕੇ ਸਿਆਸਤ ਕਰਨ ਸੌ ਵਾਰ ਕੀ ਭਾਵੇਂ ਹਜ਼ਾਰ-ਲੱਖ ਵਾਰ ਕਰਨ ਪਰ ਘੱਟੋ-ਘੱਟ ਸਾਡੀਆਂ ਸੰਸਥਾਵਾਂ ਅਤੇ ਜਥੇਦਾਰ ਦੇ ਅਹੁਦੇ ਨੂੰ ਤਾਂ ਬਖਸ਼ ਦਿੰਦੇ, ਪਰ ਬਾਦਲਾਂ ਨੇ ਤਾਂ ਸਿੱਖ ਕੌਮ ਕੱਖਾਂ ਤੋਂ ਵੀ ਹੌਲ਼ੀ ਕਰ ਸੁੱਟੀ ਹੈ। ਸਿੱਖ ਸੰਗਤ ਵੀ ਵਿਚਾਰੀ ਕੀ ਕਰੇ, ਬਾਦਲਾਂ ਨੇ ਦੁਖੀ ਹੀ ਐਨਾ ਕਰ ਛੱਡਿਆ ਕਿ ਹੁਣ ਬਾਦਲਾਂ ਅਤੇ ਉਹਨਾਂ ਦੇ ਅਧੀਨ ਆਗੂਆਂ ਉੱਤੇ ਵਿਸ਼ਵਾਸ ਕਰਨਾ ਖੂਹ ਵਿੱਚ ਛਾਲ ਮਾਰਨ ਵਾਲ਼ੀ ਗੱਲ ਬਣ ਗਈ ਹੈ। ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਜਥੇਦਾਰ ਨੂੰ ਆਪਣੀਆਂ ਗਲਤੀਆਂ ਅਤੇ ਸਾਖ਼ ਸੁਧਾਰੇ ਬਿਨਾਂ ਤੇ ਸਿੱਖ ਸੰਗਤਾਂ ਵਿੱਚ ਭਰੋਸੇਯੋਗਤਾ ਕਾਇਮ ਕੀਤੇ ਬਿਨਾਂ ਸਿੱਖ ਕੌਮ ਦਾ ਸਾਥ ਨਹੀਂ ਮਿਲਣਾ ਉਹ ਇਸ ਹਕੀਕਤ ਨੂੰ ਸਮਝਣ।
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ