Nazrana Times

ਪੰਜਾਬੀ

ਦੁਬਈ ਤੋਂ ਨਿਤੇਸ਼ ਚੋਪੜਾ ਦਾ ਮ੍ਰਿਤਕ ਸਰੀਰ ਭਾਰਤ ਪੁੱਜਾ

12 Nov, 2025 01:01 AM
ਦੁਬਈ ਤੋਂ ਨਿਤੇਸ਼ ਚੋਪੜਾ ਦਾ ਮ੍ਰਿਤਕ ਸਰੀਰ ਭਾਰਤ ਪੁੱਜਾ

ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ 425 ਦੇ ਕਰੀਬ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ


ਰਾਕੇਸ਼ ਨਈਅਰ ਚੋਹਲਾ 
ਅੰਮ੍ਰਿਤਸਰ,11 ਨਵੰਬਰ
 

ਮੋਹਾਲੀ ਨਾਲ ਸਬੰਧਿਤ 32 ਸਾਲਾ ਨਿਤੇਸ਼ ਚੋਪੜਾ ਪੁੱਤਰ ਸੁਰੇਸ਼ ਕੁਮਾਰ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਿਆ,ਜਿਸ ਉਪਰੰਤ ਸਰਬੱਤ ਦਾ ਭਲਾ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਭੇਜਿਆ ਗਿਆ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਨਿਤੇਸ਼ ਚੋਪੜਾ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੀ ਗੁਰਬਤ ਨੂੰ ਦੂਰ ਕਰਨ ਲਈ ਕਰੀਬ ਪਿਛਲੇ 7 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ।ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਬੀਤੀ 27 ਅਕਤੂਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਸਹਾਇਕ ਬਲਦੀਪ ਸਿੰਘ ਚਾਹਲ ਵੱਲੋਂ ਮ੍ਰਿਤਕ ਦੀ ਕੰਪਨੀ ਦੇ ਮੈਨੇਜਰ ਸਿਮਰਜੀਤ ਸਿੰਘ ਨੂੰ ਨਾਲ ਲੈ ਕੇ ਦੁਬਈ ਅੰਦਰਲੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਈ ਸੀ ਅਤੇ ਜਦ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜ੍ਹਤ ਪਰਿਵਾਰ ਦੀ ਹਾਜ਼ਰੀ 'ਚ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਵੱਲੋਂ ਪ੍ਰਾਪਤ ਕਰਕੇ ਟਰੱਸਟ ਦੀ 'ਮੁਫ਼ਤ ਐਂਬੂਲੈਂਸ ਸੇਵਾ' ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ ਹੈ। ਡਾ.ਉਬਰਾਏ ਨੇ ਇਹ ਵੀ ਦੱਸਿਆ ਕਿ ਨਿਤੇਸ਼ ਚੋਪੜਾ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਤੇ ਆਇਆ ਸਾਰਾ ਖਰਚ ਉਸਦੀ ਕੰਮ ਵਾਲੀ ਕੰਪਨੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੀ ਮੋਹਾਲੀ ਜਿਲ੍ਹੇ ਦੀ ਟੀਮ ਵੱਲੋਂ ਜਲਦ ਹੀ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਕਰਵਾਉਣ ਉਪਰੰਤ ਨਿਤੇਸ਼ ਚੋਪੜਾ ਦੇ ਪਰਿਵਾਰ ਨੂੰ ਲੋੜ ਅਨੁਸਾਰ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਡਾ.ਉਬਰਾਏ ਦੀ ਸਰਪ੍ਰਸਤੀ ਹੇਠ ਹੁਣ ਤੱਕ 425 ਦੇ ਕਰੀਬ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਅਤੇ ਪਿਛਲੇ ਕੁਝ ਅਰਸੇ ਤੋਂ ਹਵਾਈ ਅੱਡਾ ਅੰਮ੍ਰਿਤਸਰ ਤੋਂ ਮਿਤ੍ਰਕ ਸਰੀਰ ਘਰਾਂ ਤੱਕ ਪਹੁੰਚਣ ਲਈ ਮੁਫ਼ਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ।ਇਸ ਦੌਰਾਨ ਹਵਾਈ ਅੱਡੇ 'ਤੇ ਮੌਜ਼ੂਦ ਮ੍ਰਿਤਕ ਦੇ ਤਾਇਆ ਅਨਿਲ ਕੁਮਾਰ,ਭਰਾ ਨਿਮੰਤ ਚੋਪੜਾ ਤੇ ਵਿਜੇ ਕੁਮਾਰ ਆਦਿ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਔਖੀ ਘੜੀ ਵੇਲੇ ਵੱਡੀ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

Posted By: GURBHEJ SINGH ANANDPURI