Nazrana Times

ਪੰਜਾਬੀ

ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਧਾਰਮਿਕ ਸਮਾਗਮ

25 Dec, 2025 07:49 PM
ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ   ਸ਼ਹੀਦੀ ਹਫ਼ਤੇ ਨੂੰ ਸਮਰਪਿਤ ਧਾਰਮਿਕ ਸਮਾਗਮ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,25 ਦਸੰਬਰ 
 

ਇਲਾਕੇ ਦੀ ਪੁਰਾਣੀ ਅਤੇ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਅਰਜੁਨ ਦੇਵ ਜੀ ਪਬਲਿਕ ਸਕੂਲ ਖਾਰਾ ਰੋਡ,ਚੋਹਲਾ ਸਾਹਿਬ ਦੇ ਵਿਹੜੇ ਵਿੱਚ ਸ਼ਹੀਦੀ ਹਫਤੇ 'ਤੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਧਾਰਮਿਕ ਸਮਾਗਮ ਕਰਾਇਆ ਗਿਆ।ਜਿਸ ਵਿੱਚ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ,ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਬੜ੍ਹੀ ਸ਼ਰਧਾ ਅਤੇ ਉਤਸ਼ਾਹ ਨਾਲ ਹਾਜਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਵੀਇੰਦਰ ਸਿੰਘ ਗਿੱਲ ਸਭਰਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ,ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕੀਤਾ ਗਿਆ।ਉਪਰੰਤ ਸਿੱਖ ਜਗਤ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਹਰਪ੍ਰੀਤ ਸਿੰਘ ਨੇ ਪਰਿਵਾਰ ਵਿਛੋੜੇ ਤੋਂ ਲੈਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਮੰਜਰ ਨੂੰ ਸੰਗਤ ਅੱਗੇ ਬਹੁਤ ਹੀ ਵੈਰਾਗਮਈ ਲਹਿਜੇ ਵਿਖੇ ਪੇਸ਼ ਕੀਤਾ ਗਿਆ।ਸਕੂਲ ਦੇ ਮੁੱਖ ਸੰਚਾਲਕ ਅਤੇ ਪ੍ਰਿੰਸੀਪਲ ਡਾਕਟਰ ਪ੍ਰਮਿੰਦਰ ਕੌਰ ਖਹਿਰਾ ਨੇ ਇਸ ਹਫਤੇ ਦੌਰਾਨ ਹੋਈਆਂ ਸ਼ਹਾਦਤਾਂ ਦੀ ਲਹੂ ਭਿੱਜੀ ਦਾਸਤਾਨ ਨੂੰ ਸੰਗਤਾਂ ਨਾਲ ਸਾਂਝਾ ਕਰਦਿਆਂ ਮੌਜੂਦਾ ਸਮੇਂ ਵਿੱਚ ਇਨ੍ਹਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਅਜੌਕੇ ਸਮਾਜ ਨੂੰ ਦਰਪੇਸ਼ ਸਮੱਸਿਆਂ ਨੂੰ ਹੱਲ ਕਰਨ ਲਈ ਅੱਗੇ ਆਉਣ ਦੀ ਬਹੁਤ ਭਾਵੁਕ ਅਪੀਲ ਕੀਤੀ ਤਾਂ ਜ਼ੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਗੁਰੂ ਆਸੇ ਨਾਲ ਜ਼ੋੜ ਕੇ ਕਿਸੇ ਨਾ ਬਰਾਬਰੀ ਵਾਲੇ ਸਮਾਜ ਨੂੰ ਬਦਲਣ ਵਿੱਚ ਆਪਣਾ ਯੋਗਦਾਨ ਪਾ ਸਕੀਏ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।ਇਸ ਸਮੇਂ ਸਾਬਕਾ ਡੀਆਰ ਤਰਲੋਚਨ ਸਿੰਘ ਨੇ ਕਿਹਾ ਕਿ ਸਾਰੇ ਵਿੱਦਿਅਕ ਅਦਾਰਿਆਂ ਨੂੰ ਇਹ ਪ੍ਰੋਗਰਾਮ ਕਰਵਾਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਤਰਨ ਤਾਰਨ,ਬਲਬੀਰ ਸਿੰਘ,ਪ੍ਰਭਜੀਤ ਸਿੰਘ ਚੰਬਾ,ਆਲਮਜੀਤ ਸਿੰਘ ਗੰਡੀਵੰਡ,ਸਰਦਾਰਨੀ ਹਰਜੀਤ ਕੌਰ,ਬਲਜੀਤ ਸਿੰਘ ਅਤੇ ਸਟਾਫ ਹਾਜਰ ਸੀ।

Posted By: GURBHEJ SINGH ANANDPURI