Nazrana Times

ਪੰਜਾਬੀ

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਪੰਜਾਬ ਦੀ ਅਣਖ ਦੀ ਲੜਾਈ -ਮੁੱਖ ਮੰਤਰੀ ਮਾਨ

10 Oct, 2026 07:51 PM

ਫਿਲਮੀ ਅਦਾਕਾਰਾ ਨੀਰੂ ਬਾਜਵਾ ਅਤੇ ਫਿਲਮ 'ਥਾਪੀ' ਦੀ‌ ਟੀਮ‌ ਵੀ ਹਾਜ਼ਰ ਰਹੀ।

ਬਰਨਾਲਾ , ਬਿੰਦਰ ਸਿੰਘ ਖੁੱਡੀ ਕਲਾਂ 

: ਸੂਬਾ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਵਰਗੀ ਭੈੜੀ ਅਤੇ ਘਾਤਕ ਅਲਾਮਤ ਨੂੰ ਜੜ੍ਹੋਂ ਪੁੱਟਣ ਦੇ ਅਹਿਦ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਧਰਤੀ ਚੱਪੜਚਿੜੀ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਆਖਰੀ ਅਤੇ ਨਿਰਣਾਇਕ ਪੜਾਅ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ।ਇਸ ਵਿਸ਼ੇਸ਼ ਮੌਕੇ 'ਤੇ ਸੂਬੇ ਭਰ ਵਿੱਚੋਂ ਜਾਗਰੂਕਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ਾਲ ਬਾਈਕ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। 

ਮੁੱਖ ਮੰਤਰੀ ਨੇ ਇਸ ਮੌਕੇ ਰੈਲੀ ਵਿੱਚ ਸ਼ਾਮਿਲ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣਾਉਣ ਦੇ ਇਸ ਮਿਸ਼ਨ ਵਿੱਚ ਮੋਹਰੀ ਹੋ ਕੇ ਸਾਥ ਦੇਣ ਦੀ ਅਪੀਲ ਕੀਤੀ।​ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਸਾਡਾ ਸਭ ਤੋਂ ਵੱਡਾ ਸਰਮਾਇਆ ਹੈ ਅਤੇ ਕੁਝ ਲੋਕਾਂ ਵੱਲੋਂ ਸਾਡੀ ਇਸ ਕੀਮਤੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ਵਿੱਚ ਧੱਕਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।ਜਿਨ੍ਹਾਂ ਨੂੰ ਸਰਕਾਰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ 'ਯੁੱਧ ਨਸ਼ਿਆਂ ਵਿਰੁੱਧ' ਸਿਰਫ਼ ਇੱਕ ਸਰਕਾਰੀ ਮੁਹਿੰਮ ਨਹੀਂ ਹੈ, ਸਗੋਂ ਇਹ ਪੰਜਾਬ ਦੇ ਹਰ ਨਾਗਰਿਕ ਦੀ ਜਾਨ ਅਤੇ ਅਣਖ ਦੀ ਲੜਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਗਾਜ ਤੋਂ ਕਿਸੇ ਵੀ ਸੂਰਤ ਵਿੱਚ ਵੱਡੇ ਜਾਂ ਛੋਟੇ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਮਾਗਮ ਦੌਰਾਨ ਹਾਜ਼ਰ ਹੋਰ ਮੁੱਖ ਸ਼ਖ਼ਸੀਅਤਾਂ ਅਤੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਖਿਲਾਫ਼ ਇਹ ਲੜਾਈ ਸਿਰਫ਼ ਇਕੱਲੀ ਸਰਕਾਰ, ਪ੍ਰਸ਼ਾਸਨ ਜਾਂ ਪੁਲਿਸ ਵਿਭਾਗ ਦੀ ਜ਼ਿੰਮੇਵਾਰੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਇਸ ਭੈੜੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਮਾਵਾਂ, ਭੈਣਾਂ, ਬਜ਼ੁਰਗਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇੱਕਜੁੱਟ ਹੋਣਾ ਪਵੇਗਾ। ਜਦੋਂ ਤੱਕ ਇਸ ਮੁਹਿੰਮ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਗਲੀ-ਗਲੀ ਜਾ ਕੇ ਇੱਕ ਵਿਸ਼ਾਲ 'ਲੋਕ ਲਹਿਰ' ਵਿੱਚ ਤਬਦੀਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਲੜਾਈ ਵਿੱਚ ਪੂਰੀ ਸਫ਼ਲਤਾ ਹਾਸਿਲ ਕਰਨਾ ਔਖਾ ਹੈ। ਸਾਰਿਆਂ ਨੂੰ ਆਪੋ-ਆਪਣੀ ਬਣਦੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਇਸ ਮੁਹਿੰਮ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣਾ ਚਾਹੀਦਾ ਹੈ।

​ ਇਸ ਵਿਸ਼ਾਲ ਜਾਗਰੂਕਤਾ ਮੁਹਿੰਮ ਵਿੱਚ ਪ੍ਰਸਿੱਧ ਫਿਲਮੀ ਸਿਤਾਰਿਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਲਈ ਆਪਣੀ ਹਾਜ਼ਰੀ ਦਰਜ ਕਰਵਾਈ। ਉੱਘੀ ਪੰਜਾਬੀ ਫਿਲਮੀ ਅਦਾਕਾਰਾ ਨੀਰੂ ਬਾਜਵਾ ਅਤੇ ਆਉਣ ਵਾਲੀ ਨਵੀਂ ਪੰਜਾਬੀ ਫਿਲਮ 'ਥਾਪੀ' ਦੀ ਪੂਰੀ ਸਟਾਰ ਕਾਸਟ ਤੇ ਟੀਮ ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂ਼ੂਦ ਰਹੀ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ, ਕਲਾ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਪ੍ਰਬੰਧਕਾਂ ਅਤੇ ਪੰਜਾਬੀਆਂ ਵੱਲੋਂ ਨੀਰੂ ਬਾਜਵਾ, ਫਿਲਮ 'ਥਾਪੀ' ਦੀ ਪੂਰੀ ਟੀਮ ਅਤੇ ਦੇਸ਼-ਵਿਦੇਸ਼ ਤੋਂ ਇਸ ਮੁਹਿੰਮ ਨੂੰ ਸਮਰਥਨ ਦੇਣ ਪਹੁੰਚੇ ਸਮੂਹ ਪੰਜਾਬ ਦਰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।​ ਪੰਜਾਬ ਦੇ ਸੁਨਹਿਰੀ ਇਤਿਹਾਸ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਧਰਤੀ ਮਹਾਨ ਗੁਰੂਆਂ, ਪੀਰਾਂ, ਦੇਸ਼ ਦੇ ਲਈ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ, ਨਿਧੜਕ ਖਿਡਾਰੀਆਂ ਅਤੇ ਸੂਰਬੀਰ ਫੌਜੀ ਜਰਨੈਲਾਂ ਦੀ ਪਵਿੱਤਰ ਧਰਤੀ ਹੈ। ਸਾਡੇ ਵਡੇਰਿਆਂ ਨੇ ਹਮੇਸ਼ਾ ਜ਼ੁਲਮ, ਅਨਿਆਂ ਅਤੇ ਮੁਸ਼ਕਲਾਂ ਵਿਰੁੱਧ ਅਣਖ ਨਾਲ ਟੱਕਰ ਲਈ ਹੈ। ਅੱਜ ਸਾਡੇ ਸਾਹਮਣੇ ਨਸ਼ਿਆਂ ਦਾ ਰੂਪ ਵਿੱਚ ਇੱਕ ਨਵਾਂ ਦੈਂਤ ਖੜ੍ਹਾ ਹੈ ਜਿਸਨੇ ਸਾਡੀ ਜਵਾਨੀ ਨੂੰ ਘੇਰਿਆ ਹੋਇਆ ਹੈ। ਸਾਨੂੰ ਆਪਣੇ ਉਸੇ ਪੁਰਾਣੇ ਇਤਿਹਾਸਿਕ ਵਿਰਸੇ ਅਤੇ ਮਰਦ ਅਗ਼ਵਾਈ ਵਾਲੀ ਸੋਚ ਤੋਂ ਪ੍ਰੇਰਣਾ ਲੈਂਦਿਆਂ ਇਸ ਮਾੜੇ ਦੌਰ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਆਪਣੇ ਸੂਬੇ ਦੀ ਤਾਕਤ ਨੂੰ ਪਛਾਣਨਾ ਹੋਵੇਗਾ।

‌​ਅੰਤ ਵਿੱਚ ਸਮਾਗਮ ਦੇ ਮੰਚ ਤੋਂ ਸਮੁੱਚੇ ਪੰਜਾਬੀਆਂ ਨੂੰ ਪਾਰਟੀਬਾਜ਼ੀ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਰਲ ਕੇ ਆਪਣੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾਉਣ ਦੀ ਪੁਰਜ਼ੋਰ ਅਪੀਲ ਕੀਤੀ ਗਈ।

Posted By: GURBHEJ SINGH ANANDPURI

Latest News