ਮਿਲਾਵਟਖੋਰ ਅਨਸਰ ਲੋਕਾਂ ਨੂੰ ਹੌਲੀ-ਹੌਲੀ ਜ਼ਹਿਰ ਦੇ ਕੇ ਮਾਰ ਰਹੇ ਹਨ-ਕੁਲਦੀਪ ਸਿੰਘ
ਕਿਹਾ ਜਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਹੋਵੇ ਤੈਅ
ਮਿਲਾਵਟਖੋਰ ਲੋਕ ਇਨਸਾਨੀਅਤ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ-ਕੌਂਸ਼ਲਰ
ਕਪੂਰਥਲਾ 10 ਅਕਤੂਬਰ ਗੌਰਵ ਮੜੀਆ
ਸਾਡੇ ਸਮਾਜ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਬੁਰਾਈਆਂ ਫੈਲੀਆਂ ਹੋਈਆਂ ਹਨ,ਜਿਵੇਂ ਦਾਜ ਦੀ ਸਮੱਸਿਆ,ਮੰਗਤਿਆਂ ਦੀ ਸਮੱਸਿਆ,ਪ੍ਰਦੂਸਨ ਦੀ ਸਮੱਸਿਆ,ਬੇਰੁਜ਼ਗਾਰੀ ਦੀ ਸਮੱਸਿਆ ਨਸ਼ਿਆਂ ਦੀ ਸਮੱਸਿਆ ਆਦਿ।ਪਰ ਇਹਨਾਂ ਸਮੱਸਿਆਵਾਂ ਦੇ ਨਾਲ-ਨਾਲ ਸਮਾਜ ਦੀ ਇਕ ਅਹਿਮ ਸਮੱਸਿਆ ਹੈ ਮਿਲਾਵਟਖੋਰੀ।ਇਹ ਮਿਲਾਵਟਖੋਰੀ ਸਾਡੇ ਸਮਾਜ ਅਤੇ ਦੇਸ ਨੂੰ ਸਿਉਂਕ ਦੀ ਤਰ੍ਹਾਂ ਅੰਦਰੋਂ-ਅੰਦਰੀ ਖਾਈ ਜਾ ਰਹੀ ਹੈ ਅਤੇ ਇਨਸਾਨਾਂ ਨੂੰ ਖੋਖਲਾ ਕਰ ਰਹੀ ਹੈ।ਇਹ ਗੱਲ ਕੌਂਸ਼ਲਰ ਕੁਲਦੀਪ ਸਿੰਘ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ।ਉਨ੍ਹਾਂਨੇ ਕਿਹਾ ਇਸ ਸਮੱਸਿਆ ਦੇ ਕਾਰਨ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਖੋਖਲੀ ਹੋ ਰਹੀ ਹੈ ਅਤੇ ਬੁਢਾਪਾ ਬੀਮਾਰੀਆਂ ਵਿਚ ਘਿਰਿਆ ਹੈ।ਸ਼ਾਇਦ ਹੀ ਕੋਈ ਆਦਮੀ ਅਜਿਹਾ ਮਿਲੇਗਾ ਜੋ ਇਸ ਸਮੱਸਿਆ ਤੋਂ ਪ੍ਰਭਾਵਿਤ ਨਾ ਹੋਵੇ।ਉਨ੍ਹਾਂਨੇ ਕਿਹਾ ਮਿਲਾਵਟਖੋਰ ਦੇਸ਼ ਦੇ ਅਜਿਹੇ ਦੁਸ਼ਮਣ ਹੁੰਦੇ ਹਨ ਕਿ ਉਨ੍ਹਾਂਨੂੰ ਲੋਕਾਂ ਉੱਤੇ ਰਤਾ ਭਰ ਵੀ ਤਰਸ ਨਹੀਂ ਆਉਂਦਾ ਅਤੇ ਉਹ ਬੜੀ ਚਲਾਕੀ ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵਿਚ ਮਿਲਾਵਟ ਕਰਕੇ ਲੋਕਾਂ ਦੀਆਂ ਜਾਨਾਂ ਅਤੇ ਸਿਹਤ ਨਾਲ ਖੇਡਦੇ ਹਨ।ਕੁਲਦੀਪ ਸਿੰਘ ਨੇ ਕਿਹਾ ਮਿਲਾਵਟ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ,ਜਿਵੇਂ-ਆਟੇ ਅਤੇ ਲੂਣ ਵਿਚ ਦੁੱਧ-ਪੱਥਰੀ ਦੀ ਮਿਲਾਵਟ,ਦੁੱਧ ਵਿਚ ਪਾਣੀ ਮਿਲਾਉਣਾ,ਹਲਦੀ ਵਿਚ ਗਾਚਨੀ ਮਿੱਟੀ ਮਿਲਾਉਣਾ, ਸ਼ਹਿਦ ਦੀ ਥਾਂ ਮੁਰੱਬੇ ਦਾ ਸੀਰਾ ਵੇਚਣਾ,ਦੇਸੀ ਘਿਉ ਦੀ ਥਾਂ ਮਿਲਾਵਟ ਭਰਿਆ ਬਨਸਪਤੀ ਘਿਉ,ਗੰਨੇ ਦੇ ਰਸ ਵਿਚ ਸਕਰੀਨ ਵਾਲਾ ਪਾਣੀ ਮਿਲਾ ਕੇ ਵੇਚਣਾ ਅਤੇ ਨਕਲੀ ਦਵਾਈਆਂ ਵੇਚਣਾ,ਜਿਸ ਕਰਕੇ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਚਲੀਆਂ ਜਾਂਦੀਆਂ ਹਨ।ਅਜਿਹਾ ਕਰਕੇ ਉਹ ਆਪਣੇ ਨਿਜੀ ਸਵਾਰਥ ਦੀ ਪੂਰਤੀ ਲਈ(ਘੱਟ ਲਾਗਤ ਤੇ ਵਧੇਰੇ ਮੁਨਾਫ਼ਾ)ਲੋਕਾਂ ਦੀਆਂ ਕੀਮਤੀ ਜਾਨਾਂ ਲੈਣ ਤੋਂ ਵੀ ਗੁਰੇਜ ਨਹੀਂ ਕਰਦੇ।ਅਜਿਹੇ ਲੋਕ ਇਨਸਾਨੀਅਤ ਦੇ ਦੁਸ਼ਮਣ ਹੁੰਦੇ ਹਨ।ਉਨ੍ਹਾਂਨੇ ਕਿਹਾ ਕਿ ਅੱਜ ਸਿਹਤ ਦੇ ਪੱਖ ਨਾਲ ਖਿਲਵਾੜ ਹੋਣ ਲਈ ਮਿਲਾਵਟ ਖੋਰੀ ਸਭ ਤੋਂ ਅੱਗੇ ਹੈ।ਕਾਰਨ ਸ਼ਪਸ਼ਟ ਹੈ ਕਿ ਅਧਿਕਾਰੀਆਂ ਦੀ ਮਿਲੀਭੁਗਤ ਤੇ ਢਿੱਲੀ ਕਾਰਗੁਜ਼ਾਰੀ ਇਸ ਧੰਦੇ ਨੂੰ ਉਤਸ਼ਾਹਿਤ ਕਰਦੇ ਹਨ।ਇਸ ਚੋਂ ਭ੍ਰਿਸ਼ਟਾਚਾਰ ਦੀ ਬਦਬੂ ਆਉਂਦੀ ਹੈ।ਉਨ੍ਹਾਂਨੇ ਕਿਹਾ ਕਿ ਮਿਲਾਵਟਖੋਰੀ ਨੂੰ ਰੋਕਣ ਲਈ ਜਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।ਮਿਲਾਵਟ ਖੋਰੀ ਨਾਲ ਮਨੁੱਖੀ ਜੀਵਨ ਨੂੰ ਖਤਰਿਆਂ ਦੀਆਂ ਸੁਰਖੀਆਂ ਰਹਿੰਦੀਆਂ ਹਨ ਪਰ ਪੁਖਤਾ ਇੰਤਜਾਮ ਜ਼ੀਰੋ ਹਨ।ਬਾਜ਼ਾਰ ਚ ਦਵਾਈਆਂ ਨਾਲ ਮਿਠਿਆਈਆਂ,ਪੱਕੇ ਫਲ ਸਬਜ਼ੀਆਂ ਜ਼ਹਿਰਾਂ ਵਰਤਾ ਰਹੀਆਂ ਹਨ।ਬੇਮੌਸਮੀ ਚੀਜ਼ਾਂ ਦੀ ਭਰਮਾਰ ਵੀ ਰਹਿੰਦੀ ਹੈ।ਇਸ ਲਈ ਵੀ ਮਿਲਾਵਟ ਖੋਰੀ ਜ਼ਿੰਮੇਵਾਰ ਹੁੰਦੀ ਹੈ।ਨਿੱਤ ਦਿਨ ਸ਼ੋਸ਼ਲ ਮੀਡੀਆ ਤੇ ਮਿਲਾਵਟ ਖੋਰੀ ਦੀਆਂ ਝਲਕਾਂ ਦਿਖਦੀਆਂ ਰਹਿੰਦੀਆਂ ਹਨ।ਇਨ੍ਹਾਂ ਨੂੰ ਕੂੜ-ਕੁਆੜ ਸਮਝ ਕੇ ਪਰੇ ਸੁੱਟਣ ਦੀ ਬਜਾਏ ਤਹਿ ਤੱਕ ਜਾਣ ਦੀ ਲੋੜ ਹੈ। ਸੱਚ ਜਨਤਾ ਸਾਹਮਣੇ ਆਉਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵਸਤਾਂ ਵਿੱਚ ਮਿਲਾਵਟਖੋਰੀ ਦਾ ਮਾਮਲਾ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ।ਸਰਕਾਰ ਕੋਲ ਮਿਲਾਵਟਖੋਰੀ ਨੂੰ ਰੋਕਣ ਲਈ ਲੋੜੀਂਦਾ ਤਾਣਾ-ਬਾਣਾ ਨਹੀਂ ਹੈ।ਇਸ ਸਬੰਧ ਵਿੱਚ ਕਾਨੂੰਨ ਵੀ ਬੇਹਦ ਨਰਮ ਹੈ।ਇਸ ਕਾਰਨ ਹੀ ਖਾਣ ਪੀਣ ਦੀਆਂ ਚੀਜ਼ਾਂ ਵਸਤਾਂ ਵਿੱਚ ਮਿਲਾਵਟਖੋਰੀ ਧੜੱਲੇ ਨਾਲ ਜਾਰੀ ਹੈ।ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਅਨਸਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।ਦੂਜੇ ਅਰਥਾਂ ਵਿੱਚ ਇਹ ਇਕ ਤਰ੍ਹਾਂ ਦੇ ਕਾਤਲ ਹੀ ਹਨ।ਲੋਕਾਂ ਨੂੰ ਹੌਲੀ-ਹੌਲੀ ਜ਼ਹਿਰ ਅਤੇ ਸੰਥੈਟਿਕ ਪਦਾਰਥ ਖੁਆ ਕੇ ਮਾਰਿਆ ਜਾ ਰਿਹਾ ਹੈ।ਕੁਲਦੀਪ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਮਿਲਾਵਟਖੋਰੀ ਰੋਕਣ ਲਈ ਸਖਤ ਤੋਂ ਸਖਤ ਕਨੂੰਨ ਬਣਾਏ।ਟੀਵੀ ਉੱਤੇ ਰੋਜ਼ਾਨਾ ਨਾਗਰਿਕਾਂ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਏ, ਮਿਲਾਵਟ ਕਰਨ ਵਾਲਿਆਂ ਨੂੰ ਫੜਾਉਣ ਵਾਲੇ ਨੂੰ ਚੰਗੇ ਇਨਾਮ ਦਿੱਤੇ ਜਾਣ ਅਤੇ ਉਹਨਾਂ ਦਾ ਨਾ ਤੇ ਪਤਾ ਵੀ ਗੁਪਤ ਰੱਖਿਆ ਜਾਵੇ,ਮਿਲਾਵਟ ਖੋਰਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਉਹ ਸਜਾ ਦੂਜੇ ਮਿਲਾਵਟਖੋਰਾਂ ਲਈ ਇਕ ਉਦਾਹਰਨ ਬਣ ਜਾਏ ਅਤੇ ਇਸ ਤੋਂ ਡਰਦਾ ਕੋਈ ਵੀ ਮਿਲਾਵਟ ਕਰਨ ਦੀ ਜੁੱਰਤ ਨਾ ਕਰੇ।ਉਨ੍ਹਾਂਨੇ ਕਿਹਾ ਕਿ ਆਮ ਵਰਤੋਂ ਦੀਆਂ ਚੀਜ਼ਾਂ ਦੀ ਸ਼ੁੱਧੀ ਦੀ ਜਾਂਚ ਕਰਨ ਦੇ ਢੰਗਾਂ ਦਾ ਪ੍ਰਚਾਰ ਕੀਤਾ ਜਾਵੇ,ਤਾਂ ਜੋ ਹਰ ਨਾਗਰਿਕ ਇਸ ਦੀ ਜਾਣਕਾਰੀ ਰੱਖੇ ਅਤੇ ਉਹ ਸ਼ੁੱਧ ਚੀਜ਼ਾਂ ਹਾਸਲ ਕਰ ਸਕੇ।ਉਨ੍ਹਾਂਨੇ ਕਿਹਾ ਕਿ ਤੰਦਰੁਸਤੀ ਸਫਲਤਾ ਦੀ ਕੁੰਜੀ ਹੈ ਦੇ ਵਿਚਾਰ ਤਹਿਤ ਸਾਡੇ ਨਾਗਰਿਕਾਂ ਨੂੰ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਭੱਵਿਖ ਵਿਚ ਤੰਦਰੁਸਤ ਨਾਗਰਿਕਾਂ ਦੇ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਚੰਗੀ ਸਿਹਤ ਦੇ ਮਾਲਕ ਸਾਡੇ ਦੇਸ ਨਾਗਰਿਕ ਆਪਣੇ ਦੇਸ ਨੂੰ ਉੱਨਤੀ ਦੀਆਂ ਉੱਚਾਈਆਂ ਉੱਤੇ ਲੈ ਕੇ ਜਾ ਸਕਣ।
Posted By: Gaurav Maria